ਮੁਕਤਸਰ (ਤਰਸੇਮ ਢੁੱਡੀ) : ਕਾਂਗਰਸ ਤੋਂ ਬਾਅਦ ਹੁਣ ‘ਆਪ’ ਵੀ ਧੜੇਬੰਦੀ ਵਿੱਚ ਉਲਝਦੀ ਨਜ਼ਰ ਆ ਰਹੀ ਹੈ । ਆਮ ਆਦਮੀ ਪਾਰਟੀ ਦੀ ਪੰਜਾਬ ਇਕਾਈ ਦੇ ਮੀਤ ਪ੍ਰਧਾਨ ਜਗਦੀਪ ਸਿੰਘ ਸੰਧੂ ਨੇ ਅੱਜ ਆਪਣੇ ਗ੍ਰਹਿ ਵਿਖੇ ਇਕ ਵੱਡਾ ਇਕੱਠ ਕਰਕੇ ਪਾਰਟੀ ਵੱਲੋਂ ਹੁਣੇ ਹੁਣੇ ਲਾਏ ਗਏ ਹਲਕਾ ਇੰਚਾਰਜ ਜਗਦੀਪ ਸਿੰਘ ਕਾਕਾ ਬਰਾੜ ਦੇ ਵਿਰੋਧ ਵਿਚ ਰੋਸ ਪ੍ਰਦਰਸ਼ਨ ਕੀਤਾ। ਇਸ ਮੌਕੇ ਉਨ੍ਹਾਂ ਜਿੱਥੇ ਇੱਕ ਤਰ੍ਹਾਂ ਆਪਣਾ ਸ਼ਕਤੀ ਪ੍ਰਦਰਸ਼ਨ ਕੀਤਾ ਉੱਥੇ ਹੀ ਪਾਰਟੀ ਹਾਈ ਕਮਾਨ ਨੂੰ ਹਲਕਾ ਇੰਚਾਰਜ ਬਦਲਣ ਦੀ ਅਪੀਲ ਵੀ ਕਰ ਦਿੱਤੀ ।
ਜ਼ਿਕਰਯੋਗ ਹੈ ਕਿ ਜਗਦੀਪ ਸਿੰਘ ਸੰਧੂ ਪਾਰਟੀ ਦੇ ਉਹ ਵਰਕਰ ਹਨ ਜਿਹੜੇ ਪਾਰਟੀ ਨਾਲ ਸ਼ੁਰੂ ਤੋਂ ਹੀ ਜੁੜੇ ਹੋਏ ਹਨ। ਜਗਦੀਪ ਸੰਧੂ ਨੇ ਆਮ ਆਦਮੀ ਪਾਰਟੀ ਦਾ ਮੁਕਤਸਰ ਵਿੱਚ ਵੱਕਾਰ ਕਾਇਮ ਕੀਤਾ ਸੀ। ਪਰ ਪਾਰਟੀ ਹਾਈ ਕਮਾਨ ਵੱਲੋਂ ਹਲਕਾ ਇੰਚਾਰਜ ਲਗਾਉਣ ਲਈ ਕਰਵਾਏ ਗਏ ਸਰਵੇ ਵਿਚ ਉਨ੍ਹਾਂ ਦਾ ਨਾਮ ਹੀ ਸ਼ਾਮਲ ਨਹੀਂ ਕੀਤਾ ਗਿਆ । ਇਸ ਨੂੰ ਲੈ ਕੇ ਅੱਜ ਸੰਧੂ ਨੇ ਪਾਰਟੀ ਹਾਈਕਮਾਨ ਪ੍ਰਤੀ ਨਿਰਾਸ਼ਾ ਜ਼ਾਹਰ ਕੀਤੀ ।
ਉਨ੍ਹਾਂ ਕਿਹਾ ਕਿ ਬੜੀ ਹੈਰਾਨੀ ਵਾਲੀ ਗੱਲ ਹੈ ਕਿ ਅਸੀਂ ਆਮ ਆਦਮੀ ਪਾਰਟੀ ਦੀਆਂ ਜੜ੍ਹਾਂ ਮੁਕਤਸਰ ਵਿੱਚ ਲਾਈਆਂ ਪਰ ਪਾਰਟੀ ਸਰਵੇ ਵਿਚ ਉਨ੍ਹਾਂ ਦਾ ਨਾਮ ਹੀ ਗਾਇਬ ਸੀ। ਉਨ੍ਹਾਂ ਕਿਹਾ ਕਿ ਮੈਂ ਆਮ ਆਦਮੀ ਪਾਰਟੀ ਹਾਈ ਕਮਾਂਡ ਅੱਗੇ ਅਪੀਲ ਕਰਦਾ ਹਾਂ ਕਿ ਪੰਦਰਾਂ ਦਿਨਾਂ ਵਿੱਚ ਓਪਨ ਸਰਵੇ ਕਰਾਵੇ ਕਿ ਲੋਕ ਕਿਸ ਨੂੰ ਚਾਹੁੰਦੇ ਹਨ ਨਹੀਂ ਤਾਂ ਅਸੀਂ ਘਰ-ਘਰ ਜਾ ਕੇ ਆਉਣ ਵਾਲੇ ਦਿਨਾਂ ਵਿੱਚ ਮੁਕਤਸਰ ਦੀ ਦਾਣਾ ਮੰਡੀ ਵਿੱਚ ਵੱਡੀ ਰੈਲੀ ਕਰਕੇ ਇਸ ਦਾ ਸਬੂਤ ਪਾਰਟੀ ਅੱਗੇ ਪੇਸ਼ ਕਰਾਂਗੇ ।
ਜਗਦੀਪ ਸੰਧੂ ਨੇ ਇੱਕ ਤਰਾਂ ਨਾਲ ਪਾਰਟੀ ਨੂੰ ਅਲਟੀਮੇਟਮ ਦੇ ਦਿੱਤਾ ਹੈ ਕਿ ਜੇਕਰ ਪਾਰਟੀ ਉਨਾਂ ਦੇ ਕੰਮਾਂ ਨੂੰ ਨਜ਼ਰਅੰਦਾਜ਼ ਕਰਦੀ ਹੈ ਤਾਂ ਭਵਿੱਖ ਵਿੱਚ ਉਸ ਕੋਈ ਵੱਡਾ ਕਦਮ ਵੀ ਚੁੱਕ ਸਕਦੇ ਹਨ, ਜਿਸ ਦਾ ਖਾਮਿਆਜ਼ਾ ‘ਆਪ’ ਨੂੰ ਆਉਂਦੀਆਂ ਚੋਣਾਂ ਵਿੱਚ ਮਹਿੰਗਾ ਪੈ ਸਕਦਾ ਹੈ। ਫਿਲਹਾਲ ਵੇਖਣਾ ਹੋਵੇਗਾ ਆਪ ਹਾਈਕਮਾਂਡ ਅਤੇ ਪੰਜਾਬ ਮਾਮਲਿਆਂ ਦੇ ਇੰਚਾਰਜ ਜਰਨੈਲ ਸਿੰਘ ਇਸ ਮੁੱਦੇ ਨਾਲ ਕਿਵੇਂ ਨਜਿੱਠਦੇ ਹਨ।