ਨਵੀਂ ਦਿੱਲੀ: ਦਿੱਲੀ ਵਿਚ ਕੇਂਦਰ ਸਰਕਾਰ ਖ਼ਿਲਾਫ਼ ਕਿਸਾਨ ਜਥੇਬੰਦੀਆਂ ਲਗਾਤਾਰ ਡਟੀਆਂ ਹੋਈਆਂ ਹਨ। ਸਰਹੱਦਾਂ ਉੱਪਰ ਵੱਡੀ ਗਿਣਤੀ ਵਿੱਚ ਕਿਸਾਨ ਮੌਜੂਦ ਹਨ। ਜਿਸ ਨੂੰ ਦੇਖਦੇ ਹੋਏ ਦਿੱਲੀ ਦੀ ਅਰਵਿੰਦ ਕੇਜਰੀਵਾਲ ਸਰਕਾਰ ਨੇ ਵੱਡਾ ਫੈਸਲਾ ਲਿਆ ਹੈ। ਦਿੱਲੀ ਦੀ ਆਮ ਆਦਮੀ ਪਾਰਟੀ ਨੇ ਕਿਸਾਨਾਂ ਦੀ ਸੇਵਾ ਦੇ ਲਈ ਸੇਵਾਦਾਰ ਤਾਇਨਾਤ ਕਰ ਦਿੱਤੇ ਹਨ। ਜੋ 24 ਘੰਟੇ ਕਿਸਾਨਾਂ ਦੀ ਸੇਵਾ ਵਿਚ ਲੱਗੇ ਰਹਿਣਗੇ। ਕਿਸਾਨਾਂ ਨੂੰ ਰਹਿਣ ਤੋਂ ਇਲਾਵਾ ਖਾਣਾ ਸਿਹਤ ਅਤੇ ਬਾਕੀ ਸੇਵਾਵਾਂ ਦਾ ਧਿਆਨ ਰੱਖਣ ਦੇ ਲਈ ਆਮ ਆਦਮੀ ਪਾਰਟੀ ਦੇ ਵਰਕਰ ਸਰਹੱਦਾਂ ਤੇ ਪਹੁੰਚ ਗਏ ਹਨ।
ਕੇਂਦਰ ਸਰਕਾਰ ਦੇ ਤਿੰਨ ਖੇਤੀ ਕਾਨੂੰਨ ਖ਼ਿਲਾਫ਼ ਕਿਸਾਨ ਜਥੇਬੰਦੀਆਂ ਵੱਲੋਂ ਦਿੱਲੀ ਵਿੱਚ ਧਰਨਾ ਦਿੱਤਾ ਜਾ ਰਿਹਾ ਹੈ। ਦਿੱਲੀ ਨੂੰ ਜਾਂਦੇ ਸਾਰੇ ਰਸਤੇ ਕਿਸਾਨ ਜਥੇਬੰਦੀਆਂ ਵੱਲੋਂ ਡੱਕ ਲਏ ਗਏ ਹਨ। ਕਿਸਾਨ ਮੰਗ ਕਰ ਰਹੇ ਹਨ ਕਿ ਜੰਤਰ ਮੰਤਰ ਤੇ ਉਨ੍ਹਾਂ ਨੂੰ ਧਰਨੇ ਦੀ ਪਰਮੀਸ਼ਨ ਦਿੱਤੀ ਜਾਵੇ ਪਰ ਦਿੱਲੀ ਪੁਲੀਸ ਵੱਲੋਂ ਉਨ੍ਹਾਂ ਨੂੰ ਬੁਰਾੜੀ ਮੈਦਾਨ ਵਿੱਚ ਹੀ ਧਰਨਾ ਲਗਾਉਣ ਦੀ ਇਜਾਜ਼ਤ ਦਿੱਤੀ ਗਈ ਹੈ। ਜਿਸ ਦੇ ਰੋਸ ਵਜੋਂ ਕਿਸਾਨਾਂ ਨੇ ਦਿੱਲੀ ਨੂੰ ਜਾਂਦੇ ਪੰਜ ਰਸਤਿਆਂ ਨੂੰ ਹੀ ਧਰਨੇ ਵਾਲੀ ਥਾਂ ਐਲਾਨ ਦਿੱਤਾ ਹੈ।
ਇਸ ਤੋਂ ਪਹਿਲਾਂ ਜਦੋਂ ਕਿਸਾਨ ਦਿੱਲੀ ਨੂੰ ਕੂਚ ਕਰ ਰਹੇ ਸਨ ਤਾਂ ਦਿੱਲੀ ਪੁਲੀਸ ਨੇ ਕੇਜਰੀਵਾਲ ਸਰਕਾਰ ਨੂੰ ਅਸਥਾਈ ਜ਼ਿਲ੍ਹਾ ਬਣਾਉਣ ਦੇ ਲਈ ਗਰਾਊਂਡਾਂ ਦਾ ਇਸਤੇਮਾਲ ਕਰਨ ਲਈ ਪਰਮੀਸ਼ਨ ਮੰਗੀ ਸੀ ਪਰ ਕੇਜਰੀਵਾਲ ਸਰਕਾਰ ਨੇ ਦਿੱਲੀ ਪੁਲੀਸ ਦੀ ਉਸ ਮੰਗ ਨੂੰ ਠੁਕਰਾ ਦਿੱਤਾ ਸੀ। ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਕਿਹਾ ਸੀ ਕਿ ਕਿਸਾਨਾਂ ਨੂੰ ਜੇਲ੍ਹਾਂ ਵਿੱਚ ਡੱਕਣਾ ਗੈਰਕਾਨੂੰਨੀ ਹੈ ਉਹ ਆਪਣਾ ਰੋਸ ਪ੍ਰਦਰਸ਼ਨ ਸ਼ਾਂਤਮਈ ਤਰੀਕੇ ਨਾਲ ਕਰ ਰਹੇ ਹਨ ਤੇ ਦਿੱਲੀ ਸਰਕਾਰ ਗੁਣਾਂ ਦੀ ਹਮਾਇਤ ਕਰਦੀ ਹੈ। ਜਿਸ ਤਹਿਤ ਹੁਣ ਆਮ ਆਦਮੀ ਪਾਰਟੀ ਦਿੱਲੀ ਨੇ ਕਿਸਾਨਾਂ ਦੇ ਨਾਲ ਮੋਢੇ ਨਾਲ ਮੋਢਾ ਜੋੜਨ ਦਾ ਫ਼ੈਸਲਾ ਲਿਆ ਅਤੇ ਉਨ੍ਹਾਂ ਦੀ ਸੇਵਾ ਵਿਚ 24 ਘੰਟੇ ਤਾਇਨਾਤ ਰਹਿਣ ਦਾ ਐਲਾਨ ਕੀਤਾ ਹੈ।