ਆਮ ਆਦਮੀ ਪਾਰਟੀ ਸਰਕਾਰ ਲੋਕਾਂ ਦੀ ਜਾਨ-ਮਾਲ ਦੀ ਰਾਖੀ ਕਰਨ ‘ਚ ਬੁਰੀ ਤਰਾਂ ਫੇਲ੍ਹ: ਬਲਬੀਰ ਸਿੱਧੂ

Global Team
3 Min Read

ਐਸ.ਏ.ਐਸ. ਨਗਰ: ਪੰਜਾਬ ਦੇ ਸਾਬਕਾ ਸਿਹਤ ਮੰਤਰੀ ਅਤੇ ਸੀਨੀਅਰ ਕਾਂਗਰਸੀ ਆਗੂ ਬਲਬੀਰ ਸਿੰਘ ਸਿੱਧੂ ਨੇ ਸੂਬੇ ਦੀ ਨਿੱਘਰ ਰਹੀ ਅਮਨ-ਕਾਨੂੰਨ ਦੀ ਸਥਿਤੀ ਉਤੇ ਗੰਭੀਰ ਚਿੰਤਾ ਦਾ ਪ੍ਰਗਟਾਵਾ ਕਰਦਿਆਂ ਕਿਹਾ ਹੈ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਲੋਕਾਂ ਦੀ ਜਾਨ-ਮਾਲ ਦੀ ਰਾਖੀ ਕਰਨ ਵਿਚ ਬੁਰੀ ਤਰਾਂ ਫੇਲ੍ਹ ਹੋ ਰਹੀ ਹੈ।

ਸ਼੍ਰੀ ਸਿੱਧੂ ਨੇ ਕਿਹਾ ਕਿ ਸੂਬੇ ਵਿਚ ਅਮਨ-ਕਾਨੂੰਨ ਦੀ ਹਾਲਤ ਇਸ ਹੱਦ ਤੱਕ ਨਿੱਘਰ ਗਈ ਹੈ ਕਿ ਪਿਛਲੇ 6 ਮਹੀਨਿਆਂ ਵਿਚ ਕੋਈ ਦਿਨ ਅਜਿਹਾ ਨਹੀਂ ਗਿਆ ਜਿਸ ਦਿਨ ਘੱਟੋ-ਘੱਟ ਔਸਤ ਤਿੰਨ ਕਤਲ ਨਾ ਹੋਏ ਹੋਣ। ਉਹਨਾਂ ਕਿਹਾ ਕਿ ਪਿਛਲੇ ਚੌਵੀ ਘੰਟਿਆਂ ਵਿਚ ਵੀ ਤਰਨਤਾਰਨ ਜ਼ਿਲੇ ਦੇ ਇਕ ਪਿੰਡ ਵਿਚ ਇਕੋ ਪਰਿਵਾਰ ਦੇ ਤਿੰਨ ਜੀਆਂ ਦੇ ਕਤਲ ਹੋਏ ਹਨ ਅਤੇ ਇਸ ਦੇ ਨਾਲ ਲੱਗਵੇਂ ਜ਼ਿਲੇ ਅੰਮ੍ਰਿਤਸਰ ਵਿਚ ਇਕ ਪੁਲੀਸ ਇੰਸਪੈਕਟਰ ਉਤੇ ਜਾਨਲੇਵਾ ਹਮਲਾ ਹੋਇਆ ਹੈ ਜੋ ਆਪਣੀ ਬੁਲਿਟ-ਪਰੂਫ ਜੈਕਟ ਕਾਰਨ ਬਚ ਗਿਆ। ਸਾਬਕਾ ਮੰਤਰੀ ਨੇ ਕਿਹਾ ਕਿ ਪਿਛਲੇ ਇਕ ਹਫਤੇ ਦੌਰਾਨ ਹੀ ਬਠਿੰਡਾ ਸ਼ਹਿਰ ਅੰਦਰ ਦੋ ਵੱਖ ਵੱਖ ਘਟਨਾਵਾਂ ਵਿਚ ਦਿਨ ਦਿਹਾੜੇ ਦੋ ਵਪਾਰੀਆਂ ਨੂੰ ਗੋਲੀਆਂ ਮਾਰ ਦਿੱਤੀਆਂ ਗਈਆਂ ਸਨ।

