ਵਿਦਿਆਰਥੀਆਂ ਨੂੰ ਪ੍ਰੋਫੈਸ਼ਨਲ ਸਿੱਖਿਆ ਤੋਂ ਜਾਣਬੁੱਝ ਕੇ ਵਾਂਝੇ ਰੱਖ ਰਹੀ ਹੈ ਕੈਪਟਨ ਸਰਕਾਰ: ਆਪ

TeamGlobalPunjab
2 Min Read

ਚੰਡੀਗੜ੍ਹ: ਆਮ ਆਦਮੀ ਪਾਰਟੀ (ਆਪ) ਪੰਜਾਬ ਦੇ ਬੁਲਾਰੇ ਅਤੇ ਵਿਧਾਇਕ ਮੀਤ ਹੇਅਰ ਨੇ ਤਕਨੀਕੀ ਸਿੱਖਿਆ ਵਿਭਾਗ ਵੱਲੋਂ ਕਰੋੜਾਂ ਰੁਪਏ ਦੀ ਬਰਬਾਦੀ ਅਤੇ ਕੇਂਦਰ ਸਰਕਾਰ ਵੱਲੋਂ ਪ੍ਰੋਫੈਸ਼ਨਲ ਸਿੱਖਿਆ ਲਈ ਆਏ ਕਰੋੜਾਂ ਰੁਪਏ ਨਾ ਵਰਤਣ ‘ਤੇ ਸਖ਼ਤ ਇਤਰਾਜ਼ ਕਰਦਿਆਂ ਦੋਸ਼ ਲਗਾਇਆ ਕਿ ਬਾਦਲਾਂ ਵਾਂਗ ਕੈਪਟਨ ਅਮਰਿੰਦਰ ਸਿੰਘ ਸਰਕਾਰ ਵੀ ਆਪਣੀ ਮਾੜੀ ਨੀਅਤ ਅਤੇ ਨਾਲਾਇਕ ਨੀਤੀਆਂ ਰਾਹੀਂ ਪੰਜਾਬ ਦੀਆਂ ਸਰਕਾਰੀ ਸਿੱਖਿਅਕ ਸੰਸਥਾਵਾਂ ਨੂੰ ਤਬਾਹ ਕਰਕੇ ਨਿੱਜੀ ਸੰਸਥਾਵਾਂ ਨੂੰ ਉਤਸ਼ਾਹਿਤ ਕਰ ਰਹੀ ਹੈ, ਨਤੀਜੇ ਵਜੋਂ ਗ਼ਰੀਬਾਂ-ਦਲਿਤਾਂ ਅਤੇ ਆਮ ਘਰਾਂ ਦੇ ਹੋਣਹਾਰ ਵਿਦਿਆਰਥੀ ਪੇਸ਼ੇਵਰ (ਪ੍ਰੋਫੈਸ਼ਨਲ) ਸਿੱਖਿਆ ਤੋਂ ਵਾਂਝੇ ਰਹਿ ਰਹੇ ਹਨ।

ਮੀਤ ਹੇਅਰ ਨੇ ਕਿਹਾ, ” ਪਹਿਲਾਂ ਬਾਦਲ ਸਰਕਾਰ ਅਤੇ ਹੁਣ ਕੈਪਟਨ ਸਰਕਾਰ ਪੰਜਾਬ ਦੇ ਸਰਕਾਰੀ ਪੋਲੀਟੈਕਨਿਕ ਕਾਲਜਾਂ ਦੇ ਨਵੀਨੀਕਰਨ ਲਈ ਵਿਸ਼ਵ ਬੈਂਕ ਅਤੇ ਕੇਂਦਰ ਸਰਕਾਰ ਦੀਆਂ ਯੋਜਨਾਵਾਂ ਤਹਿਤ ਮਿਲੇ ਕਰੋੜਾਂ ਰੁਪਏ ਦੀ ਸੁਚੱਜੀ ਵਰਤੋਂ ਕਰਨ ‘ਚ ਬੁਰੀ ਤਰਾਂ ਫ਼ੇਲ੍ਹ ਸਾਬਤ ਹੋਈਆਂ। ਕਰੋੜਾਂ ਰੁਪਏ ਦੇ ਫ਼ੰਡ ਵਰਤੇ ਹੀ ਨਹੀਂ ਗਏ ਅਤੇ ਜੋ ਵਰਤੇ ਉਹ ਫ਼ਜ਼ੂਲ ਖ਼ਰਚੀ ਅਤੇ ਪੈਸੇ ਦੀ ਬਰਬਾਦੀ ਸਾਬਤ ਹੋਈ। ਇਹ ਮੈਂ (ਮੀਤ) ਨਹੀਂ ਸਗੋਂ ਅਕਾਊਂਟੈਂਟ ਜਨਰਲ (ਏਜੀ) ਨੇ 2011 ਤੋਂ ਲੈ ਕੇ ਹੁਣ ਤੱਕ (9 ਸਾਲਾਂ) ਦੀ ਘੋਖ-ਪੜਤਾਲ ਉਪਰੰਤ ਤਿਆਰ ਕੀਤੀ ਰਿਪੋਰਟ ‘ਚ ਕਹੀ ਹੈ।”

