ਫ਼ਰੀਦਕੋਟ: ਆਮ ਆਦਮੀ ਪਾਰਟੀ ਵੱਲੋਂ ਕਰਮਜੀਤ ਅਨਮੋਲ ਨੂੰ ਫ਼ਰੀਦਕੋਟ ਲੋਕ ਸਭਾ ਸੀਟ ਤੋਂ ਉਮੀਦਵਾਰ ਬਣਾਏ ਜਾਣ ਨਾਲ ਜਿੱਥੇ ‘ਆਪ’ ਵਰਕਰ ਖ਼ੁਸ਼ ਨਜ਼ਰ ਆ ਰਹੇ ਹਨ। ਉੱਥੇ ਹੀ ਟਿਕਟ ਦੀ ਦੌੜ ਵਿਚ ਸ਼ਾਮਿਲ ਸਥਾਨਿਕ ਆਗੂ ਨਿਰਾਸ਼ ਨਜ਼ਰ ਆ ਰਹੇ ਹਨ। ਦੂਜੇ ਪਾਸੇ ਕਰਮਜੀਤ ਅਨਮੋਲ ਨੂੰ ਉਮੀਦਵਾਰ ਬਣਾਏ ਜਾਣ ਤੋਂ ਬਾਅਦ ਵਿਰੋਧੀ ਪਾਰਟੀਆਂ ਵੱਲੋਂ ਉਨ੍ਹਾਂ ’ਤੇ ਸਵਾਲ ਚੁੱਕੇ ਜਾ ਰਹੇ ਹਨ। ਫ਼ਰੀਦਕੋਟ ਵਿਚ ਵਿਧਾਇਕ ਗੁਰਦਿੱਤ ਸਿੰਘ ਸੇਖੋਂ ਵੱਲੋਂ ਵੱਖ-ਵੱਖ ਸਥਾਨਾਂ ਦਾ ਨੀਂਹ ਪੱਥਰ ਰੱਖਿਆ ਗਿਆ ਅਤੇ ਉਦਘਾਟਨ ਕੀਤਾ ਗਿਆ ਤਾਂ ਜੋ ਆਉਣ ਵਾਲੀਆਂ ਚੋਣਾਂ ਵਿਚ ਉਨ੍ਹਾਂ ਨੂੰ ਫ਼ਾਇਦਾ ਮਿਲ ਸਕੇ।
ਗੁਰਦਿੱਤ ਸਿੰਘ ਸੇਖੋਂ ਨੇ ਕਿਹਾ ਕਿ ਕਰਮਜੀਤ ਅਨਮੋਲ ਡਾਊਨ ਟੂ ਅਰਥ ਵਿਅਕਤੀ ਅਤੇ ਬਹੁਤ ਹੀ ਚੰਗੇ ਸੁਭਾਅ ਦੇ ਵਿਅਕਤੀ ਹਨ। ਇਸ ਲਈ ਉਨ੍ਹਾਂ ਦੇ ਇਸ ਇਲਾਕੇ ਤੋਂ ਸੰਸਦ ਮੈਂਬਰ ਬਣਨ ਨਾਲ ਇਲਾਕੇ ਦੇ ਲੋਕਾਂ ਨੂੰ ਕਾਫੀ ਫ਼ਾਇਦਾ ਹੋਵੇਗਾ। ਦੂਜੇ ਪਾਸੇ ਅਕਾਲੀ ਦਲ ਦੇ ਸਾਬਕਾ ਵਿਧਾਇਕ ਮਨਤਾਰ ਸਿੰਘ ਬਰਾੜ ਨੇ ਕਰਮਜੀਤ ਅਨਮੋਲ ਨੂੰ ਉਮੀਦਵਾਰ ਬਣਾਉਣ ’ਤੇ ਸਵਾਲ ਖੜ੍ਹੇ ਕੀਤੇ ਹਨ। ਉਨ੍ਹਾਂ ਕਿਹਾ ਕਿ ਪਿਛਲੇ ਸਮੇਂ ਵਿਚ ਵੀ ਲੋਕ ਸਭਾ ਹਲਕੇ ਤੋਂ ਲੋਕ ਗਾਇਕ ਨੂੰ ਸੰਸਦ ਮੈਂਬਰ ਬਣਾਉਣ ’ਤੇ ਪਛਤਾ ਰਹੇ ਹਨ ਕਿਉਂਕਿ ਨਾ ਤਾਂ ਉਨ੍ਹਾਂ ਵੱਲੋਂ ਵਿਕਾਸ ਕਾਰਜਾਂ ਲਈ ਕੋਈ ਕਦਮ ਚੁੱਕਿਆ ਗਿਆ ਅਤੇ ਨਾ ਹੀ ਇਲਾਕੇ ਦੀਆਂ ਮੰਗਾਂ ਦੀ ਪੂਰਤੀ ਲਈ ਸੰਸਦ ਵਿਚ ਕੋਈ ਸਵਾਲ ਹੀ ਉਠਾਇਆ ਗਿਆ।
ਪਰਮਬੰਸ ਰੋਮਾਣਾ ਨੇ ਕਿਹਾ ਕਿ ਹੁਣ ਇਕ ਵਾਰ ਫਿਰ ‘ਆਪ’ ਨੇ ਇਕ ਬਾਹਰਲੇ ਵਿਅਕਤੀ ਨੂੰ ਉਮੀਦਵਾਰ ਬਣਾਇਆ ਹੈ ਅਤੇ ਉਸ ਦਾ ਕੋਈ ਸਿਆਸੀ ਹਲਕਾ ਨਹੀਂ ਹੈ ਜਿਸ ਕਾਰਨ ਲੋਕਾਂ ਲਈ ਉਸ ’ਤੇ ਭਰੋਸਾ ਕਰਨਾ ਮੁਸ਼ਕਲ ਹੋ ਗਿਆ ਹੈ ਕਿਉਂਕਿ ਪਹਿਲਾਂ ਵੀ ਆਪਣੀ ਲੋਕਪ੍ਰਿਅਤਾ ਦੀ ਪੂੰਜੀ ਲਾ ਕੇ ਕਾਂਗਰਸ ਨੇ ਐੱਮਪੀ ਬਣਾਇਆ ਤੇ ਪੰਜ ਸਾਲ ਇਲਾਕੇ ਦਾ ਕੋਈ ਵਿਕਾਸ ਕੰਮ ਨਹੀਂ ਹੋਇਆ। ਇਸ ਲਈ ਮੁੜ ਇਤਿਹਾਸ ਆਪਣੇ ਆਪ ਨੂੰ ਦੁਹਰਾ ਸਕਦਾ ਹੈ ਅਤੇ ਖੇਤਰ ਅੱਗੇ ਵਧਣ ਦੀ ਬਜਾਏ ਪੱਛੜ ਸਕਦਾ ਹੈ।