ਚੰਡੀਗੜ੍ਹ: ਲੈਂਡ ਪੂਲਿੰਗ ਪਾਲਿਸੀ ਭਗਵੰਤ ਮਾਨ ਸਰਕਾਰ ਲਈ ਵੱਡੀ ਚੁਣੌਤੀ ਬਣ ਗਈ ਹੈ। ਕਿਸਾਨਾਂ ਅੰਦਰ ਸਰਕਾਰ ਵੱਲੋਂ ਜ਼ਮੀਨਾਂ ਲੈਣ ਖਿਲਾਫ ਰੋਸ ਹੈ। ਜਗਰਾਓਂ ਦੇ ਪਿੰਡਾਂ ਵਿਚ ਲੈਂਡ ਪੁਲਿੰਗ ਦੇ ਵਿਰੋਧ ਵਿਚ ਲੋਕਾਂ ਨੇ ਪਿੰਡਾਂ ਦੀਆਂ ਹੱਦਾਂ ਉਤੇ ਕਿਸੇ ਵੀ ਆਮ ਆਦਮੀ ਪਾਰਟੀ ਦੇ ਲੀਡਰ ਦੇ ਪਿੰਡ ਵਿੱਚ ਵੜਨ ਉਤੇ ਮਨਾਹੀ ਦੇ ਬੋਰਡ ਲਗਾ ਦਿੱਤੇ ਹਨ। ਉਨ੍ਹਾਂ ਦਾ ਕਹਿਣਾ ਹੈ ਕਿ ਉਹ ਖ਼ੂਨ ਵਹਾ ਦੇਣਗੇ ਪਰ ਜ਼ਮੀਨ ਦਾ ਇਕ ਮਰਲਾ ਵੀ ਐਕਵਾਇਰ ਨਹੀਂ ਹੋਣ ਦੇਣਗੇ। ਕਈ ਪਿੰਡਾਂ ਵਿੱਚ ਬੋਰਡ ਲਾ ਕੇ ਆਮ ਆਦਮੀ ਪਾਰਟੀ ਦੇ ਲੀਡਰਾਂ ਦੀ ਐਂਟਰੀ ਬੈਨ ਕਰ ਦਿੱਤੀ ਗਈ ਹੈ ਤੇ ਕਈ ਪਿੰਡਾਂ ਵਿੱਚ ਗ੍ਰਾਮ ਸਭਾ ਵੱਲੋਂ ਸਰਕਾਰ ਨੂੰ ਜ਼ਮੀਨਾਂ ਨਾ ਦੇਣ ਦੇ ਮਤੇ ਪਾਏ ਗਏ ਹਨ। ਇਸ ਦੇ ਨਾਲ ਕਿਸਾਨ ਜਥੇਬੰਦੀਆਂ ਤੇ ਵਿਰੋਧੀ ਧਿਰਾਂ ਇਸ ਮੁੱਦੇ ਨੂੰ ਲੈ ਕੇ ਵੱਡੇ ਸੰਘਰਸ਼ ਦੀ ਤਿਆਰੀ ਕਰ ਰਹੀਆਂ ਹਨ।
ਜਗਰਾਓਂ ਦੇ ਪਿੰਡ ਅਲੀਗੜ੍ਹ, ਮਾਲਕੀ,ਪੋਨਾ ਤੇ ਅਗਵਾੜ ਗੁੱਜਰਾਂ ਦੇ ਲੋਕਾਂ ਨੇ ਪਿੰਡਾਂ ਦੀਆਂ ਹੱਦਾਂ ਉਤੇ ਬੀਤੀ ਸ਼ਾਮ ਲੈਂਡ ਪੁਲਿੰਗ ਦੇ ਵਿਰੋਧ ਵਿਚ ਆਮ ਆਦਮੀ ਪਾਰਟੀ ਦੇ ਕਿਸੇ ਵੀ ਲੀਡਰ ਦਾ ਪਿੰਡ ਵਿੱਚ ਨਾ ਵੜਨ ਦੇ ਬੋਰਡ ਲਗਾ ਦਿੱਤੇ ਗਏ ਸਨ, ਜਿਨ੍ਹਾਂ ਨੂੰ ਬੀਤੀ ਰਾਤ ਅਣਪਛਾਤੇ ਲੋਕਾਂ ਨੇ ਪਾੜ ਵੀ ਦਿੱਤਾ। ਇਸ ਮੌਕੇ ਇਕੱਠੇ ਹੋਏ ਲੋਕਾਂ ਨੇ ਜਿਥੇ ਸਰਕਾਰ ਖ਼ਿਲਾਫ਼ ਨਾਅਰੇਬਾਜ਼ੀ ਕੀਤੀ ਉਥੇ ਹੀ ਕਿਹਾ ਕਿ ਉਹ ਆਪਣੇ ਖੂਨ ਦਾ ਕਤਰਾ-ਕਤਰਾ ਵਹਾ ਦੇਣਗੇ ਪਰ ਆਪਣੀ ਜ਼ਮੀਨ ਦਾ ਇਕ ਮਰਲਾ ਵੀ ਐਕਵਾਇਰ ਨਹੀਂ ਹੋਣ ਦੇਣਗੇ।