ਆਮ ਆਦਮੀ ਪਾਰਟੀ ਨੇ ਸੁਖਬੀਰ ਬਾਦਲ ਦੇ ਮਲੰਗ ਬਿਆਨ ਦੀ ਕੀਤੀ ਸਖ਼ਤ ਨਿਖੇਧੀ, ਕਿਹਾ- ਇਹ ਉਹਨਾਂ ਦੀ ਜਗੀਰੂ ਸੋਚ ਨੂੰ ਦਰਸਾਉਂਦਾ ਹੈ

Prabhjot Kaur
3 Min Read

ਚੰਡੀਗੜ੍ਹ: ਆਮ ਆਦਮੀ ਪਾਰਟੀ (ਆਪ) ਨੇ ਸੁਖਬੀਰ ਬਾਦਲ ਵੱਲੋਂ ‘ਆਪ’ ਵਿਧਾਇਕਾਂ ਨੂੰ ‘ਮਲੰਗ’ ਕਹਿਣ ਦੇ ਬਿਆਨ ਦੀ ਸਖ਼ਤ ਨਿਖੇਧੀ ਕਰਦਿਆਂ ਕਿਹਾ ਹੈ ਕਿ ਇਹ ਬਿਆਨ ਉਨ੍ਹਾਂ ਦੀ ਜਾਗੀਰਦਾਰੀ ਸੋਚ ਨੂੰ ਦਰਸਾਉਂਦਾ ਹੈ।

ਬੁੱਧਵਾਰ ਨੂੰ ਚੰਡੀਗੜ੍ਹ ਸਥਿਤ ਪਾਰਟੀ ਹੈੱਡਕੁਆਰਟਰ ਵਿਖੇ ਪ੍ਰੈਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ‘ਆਪ’ ਪੰਜਾਬ ਦੇ ਮੁੱਖ ਬੁਲਾਰੇ ਮਲਵਿੰਦਰ ਸਿੰਘ ਕੰਗ ਨੇ ਕਿਹਾ ਕਿ ਆਮ ਆਦਮੀ ਪਾਰਟੀ ਦੇ 92 ਵਿਧਾਇਕਾਂ ਨੂੰ ਪਾਰਟੀ ਵਰਕਰਾਂ ਨੇ ਨਹੀਂ, ਸਗੋਂ ਪੰਜਾਬ ਦੇ ਤਿੰਨ ਕਰੋੜ ਲੋਕਾਂ ਨੇ ਲੋਕਤੰਤਰੀ ਢੰਗ ਨਾਲ ਚੁਣਿਆ ਹੈ। ਇਸ ਲਈ ਸੁਖਬੀਰ ਬਾਦਲ ਨੂੰ ਪੰਜਾਬ ਦੇ ਲੋਕਾਂ ਦੀਆਂ ਭਾਵਨਾਵਾਂ ਦਾ ਸਤਿਕਾਰ ਕਰਨਾ ਚਾਹੀਦਾ ਹੈ।

ਇਸ ਬਿਆਨ ਤੋਂ ਪਤਾ ਲੱਗਦਾ ਹੈ ਕਿ ਸੁਖਬੀਰ ਬਾਦਲ ਦਾ ਆਮ ਲੋਕਾਂ ਪ੍ਰਤੀ ਵਤੀਰਾ ਰਾਜਾਸ਼ਾਹੀ ਦੀ ਪਰਜਾ ਵਰਗਾ ਹੈ। ਇਹ ਲੋਕ ਆਮ ਪੰਜਾਬੀਆਂ ਨੂੰ ਆਪਣਾ ਸੇਵਕ ਸਮਝਦੇ ਹਨ ਅਤੇ ਸੱਤਾ ਨੂੰ ਆਪਣਾ ਜਨਮ ਸਿੱਧ ਅਧਿਕਾਰ ਸਮਝਦੇ ਹਨ।

ਇਹ ਲੋਕ ਆਮ ਲੋਕਾਂ ਨੂੰ ਕੀੜੇ-ਮਕੌੜੇ ਸਮਝਦੇ ਹਨ। ਉਨ੍ਹਾਂ ਨੂੰ ਲੱਗਦਾ ਹੈ ਕਿ ਵੱਡੀਆਂ-ਵੱਡੀਆਂ ਕਾਰਾਂ ਅਤੇ ਵੱਡੀਆਂ ਜਾਇਦਾਦਾਂ ਵਾਲੇ ਹੀ ਵਿਧਾਇਕ ਮੰਤਰੀ ਬਣਨੇ ਚਾਹੀਦੇ ਹਨ, ਜਿਨ੍ਹਾਂ ਨੂੰ ਸਿਰਫ਼ ਆਪਣੇ ਪਰਿਵਾਰ, ਰਿਸ਼ਤੇਦਾਰਾਂ ਅਤੇ ਆਪਣੇ ਨਿੱਜੀ ਫਾਇਦੇ ਦੀ ਚਿੰਤਾ ਹੈ।

