ਊਧਮ ਸਿੰਘ ਨਗਰ, ਉੱਤਰਾਖੰਡ : ਆਮ ਆਦਮੀ ਪਾਰਟੀ (ਆਪ) ਦੇ ਪੰਜਾਬ ਪ੍ਰਧਾਨ ਤੇ ਸੰਸਦ ਮੈਂਬਰ ਭਗਵੰਤ ਮਾਨ ਨੇ ਕਿਹਾ ਹੈ ਕਿ ਪਾਰਟੀ ਦੇ ਰਾਸ਼ਟਰੀ ਕਨਵੀਨਰ ਅਰਵਿੰਦ ਕੇਜਰੀਵਾਲ ਪਾਰਟੀ ਦੇ ਪੰਜਾਬ ’ਚ ਸੀਐੱਮ ਚਿਹਰੇ ’ਤੇ ਫ਼ੈਸਲਾ ਅਗਲੇ 15 ਦਿਨਾਂ ’ਚ ਕਰ ਲੈਣਗੇ।
ਮੰਗਲਵਾਰ ਨੂੰ ਭਗਵੰਤ ਮਾਨ ਉੱਤਰਾਖੰਡ ਦੇ ਗਦਰਪੁਰ ਤੋਂ ਕਿਸਾਨ ਸੰਕਲਪ ਯਾਤਰਾ ਦੇ ਨਾਲ ਰੁਦਰਪੁਰ ਪਹੁੰਚੇ। ਇਸ ਦੌਰਾਨ ਉਨ੍ਹਾਂ ਕਿਹਾ ਕਿ ਉੱਤਰਾਖੰਡ ਦੇ ਵਿਕਾਸ ਲਈ ਵੀ ਤਿੰਨੋਂ ਖੇਤੀ ਕਾਨੂੰਨ ਰੱਦ ਕੀਤੇ ਜਾਣ ਦੀ ਜ਼ਰੂਰਤ ਹੈ। ‘ਆਪ’ ਇੱਥੋਂ ਦੇ ਵਿਕਾਸ ਦਾ ਖਾਕਾ ਪੰਜਾਬ ਦੀ ਤਰਜ਼ ’ਤੇ ਖਿੱਚੇਗੀ।
ਉਨ੍ਹਾਂ ਕਿਹਾ ਕਿ ਭਾਜਪਾ ਦੇ ਰਾਸ਼ਟਰੀ ਪ੍ਰਧਾਨ ਜੇ.ਪੀ. ਨੱਢਾ ਦਾ ਉੱਤਰਾਖੰਡ ਦੌਰਾ ਸਮਾਜ ’ਚ ਅੱਗ ਲਗਾਉਣ ਤੇ ਹਿੰਦੂ-ਮੁਸਲਮਾਨਾਂ ਨੂੰ ਲੜਾਉਣ ਲਈ ਬਣਾਈ ਜਾਣ ਵਾਲੀ ਰਣਨੀਤੀ ਦਾ ਹਿੱਸਾ ਹੈ।
ਮਾਨ ਨੇ ਕਿਹਾ ਦਿੱਲੀ ’ਚ ਜਿਸ ਤਰ੍ਹਾਂ ਮੁਹੱਲਾ ਕਲੀਨਿਕ ਤੇ ਸਿੱਖਿਆ ਖੇਤਰ ’ਚ ਸੁਧਾਰ ਕੀਤਾ ਹੈ, ਉਹੀ, ਉੱਤਰਾਖੰਡ ’ਚ ਵੀ ਲਾਗੂ ਹੋਵੇਗਾ। ਮਾਨ ਨੇ ਕਿਹਾ ਕਿ ਭਾਜਪਾ ਨਫ਼ਰਤ ਦੀ ਸਿਆਸਤ ’ਚ ਭਰੋਸਾ ਕਰਦੀ ਹੈ। ਉਨ੍ਹਾਂ ਨੇ ਤਿੰਨੋਂ ਖੇਤੀ ਕਾਨੂੰਨਾਂ ਨੂੰ ਰੱਦ ਕਰਨ ਦੀ ਮੰਗ ਵੀ ਦੁਹਰਾਈ ਅਤੇ ਕਿਹਾ ਕਿ ਬਿਨਾਂ ਕਿਸਾਨਾਂ ਦੀ ਗੱਲ ਸੁਣੇ ਦੇਸ਼-ਪ੍ਰਦੇਸ਼ ਦਾ ਵਿਕਾਸ ਨਹੀਂ ਹੋ ਸਕਦਾ।