ਆਮ ਆਦਮੀ ਪਾਰਟੀ ਕਰ ਰਹੀ ਹੈ ਪੰਜਾਬੀਆਂ ਦਾ ਅਪਮਾਨ: ਅਕਾਲੀ ਦਲ

TeamGlobalPunjab
3 Min Read

ਚੰਡੀਗੜ੍ਹ : ਸ਼੍ਰੋਮਣੀ ਅਕਾਲੀ ਦਲ ਨੇ ਅੱਜ ਕਿਹਾ ਕਿ ਆਮ ਆਦਮੀ ਪਾਰਟੀ ਪੰਜਾਬੀਆਂ ਦਾ ਇਹ ਦਾਅਵਾ ਕਰ ਕੇ ਅਪਮਾਨ ਕਰ ਰਹੀ ਹੈ ਕਿ ਉਹ ਸੂਬੇ ਵਿਚ ਸਰਕਾਰ ਚਲਾਉਣ ਦੇ ਸਮਰਥ ਨਹੀਂ ਹਨ ਅਤੇ ਪਾਰਟੀ ਪੰਜਾਬੀਆਂ ’ਤੇ ਬਾਹਰੀ ਵਿਅਕਤੀ ਥੋਪਣਾ ਚਾਹੁੰਦੀ ਹੈ ਜੋ ਕਦੇ ਵੀ ਬਰਦਾਸ਼ਤ ਨਹੀਂ ਕੀਤਾ ਜਾਵੇਗਾ।

ਇਥੇ ਪਾਰਟੀ ਦੀ ਕੋਰ ਕਮੇਟੀ ਦੀ ਮੀਟਿੰਗ ਤੋਂ ਬਾਅਦ ਪ੍ਰੈਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਸ਼੍ਰੋਮਣੀ ਅਕਾਲੀ ਦਲ ਦੀ ਸੀਨੀਅਰ ਲੀਡਰਸ਼ਿਪ ਨੇ ਕਿਹਾ ਕਿ ਆਪ ਦੇ ਕਨਵੀਨਰ ਅਰਵਿੰਦ ਕੇਜਰੀਵਾਲ ਵਾਰ ਵਾਰ ਨਾਅਰਿਆਂ ਦੇ ਨਾਲ ਨਾਲ ਪੇਡ ਨਿਊਜ਼ ਜਾਰੀ ਕਰ ਕੇ ਪੰਜਾਬੀਆਂ ਨੁੰ ਅਪਮਾਨਿਤ ਕਰਨਾ ਅਤੇ ਆਪਣੇ ਆਪ ਨੂੰ ਪੰਜਾਬ ਦਾ ਰਾਖਾ ਸਾਬਤ ਕਰਨ ਦਾ ਯਤਨ ਕਰ ਰਹੇ ਹਨ। ਉਹਨਾਂ ਕਿਹਾ ਕਿ ਵਿਧਾਨ ਸਭਾ ਚੋਣਾਂ ਵਾਸਤੇ ਪਾਰਟੀ ਦੀਆਂ ਟਿਕਟਾ ਵੇਚੀਆਂ ਗਈਆਂ, ਇਹ ਦਾਅਵਾ ਆਪ ਦੇ ਆਗੂਆਂ ਨੇ ਹੀ ਕੀਤਾ ਹੈ ਜਿਹਨਾਂ ਨੇ 35 ਟਿਕਟਾਂ ਵੇਚੇ ਜਾਣ ਦੇ ਸਬੂਤ ਪੇਸ਼ ਕੀਤੇ ਹਨ। ਇਹਨਾਂ ਆਗੂਆਂ ਨੇ ਕਿਹਾ ਕਿ ਪੰਜਾਬੀ ਇਕ ਸਵੈ ਮਾਣ ਵਾਲੀ ਕੌਮ ਹੈ ਜੋ ਕਦੇ ਵੀ ਰਾਘਵ ਚੱਢਾ ਵਰਗੇ ਆਗੂ ਥੋਪੇ ਜਾਣਾ ਬਰਦਾਸ਼ਤ ਨਹੀਂ ਕਰ ਸਕਦੀ ਜਿਵੇਂ ਕਿ ਪਹਿਲਾਂ ਦੁਰਗੇਸ਼ ਪਾਠਕ ਤੇ ਸੰਜੇ ਸਿੰਘ ਨੂੰ 2017 ਵਿਚ ਪੰਜਾਬੀਆਂ ਸਿਰ ਮੜ੍ਹਿਆ ਗਿਆ ਸੀ।

