ਓਟਾਵਾ: ਕੈਨੇਡਾ ਦੇ ਓਟਾਵਾ ਵਿੱਚ 21 ਸਾਲਾ ਵੰਸ਼ਿਕਾ ਦੀ ਸ਼ੱਕੀ ਹਾਲਾਤਾਂ ਵਿੱਚ ਮੌਤ ਹੋ ਗਈ ਹੈ। ਉਸਦੀ ਲਾਸ਼ ਸਮੁੰਦਰ ਕੰਢੇ ਪਈ ਮਿਲੀ ਹੈ। ਪਰਿਵਾਰ ਨੇ ਕਤਲ ਦਾ ਸ਼ੱਕ ਪ੍ਰਗਟ ਕੀਤਾ ਹੈ ਅਤੇ ਮਾਮਲੇ ਦੀ ਜਾਂਚ ਦੀ ਅਪੀਲ ਕੀਤੀ ਹੈ। ਵੰਸ਼ਿਕਾ ਦੇ ਪਿਤਾ ਦਵਿੰਦਰ ਸਿੰਘ ਸੈਣੀ ਮੁਹਾਲੀ ਵਿੱਚ ਆਮ ਆਦਮੀ ਪਾਰਟੀ ਦੇ ਬਲਾਕ ਪ੍ਰਧਾਨ ਹਨ।
ਪ੍ਰਾਪਤ ਜਾਣਕਾਰੀ ਅਨੁਸਾਰ ਮ੍ਰਿਤਕਾ ਢਾਈ ਸਾਲ ਪਹਿਲਾਂ ਬਾਰ੍ਹਵੀਂ ਪਾਸ ਕਰਨ ਮਗਰੋਂ ਡੇਰਾਬੱਸੀ ਤੋਂ ਪੜ੍ਹਾਈ ਕਰਨ ਲਈ ਕੈਨੇਡਾ ਦੇ ਓਟਾਵਾ ਖੇਤਰ ਗਈ ਸੀ। ਉਸ ਵੱਲੋਂ ਦੋ ਸਾਲ ਦੇ ਕੋਰਸ ਵਿੱਚ ਦਾਖ਼ਲਾ ਲਿਆ ਗਿਆ ਸੀ, ਆਖ਼ਰੀ ਪ੍ਰੀਖਿਆ ਉਸ ਨੇ 18 ਅਪ੍ਰੈਲ ਨੂੰ ਦਿੱਤੀ ਸੀ। ਹੁਣ ਕੁੱਝ ਦਿਨ ਤੋਂ ਉਹ ਨੌਕਰੀ ’ਤੇ ਜਾਣ ਲੱਗੀ ਸੀ।
22 ਤਰੀਕ ਨੂੰ ਉਹ ਘਰ ਤੋਂ ਆਪਣੀ ਨੌਕਰੀ ’ਤੇ ਗਈ ਸੀ ਪਰ ਵਾਪਿਸ ਨਹੀਂ ਆਈ। ਉਸ ਦੀ 25 ਤਰੀਕ ਨੂੰ ਆਈਲੈਟਸ ਦੀ ਪ੍ਰੀਖਿਆ ਸੀ, ਜਿਸ ਲਈ ਉਸ ਦੇ ਨਾਲ ਪੇਪਰ ਦੇਣ ਜਾਣ ਵਾਲੀ ਸਹੇਲੀ ਵੱਲੋਂ ਵਾਰ-ਵਾਰ ਫੋਨ ਕੀਤੇ ਗਏ ਪਰ ਫੋਨ ਬੰਦ ਆ ਰਿਹਾ ਸੀ। ਉਹ ਪ੍ਰੀਖਿਆ ਦੇਣ ਮਗਰੋਂ ਜਦ ਵੰਸ਼ਿਕਾ ਦੇ ਘਰ ਆ ਕੇ ਦੇਖਿਆ ਤਾਂ ਪਤਾ ਲੱਗਿਆ ਕਿ ਉਹ 22 ਤਰੀਕ ਨੂੰ ਨੌਕਰੀ ਗਈ ਸੀ ਪਰ ਵਾਪਿਸ ਨਹੀਂ ਆਈ।ਇਸ ਤੋਂ ਬਾਅਦ ਉਸਨੇ ਭਾਰਤ ਵਿੱਚ ਪਰਿਵਾਰ ਨੂੰ ਸੂਚਿਤ ਕੀਤਾ ਅਤੇ ਆਪਣੇ ਸਤਰ ‘ਤੇ ਮਾਮਲੇ ਦੀ ਜਾਂਚ ਸ਼ੁਰੂ ਕੀਤੀ। ਫਿਰ ਉਸਨੇ ਉਥੇ ਦੇ ਸੰਸਦ ਮੈਂਬਰ ਅਤੇ ਭਾਰਤੀ ਮੂਲ ਦੇ ਲੋਕਾਂ ਨਾਲ ਸੰਪਰਕ ਕੀਤਾ। ਪਤਾ ਲੱਗਾ ਕਿ ਉਸਦੀ ਲਾਸ਼ ਸਮੁੰਦਰ ਕੰਢੇ ਤੋਂ ਮਿਲੀ ਹੈ।
ਮ੍ਰਿਤਕਾ ਦੇ ਪਿਤਾ ਨੇ ਦੱਸਿਆ ਕਿ 22 ਤਰੀਕ ਨੂੰ ਉਨ੍ਹਾਂ ਦੀ ਫੋਨ ’ਤੇ ਗੱਲ ਹੋਈ ਸੀ। ਪਰਿਵਾਰ ਨੇ ਸ਼ੱਕ ਪ੍ਰਗਟਾਇਆ ਕਿ ਉਨ੍ਹਾਂ ਦੀ ਧੀ ਦਾ ਕਤਲ ਕਤਲ ਕਰ ਕੇ ਉਸ ਦੀ ਲਾਸ਼ ਸਮੁੰਦਰ ਕਿਨਾਰੇ ਸੁੱਟੀ ਗਈ ਹੈ ਤੇ ਇਸ ਮਾਮਲੇ ਦੀ ਗੰਭੀਰਤ ਨਾਲ ਜਾਂਚ ਹੋਣੀ ਚਾਹੀਦੀ ਹੈ।
ਨੋਟ: ਪੰਜਾਬੀ ਦੀਆਂ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੀ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ Global Punjab TV ਦੇ YouTube ਚੈਨਲ ਨੂੰ Subscribe ਕਰੋ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ ‘ਤੇ ਵੀ Follow ਕਰ ਸਕਦੇ ਹੋ। ਸਾਡੀ ਵੈੱਬਸਾਈਟ https://globalpunjabtv.com/ ‘ਤੇ ਜਾ ਕੇ ਵੀ ਹੋਰ ਖ਼ਬਰਾਂ ਨੂੰ ਪੜ੍ਹ ਸਕਦੇ ਹੋ।