ਲੁਧਿਆਣਾ: ਲੁਧਿਆਣਾ ਸਾਊਥ ਵਿਧਾਨ ਸਭਾ ਸੀਟ ਤੋਂ ਆਮ ਆਦਮੀ ਪਾਰਟੀ (ਆਪ) ਦੀ ਵਿਧਾਇਕ ਰਾਜਿੰਦਰਪਾਲ ਕੌਰ ਛੀਨਾ ਦਾ ਐਕਸੀਡੈਂਟ ਹੋ ਗਿਆ। ਦਿੱਲੀ ਤੋਂ ਵਾਪਸ ਆਉਂਦੇ ਸਮੇਂ ਖਨੌਰੀ ਬਾਰਡਰ ਨੇੜੇ ਉਨ੍ਹਾਂ ਦੀ ਇਨੋਵਾ ਗੱਡੀ ਡਿਵਾਈਡਰ ਨਾਲ ਟਕਰਾ ਗਈ। ਹਾਦਸੇ ਵਿੱਚ ਵਿਧਾਇਕ ਅਤੇ ਉਨ੍ਹਾਂ ਦਾ ਗਨਮੈਨ ਜ਼ਖਮੀ ਹੋ ਗਏ।
ਵਿਧਾਇਕ ਛੀਨਾ ਦੇ ਚਿਹਰੇ ‘ਤੇ ਕਾਫੀ ਸੱਟਾਂ ਲੱਗੀਆਂ ਹਨ। ਉਨ੍ਹਾਂ ਨੂੰ ਪਹਿਲਾਂ ਕੈਥਲ ਦੇ ਹਸਪਤਾਲ ਲਿਜਾਇਆ ਗਿਆ, ਜਿੱਥੋਂ ਬਾਅਦ ਵਿੱਚ ਲੁਧਿਆਣਾ ਦੇ ਹਸਪਤਾਲ ਵਿੱਚ ਰੈਫਰ ਕੀਤਾ ਗਿਆ। ਉਨ੍ਹਾਂ ਦੀ ਹਾਲਤ ਗੰਭੀਰ ਦੱਸੀ ਜਾ ਰਹੀ ਹੈ। ਰਾਜਿੰਦਰਪਾਲ ਕੌਰ ਛੀਨਾ 2022 ਦੀਆਂ ਪੰਜਾਬ ਵਿਧਾਨ ਸਭਾ ਚੋਣਾਂ ਵਿੱਚ ਪਹਿਲੀ ਵਾਰ ਵਿਧਾਇਕ ਬਣੀਆਂ ਸਨ।
ਵਿਧਾਇਕ ਰਾਜਿੰਦਰਪਾਲ ਕੌਰ ਛੀਨਾ ਪਿਛਲੇ ਦਿਨੀਂ ਕਿਸੇ ਕਾਨਫਰੰਸ ਵਿੱਚ ਸ਼ਾਮਲ ਹੋਣ ਲਈ ਅਮਰੀਕਾ ਗਈ ਸਨ। ਮੰਗਲਵਾਰ ਦੇਰ ਰਾਤ ਉਹ ਦਿੱਲੀ ਹਵਾਈ ਅੱਡੇ ‘ਤੇ ਉਤਰੀ। ਉਨ੍ਹਾਂ ਨੂੰ ਲੈਣ ਲਈ ਉਨ੍ਹਾਂ ਦੇ ਪਤੀ, ਪੁੱਤਰ, ਗਨਮੈਨ ਅਤੇ ਡਰਾਈਵਰ ਗਏ ਸਨ। ਵਿਧਾਇਕ ਛੀਨਾ ਨੂੰ ਲੈਣ ਤੋਂ ਬਾਅਦ ਸਾਰੇ ਇਕੱਠੇ ਇਨੋਵਾ ਗੱਡੀ ਰਾਹੀਂ ਪੰਜਾਬ ਵਾਪਸ ਆ ਰਹੇ ਸਨ।
ਜਦੋਂ ਉਨ੍ਹਾਂ ਦੀ ਗੱਡੀ ਖਨੌਰੀ ਬਾਰਡਰ ‘ਤੇ ਪਹੁੰਚੀ, ਤਾਂ ਅਚਾਨਕ ਸਾਹਮਣੇ ਕੁਝ ਆ ਗਿਆ। ਡਰਾਈਵਰ ਨੇ ਗੱਡੀ ਨੂੰ ਸੰਭਾਲਣ ਦੀ ਕੋਸ਼ਿਸ਼ ਕੀਤੀ, ਪਰ ਗੱਡੀ ਬੇਕਾਬੂ ਹੋ ਕੇ ਡਿਵਾਈਡਰ ਨਾਲ ਟਕਰਾ ਗਈ। ਇਸ ਹਾਦਸੇ ਵਿੱਚ ਵਿਧਾਇਕ ਦਾ ਚਿਹਰਾ ਡਿਵਾਈਡਰ ਨਾਲ ਜਾ ਲੱਗਾ, ਜਿਸ ਨਾਲ ਉਹ ਗੰਭੀਰ ਰੂਪ ਵਿੱਚ ਜ਼ਖਮੀ ਹੋ ਗਈਆਂ। ਨਾਲ ਹੀ, ਗੱਡੀ ਦੀ ਅਗਲੀ ਸੀਟ ‘ਤੇ ਬੈਠਾ ਗਨਮੈਨ ਵੀ ਜ਼ਖਮੀ ਹੋ ਗਿਆ।