ਪ੍ਰੋ. ਪ੍ਰੇਮ ਸਿੰਘ ਚੰਦੂਮਾਜਰਾ, ਬਲਵਿੰਦਰ ਸਿੰਘ ਭੂੰਦੜ, ਸਿਕੰਦਰ ਸਿੰਘ ਮਲੂਕਾ, ਮਹੇਸ਼ਇੰਦਰ ਸਿੰਘ ਗਰੇਵਾਲ ਅਤੇ ਡਾ. ਦਲਜੀਤ ਸਿੰਘ ਚੀਮਾ ਸਮੇਤ ਇਹਨਾਂ ਸੀਨੀਅਰ ਆਗੂਆਂ ਨੇ ਇਹ ਵੀ ਕਿਹਾ ਕਿ ਪਹਿਲਾਂ ਵੀ ਕੇਜਰੀਵਾਲ ਨੇ ਸੁੱਚਾ ਸਿੰਘ ਛੋਟੇਪੁਰ, ਐਚ.ਐਸ ਫੂਲਕਾ ਤੇ ਸੁਖਪਾਲ ਖਹਿਰਾ ਸਮੇਤ ਪੰਜਾਬੀ ਆਗੂਆਂ ਨੁੰ ਅਪਮਾਨਤ ਕੀਤਾ ਹੈ। ਉਹਨਾਂ ਕਿਹਾ ਕਿ ਕਿਉਂਕਿ ਪਿਛਲੇ ਛੇ ਮਹੀਨਿਆਂ ਤੋਂ ਉਹ ਭਗਵੰਤ ਮਾਨ ਨੂੰ ਪਾਰਟੀ ਦਾ ਮੁੱਖ ਮੰਤਰੀ ਦਾ ਚੇਹਰਾ ਐਲਾਨੇ ਜਾਣ ਦੇ ਤਰਲੇ ਕੱਢਵਾ ਰਹੇ ਹਨ।ਇਹਨਾਂ ਆਗੂਆਂ ਨੇ ਕਿਹਾ ਕਿ ਕੇਜਰੀਵਾਲ ਨੇ ਕਿਸਾਨ ਜਥੇਬੰਦੀਆਂ ਤੇ ਉਹਨਾਂ ਦੇ ਆਗੂ ਬਲਬੀਰ ਸਿੰਘ ਰਾਜੇਵਾਲ ਦਾ ਵੀ ਅਪਮਾਨ ਕੀਤਾ ਹੈ। ‘ਆਪ’ ਨੇ ਪਹਿਲਾਂ ਕਿਹਾ ਸੀ ਕਿ ਉਸਦੀ ਕਿਸਾਨ ਜਥੇਬੰਦੀਆਂ ਨਾਲ ਗੱਲਬਾਤ ਚਲ ਰਹੀ ਹੈ ਤੇ ਉਸਨੇ ਇਹ ਵੀ ਸੰਕੇਤ ਦਿੱਤੇ ਸਨ ਕਿ ਉਹ ਬਲਬੀਰ ਸਿੰਘ ਕੇਜਰੀਵਾਲ ਨੂੰ ਮੁੱਖ ਮੰਤਰੀ ਦਾ ਚੇਹਰਾ ਐਲਾਨਣ ’ਤੇ ਵਿਚਾਰ ਕਰ ਰਹੀ ਹੈ। ਪਰ ਬਾਅਦ ਵਿਚ ਕੇਜਰੀਵਾਲ ਨੇ ਰਾਜੇਵਾਲ ਦਾ ਇਹ ਕਹਿ ਕੇ ਅਪਮਾਨ ਕੀਤਾ ਕਿ ਉਹਨਾਂ ਨੇ ਦੋ ਸਰਵੇਖਣ ਕਰਵਾਏ ਹਨ ਜਿਹਨਾਂ ਵਿਚ ਇਹ ਸਾਬਤ ਹੋਇਆ ਹੈ ਕਿ ਰਾਜੇਵਾਲ ਅਤੇ ਕਿਸਾਨ ਜਥੇਬੰਦੀਆਂ ਨੁੰ ਕੋਈ ਸੀਟ ਨਹੀਂ ਆਉਣ ਵਾਲੀ।

Share this Article
Leave a comment