ਗੁਰਦਾਸਪੁਰ (ਗੁਰਪ੍ਰੀਤ ਸਿੰਘ) : ਬੀਤੇ ਦਿਨੀਂ ਪੰਜਾਬ ਸਰਕਾਰ ਵੱਲੋਂ ਕੈਬਨਿਟ ਮੀਟਿੰਗ ਵਿੱਚ ਐਸ.ਸੀ. ਵਿਦਿਆਰਥੀਆਂ ਦੀ 40 ਫੀਸਦੀ ਸਕਾਲਰਸ਼ਿਪ ਜਾਰੀ ਕਰਨ ‘ਤੇ ਅੱਜ ਆਮ ਆਦਮੀ ਪਾਰਟੀ ਦੇ ਅਹੁੱਦੇਦਾਰਾਂ ਨੇ ਡਿਪਟੀ ਕਮਿਸ਼ਨਰ ਗੁਰਦਾਸਪੁਰ ਦੇ ਦਫਤਰ ਵਿਖੇ ਜਸ਼ਨ ਮਨਾਏ।
ਆਪ ਆਗੂਆਂ ਨੇ ਕਿਹਾ ਕਿ ਆਮ ਆਦਮੀ ਪਾਰਟੀ ਵਲੋਂ ਕੀਤੇ ਜਾ ਰਹੇ ਸੰਘਰਸ਼ ਦੇ ਦਬਾਅ ਹੇਠ ਪੰਜਾਬ ਸਰਕਾਰ ਵਲੋਂ ਐਸ.ਸੀ. ਵਿਦਿਆਰਥੀਆਂ ਦੀ 40 ਫੀਸਦੀ ਸਕਾਲਰਸ਼ਿਪ ਦੀ ਰਾਸ਼ੀ ਜਾਰੀ ਕੀਤੀ ਗਈ ਹੈ । ਨਾਲ ਹੀ ਉਹਨਾਂ ਇਹ ਵੀ ਕਿਹਾ ਕਿ ਜੇਕਰ ਇਹ ਰਾਸ਼ੀ ਜਲਦ ਬੱਚਿਆਂ ਤਕ ਨਾਂ ਪਹੁੰਚੀ ਤਾਂ ਉਹ ਫਿਰ ਤੋਂ ਸੰਘਰਸ਼ ਕਰਨ ਲਈ ਮਜਬੂਰ ਹੋਣਗੇ
ਇਸ ਬਾਰੇ ਜਾਣਕਾਰੀ ਦਿੰਦਿਆਂ ਗੁਰਦਾਸਪੁਰ ਤੋਂ ‘ਆਪ’ ਦੇ ਜ਼ਿਲਾ ਪ੍ਰਧਾਨ ਕਸ਼ਮੀਰ ਸਿੰਘ ਵਾਹਲਾ ਅਤੇ ‘ਆਪ’ ਆਗੂ ਕੰਵਲਜੀਤ ਸਿੰਘ ਨੇ ਕਿਹਾ ਕਿ ਪਾਰਟੀ ਵੱਲੋਂ ਪਿਛਲੇ ਚਾਰ ਦਿਨਾਂ ਤੋਂ ਡਿਪਟੀ ਕਮਿਸ਼ਨਰ ਗੁਰਦਾਸਪੁਰ ਦੇ ਦਫਤਰ ਵਿਖੇ ਵਿਦਿਆਰਥੀਆਂ ਦੇ ਵਜੀਫੇ ਦੀ ਰਾਸ਼ੀ ਜਾਰੀ ਕਰਨ ਨੂੰ ਲੈ ਕੇ ਧਰਨਾ ਦਿੱਤਾ ਜਾ ਰਿਹਾ ਸੀ ਅਤੇ ਮੰਗ ਕੀਤੀ ਜਾ ਰਹੀ ਸੀ ਕਿ ਅਨੁਸੂਚਿਤ ਜਾਤੀ ਦੇ ਵਿਦਿਆਰਥੀਆਂ ਨੂੰ ਵਜੀਫੇ ਜਾਰੀ ਕੀਤੇ ਜਾਣ। ਉਨ੍ਹਾਂ ਕਿਹਾ ਕਿ ਪਾਰਟੀ ਵੱਲੋਂ ਦਿੱਤੇ ਜਾ ਰਹੇ ਧਰਨੇ ਦੇ ਦਬਾਅ ਹੇਠ ਬੀਤੇ ਦਿਨ ਪੰਜਾਬ ਸਰਕਾਰ ਨੇ ਗੋਡੇ ਟੇਕ ਵਿਦਿਆਰਥੀਆਂ ਦਾ ਵਜੀਫੇ ਜਾਰੀ ਕਰ ਦਿੱਤੇ ਹਨ, ਜਿਸ ਕਾਰਨ ਪਾਰਟੀ ਅਤੇ ਵਿਦਿਆਰਥੀਆਂ ਵਿੱਚ ਖੁਸ਼ੀ ਦੀ ਲਹਿਰ ਪਾਈ ਜਾ ਰਹੀ ਹੈ।
ਅੱਜ ਉਹਨਾਂ ਨੇ ਗੁਰਦਾਸਪੁਰ ਵਿੱਚ ਭੁੱਖ ਹੜਤਾਲ ਤੇ ਬੈਠੇ ਸਾਥੀਆਂ ਨੂੰ ਜੂਸ ਪਿਆ ਕੇ ਭੁੱਖ ਹੜਤਾਲ ਤੋਂ ਉਠਾਇਆ ਅਤੇ ਲੱਡੂ ਵੰਡ ਕੇ ਖੁਸ਼ੀ ਮਨਾਈ