- Advertisement -

ਨਿੱਜੀ ਲਾਭ ਲਈ ਸੁਖਬੀਰ ਬਾਦਲ ਨੇ ਆਪਣੀ ਸਰਕਾਰ ਵੇਲੇ ਕੈਬਨਿਟ ਮੀਟਿੰਗ ਵਿੱਚ ਪ੍ਰਸਤਾਵ ਪਾਸ ਕਰਵਾ ਕੇ ਆਪਣੇ ਹੋਟਲ ਲਈ ਜੰਗਲਾਤ ਵਿਭਾਗ ਦੀ ਜ਼ਮੀਨ ਲੈ ਲਈ ਅਤੇ ਟਰਾਂਸਪੋਰਟ ਵਿਭਾਗ ਦੇ ਦਿਸ਼ਾ-ਨਿਰਦੇਸ਼ਾਂ ਦੀ ਉਲੰਘਣਾ ਕਰਕੇ ਆਪਣੀਆਂ ਲਗਜ਼ਰੀ ਬੱਸਾਂ ਚਲਾਉਣੀਆਂ ਸ਼ੁਰੂ ਕਰ ਦਿੱਤੀਆਂ।

ਕੰਗ ਨੇ ਕਿਹਾ ਕਿ ਤਿੰਨੋਂ ਪਾਰਟੀਆਂ ਅਕਾਲੀ ਦਲ, ਭਾਜਪਾ ਅਤੇ ਕਾਂਗਰਸ ਜਾਗੀਰਦਾਰੀ ਸੋਚ ਵਾਲੇ ਲੋਕਾਂ ਨਾਲ ਭਰੀਆਂ ਹੋਈਆਂ ਹਨ। ਕੁਝ ਮਹੀਨੇ ਪਹਿਲਾਂ ਵਿਰੋਧੀ ਧਿਰ ਦੇ ਨੇਤਾ ਪ੍ਰਤਾਪ ਸਿੰਘ ਬਾਜਵਾ ਨੇ ਵੀ ਜਲੰਧਰ ‘ਚ ‘ਆਪ’ ਵਿਧਾਇਕਾਂ ‘ਤੇ ਟਿੱਪਣੀ ਕੀਤੀ ਸੀ ਅਤੇ ਪੁੱਛਿਆ ਸੀ ਕਿ ਕਿਸ ਤਰ੍ਹਾਂ ਦੀਆਂ ਚੀਜ਼ਾਂ ਆਈਆਂ ਹਨ। ਸੁਨੀਲ ਜਾਖੜ ਵੀ ਇਸੇ ਮਾਨਸਿਕਤਾ ਦਾ ਬੰਦਾ ਹੈ। ਇਨ੍ਹਾਂ ਲੋਕਾਂ ਨੇ ਸੱਤਾ ‘ਚ ਰਹਿੰਦਿਆਂ ਹੀ ਆਪਣਾ ਲਾਭ ਕਮਾਇਆ ਹੈ।

ਕੰਗ ਨੇ ਕਿਹਾ ਕਿ ਅਕਾਲੀ ਦਲ ਬਾਦਲ ਪੰਥਕ ਪਾਰਟੀ ਹੋਣ ਦਾ ਝੂਠਾ ਦਾਅਵਾ ਕਰਦਾ ਹੈ ਅਤੇ ਸੁਖਬੀਰ ਬਾਦਲ ਦੀ ਪੰਜਾਬ ਬਚਾਓ ਯਾਤਰਾ ਪੰਜਾਬ ਅਤੇ ਪੰਥ ਨੂੰ ਬਚਾਉਣ ਲਈ ਨਹੀਂ ਹੈ। ਇਹ ਯਾਤਰਾ ਪਰਿਵਾਰ ਬਚਾਉਣ ਦੀ ਯਾਤਰਾ ਹੈ।

ਉਨ੍ਹਾਂ ਕਿਹਾ ਕਿ ਬਾਬਾ ਕਾਨ੍ਹ ਸਿੰਘ ਨਾਭਾ ਨੇ ਆਪਣੀਆਂ ਲਿਖਤਾਂ ਵਿੱਚ ਮਲੰਗ ਦੇ ਅਰਥਾਂ ਨੂੰ ਬੇਪਰਵਾਹ ਦੱਸਿਆ ਹੈ। ਉਹ ਮਨੁੱਖ ਜਿਸ ਨੂੰ ਕੋਈ ਲਾਲਚ ਨਹੀਂ ਹੈ। ਇਹ ਵੀ ਸਹੀ ਹੈ ਕਿਉਂਕਿ ਸਾਡੇ ਮੁੱਖ ਮੰਤਰੀ, ਮੰਤਰੀਆਂ ਅਤੇ ਵਿਧਾਇਕਾਂ ਵਿੱਚ ਕੋਈ ਲਾਲਚ ਨਹੀਂ ਹੈ।

ਸੇਵਾ ਦੀ ਭਾਵਨਾ ਨਾਲ ਅਸੀਂ ਪੰਜਾਬ ਦੀ ਬਿਹਤਰੀ ਲਈ ਰਾਜਨੀਤੀ ਕਰ ਰਹੇ ਹਾਂ ਅਤੇ ਪੰਜਾਬ ਨੂੰ ਇਨ੍ਹਾਂ ਲੁਟੇਰਿਆਂ ਤੋਂ ਬਚਾਉਣ ਲਈ, ਜਿਨ੍ਹਾਂ ਨੇ ਕਈ ਪੀੜ੍ਹੀਆਂ ਤੱਕ ਪੰਜਾਬ ‘ਤੇ ਰਾਜ ਕੀਤਾ, ਆਪਣੇ ਵੱਡੇ-ਵੱਡੇ ਅੰਪਾਇਰ ਲਗਾਏ ਅਤੇ ਪੰਜਾਬ ਦੇ ਨੌਜਵਾਨਾਂ ਨੂੰ ਦਰ-ਦਰ ਭਟਕਣ ਲਈ ਮਜਬੂਰ ਕੀਤਾ।

- Advertisement -
Share this Article
Leave a comment