ਮੀਤ ਹੇਅਰ ਨੇ ਦੱਸਿਆ ਕਿ 7 ਪੋਲੀਟੈਕਨਿਕ ਕਾਲਜਾਂ ਦੀ ਅਪਗਰੇਡੇਸ਼ਨ ‘ਤੇ 75 ਕਰੋੜ ਰੁਪਏ ਬਰਬਾਦ ਕਰ ਦਿੱਤੇ। ਇੱਕ ਕਾਲਜ ‘ਤੇ 6.34 ਕਰੋੜ ਰੁਪਏ ਖ਼ਰਚੇ ਪਰ 9 ਸਾਲਾਂ ਬਾਅਦ ਵੀ ਉਸ ਨੂੰ ਚਲਾਇਆ ਨਹੀਂ ਗਿਆ।

ਮੀਤ ਹੇਅਰ ਨੇ ਦੋਸ਼ ਲਗਾਇਆ ਕਿ ਕੈਪਟਨ ਤੇ ਬਾਦਲਾਂ ਨੇ ਪ੍ਰਾਈਵੇਟ ਸੰਸਥਾਵਾਂ (ਜਿੰਨਾ ‘ਚ ਬਹੁਤੇ ਮਾਲਕ ਕਾਂਗਰਸ, ਅਕਾਲੀ-ਭਾਜਪਾ ਨਾਲ ਸੰਬੰਧਿਤ ਹਨ) ਨੂੰ ਫ਼ਾਇਦੇ ਦੇਣ ਲਈ ਸਰਕਾਰੀ ਸਕੂਲਾਂ ਤੋਂ ਲੈ ਕੇ ਸਰਕਾਰੀ ਕਾਲਜ-ਯੂਨੀਵਰਸਿਟੀਆਂ ਬਰਬਾਦ ਕਰਕੇ ਰੱਖ ਦਿੱਤੀਆਂ ਹਨ।

ਮੀਤ ਹੇਅਰ ਨੇ ਕਿਹਾ ਕਿ 2022 ‘ਚ ‘ਆਪ’ ਦੀ ਸਰਕਾਰ ਬਣਨ ‘ਤੇ ਨਾ ਕੇਵਲ ਕੈਪਟਨ ਅਤੇ ਬਾਦਲਾਂ ਦੇ ਭ੍ਰਿਸ਼ਟਾਚਾਰ ਅਤੇ ਨਿੱਜੀ ਸਿੱਖਿਆ ਮਾਫ਼ੀਆ ਨਾਲ ਮਿਲੀਭੁਗਤ ਦਾ ਹਿਸਾਬ-ਕਿਤਾਬ ਲਿਆ ਜਾਵੇਗਾ, ਸਗੋਂ ਦਿੱਲੀ ਦੀ ਕੇਜਰੀਵਾਲ ਸਰਕਾਰ ਦੀ ਤਰਜ਼ ‘ਤੇ ਸਰਕਾਰੀ ਸਕੂਲਾਂ ਤੋਂ ਲੈ ਕੇ ਕਾਲਜਾਂ-ਯੂਨੀਵਰਸਿਟੀਆਂ ਦੀ ਕਾਇਆ ਕਲਪ ਕੀਤੀ ਜਾਵੇਗੀ।

Share This Article
Leave a Comment