ਸ਼੍ਰੀ ਸਿੱਧੂ ਨੇ ਕਿਹਾ ਕਿ ਪੰਜਾਬ ਵਿਚ ਕਾਤਲ ਟੋਲੇ ਬਿਨਾਂ ਕਿਸੇ ਡਰ ਭੈਅ ਤੋਂ ਹਰਲ-ਹਰਲ ਕਰਦੇ ਫਿਰ ਰਹੇ ਹਨ, ਨਾਮੀ ਗੈਂਗਸਟਰ ਜੇਲ੍ਹਾਂ ਵਿਚ ਬੈਠ ਕੇ ਮਨਮਰਜ਼ੀ ਦੇ ਟੀਵੀ ਚੈਨਲਾਂ ਨੂੰ ਇੰਟਰਵਿਊਆਂ ਦੇ ਰਹੇ ਹਨ ਅਤੇ ਰੇਤ, ਸ਼ਰਾਬ ਅਤੇ ਡਰੱਗ ਮਾਫੀਆ ਲੋਕਾਂ ਦੀ ਸ਼ਰੇਆਮ ਲੁੱਟ ਕਰ ਰਹੇ ਹਨ। ਉਹਨਾਂ ਕਿਹਾ ਕਿ ਸੂਬੇ ਵਿਚ ਸਿਆਸੀ ਲੀਡਰਸ਼ਿਪ, ਸਿਵਲ ਤੇ ਪੁਲੀਸ ਪ੍ਰਸਾਸ਼ਨ ਦਰਮਿਆਨ ਕੋਈ ਤਾਲਮੇਲ ਨਹੀਂ ਹੈ ਜਿਸ ਦੀ ਕੀਮਤ ਲੋਕਾਂ ਨੂੰ ਆਪਣੀਆਂ ਜਾਨਾਂ ਦੇ ਕੇ ਚੁਕਾਉਣੀ ਪੈ ਰਹੀ ਹੈ। ਉਹਨਾਂ ਹੋਰ ਕਿਹਾ ਕਿ ਅਜਿਹੀ ਹਾਲਤ ਵਿਚ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਸੂਬੇ ਦੀ ਅਮਨ-ਕਾਨੂੰਨ ਹਾਲਤ ਵੱਲ ਧਿਆਨ ਦੇਣ ਦੀ ਥਾਂ ਹੋਰਨਾਂ ਸੂਬਿਆਂ ਵਿਚ ਵੋਟਾਂ ਮੰਗਦੇ ਫਿਰ ਰਹੇ ਹਨ।

ਸੀਨੀਅਰ ਕਾਂਗਰਸੀ ਆਗੂ ਨੇ ਕਿਹਾ ਕਿ ਆਮ ਆਦਮੀ ਪਾਰਟੀ ਸਰਕਾਰ ਸਿਰਫ਼ ਅਮਨ-ਕਾਨੂੰਨ ਦੇ ਮਾਮਲੇ ਵਿਚ ਹੀ ਫੇਲ੍ਹ ਨਹੀਂ ਹੋ ਰਹੀ ਬਲਕਿ ਹਰ ਫਰੰਟ ਉਤੇ ਹੀ ਬੁਰੀ ਤਰਾਂ ਫੇਲ੍ਹ ਹੋ ਰਹੀ ਹੈ। ਉਹਨਾ ਕਿਹਾ ਕਿ ਬੇਲੋੜੀ ਇਸ਼ਤਿਹਾਰਬਾਜ਼ੀ ਅਤੇ ਹਵਾਈ ਸਫਰਾਂ ਉਤੇ ਕੀਤੀ ਜਾ ਰਹੀ ਫਜ਼ੂਲਖਰਚੀਆਂ ਵਰਗੇ ਵਰਤਾਰਿਆਂ ਕਾਰਨ ਪੰਜਾਬ ਸਿਰ ਪਿਛਲੇ ਡੇਢ ਸਾਲ ਵਿਚ ਹੀ ਤਕਰੀਬਨ 60 ਹਜ਼ਾਰ ਕਰੋੜ ਦਾ ਨਵਾਂ ਕਰਜ਼ਾ ਚੜ੍ਹ ਗਿਆ ਹੈ। ਸ਼੍ਰੀ ਸਿੱਧੂ ਨੇ ਕਿਹਾ ਕਿ ਭਗਵੰਤ ਮਾਨ ਸਰਕਾਰ ਸੂਬੇ ਦੇ ਹਿੱਤਾਂ ਲਈ ਕੇਂਦਰ ਸਰਕਾਰ ਨਾਲ ਸਿਆਸੀ ਤੇ ਕੂਟਨੀਤਕ ਲੜਾਈ ਲੜਣ ਵਿਚ ਪੂਰੀ ਤਰਾਂ ਫੇਲ੍ਹ ਹੋ ਰਹੀ ਜਿਸ ਦੇ ਸਿੱਟੇ ਵਜੋਂ ਪੰਜਾਬ ਵਿਚ ਕੇਂਦਰੀ ਗਰਾਟਾਂ ਦੀ ਹਿਸੇਦਾਰੀ ਘੱਟਣ ਦੇ ਨਾਲ ਨਾਲ ਪੰਜਾਬ ਨੂੰ ਆਪਣੇ ਫੰਡ ਵੀ ਨਹੀਂ ਮਿਲ ਰਹੇ।

ਸ਼੍ਰੀ ਸਿੱਧੂ ਨੇ ਕਿਹਾ ਕਿ ਸੂਬੇ ਦੇ ਲੋਕ ਆਮ ਆਦਮੀ ਪਾਰਟੀ ਦੀ ਸਰਕਾਰ ਤੋਂ ਪੂਰੀ ਤਰਾਂ ਨਿਰਾਸ਼ ਹੋ ਕੇ ਅਗਲ੍ਹੀਆਂ ਚੋਣਾਂ ਵਿਚ ਇਸ ਦਾ ਬਦਲ ਲੱਭਣ ਲਈ ਸੋਚਣ ਲੱਗ ਪਏ ਹਨ ਅਤੇ ਇਸ ਸਥਿਤੀ ਦਾ ਲਾਹਾ ਲੈਣ ਲਈ ਕਾਂਗਰਸ ਪਾਰਟੀ ਨੇ ਹੁਣੇ ਤੋਂ ਹੀ ਆਪਣੀਆਂ ਤਿਆਰੀਆਂ ਵਿੱਢੀਆਂ ਹੋਈਆਂ ਹਨ।

Share This Article
Leave a Comment