ਤਰਨ ਤਾਰਨ, 7 ਫਰਵਰੀ: ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਅੱਜ ਕਿਹਾ ਕਿ ਆਮ ਆਦਮੀ ਪਾਰਟੀ (ਆਪ) ਸਰਕਾਰ ਦੇ ਰਾਜ ਵਿਚ ’ਆਮ ਆਦਮੀ’ ਸਭ ਤੋਂ ਵੱਧ ਦੁਖੀ ਹਨ ਤੇ ਆਮ ਲੋਕਾਂ ਨੂੰ ਸੜਕਾਂ, ਸਟ੍ਰੀਟ ਲਾਈਟਾਂ ਤੇ ਸੀਵਰੇਜ ਵਰਗੀਆਂ ਬੁਨਿਆਦੀ ਸਹੂਲਤਾਂ ਵੀ ਨਹੀਂ ਦਿੱਤੀਆਂ ਜਾ ਰਹੀਆਂ ਤੇ ਗਰੀਬਾਂ ਨੂੰ ਸਮਾਜ ਭਲਾਈਸਕੀਮਾਂ ਦੇ ਲਾਭ ਦੇਣ ਤੋਂ ਨਾਂਹ ਕੀਤੀ ਜਾ ਰਹੀ ਹੈ।
ਅਕਾਲੀ ਦਲ ਦੇ ਪ੍ਰਧਾਨ ਨੇ ਪੰਜਾਬ ਬਚਾਓ ਯਾਤਰਾ ਤਹਿਤ ਅੱਜ ਤਰਨ ਤਾਰਨ ਤੇ ਖਡੂਰ ਸਾਹਿਬ ਵਿਧਾਨ ਸਭਾ ਹਲਕਿਆਂ ਦਾ ਦੌਰਾ ਕੀਤਾ, ਜਿਸ ਦੌਰਾਨ ਉਹਨਾਂ ਨੂੰ ਬਹੁਤ ਭਰਵਾਂ ਹੁੰਗਾਰਾ ਮਿਲਿਆ ਤੇ ਹਜ਼ਾਰਾਂ ਮੋਟਰ ਸਾਈਕਲਾਂ, ਜੀਪਾਂ, ਕਾਰਾਂ ਤੇ ਟਰੈਕਟਰਾਂ ਨੇ ਯਾਤਰਾ ਵਿਚ ਸ਼ਮੂਲੀਅਤ ਕੀਤੀ। ਬਾਦਲ ਨੇ ਕਿਹਾ ਕਿ ਇਹ ਸਰਕਾਰ ਆਮ ਆਦਮੀ ਜੋ ਇਸਦੇ ਰਾਜ ਵਿਚ ਸਭ ਤੋਂ ਵੱਧ ਦੁਖੀ ਹੈ, ਦੀਆਂ ਆਸਾਂ ਪੂਰੀ ਨਹੀਂ ਕਰ ਸਕਦੀ ਕਿਉਂਕਿ ਇਸਨੂੰ ਰਿਮੋਰਟ ਨਾਲ ਦਿੱਲੀ ਤੋਂ ਚਲਾਇਆ ਜਾ ਰਿਹਾ ਹੈ ਤੇ ਇਸਦੀ ਵਰਤੋਂ ਦੇਸ਼ ਭਰ ਵਿਚ ਆਪ ਦਾ ਪਸਾਰ ਕਰਨ ਵਾਸਤੇ ਕੀਤੀ ਜਾ ਰਹੀ ਹੈ ਪੰਜਾਬ ਵਿਚ ’ਆਮ ਆਦਮੀ’ ਦੀਆਂ ਆਸਾਂ ਪੂਰੀਆਂ ਕਰਨ ਵਾਸਤੇ ਡੱਕਾ ਵੀ ਨਹੀਂ ਤੋੜਿਆ ਜਾ ਰਿਹਾ।
ਅਕਾਲੀ ਦਲ ਦੇ ਪ੍ਰਧਾਨ ਜਿਹਨਾਂ ਨੇ ਮਜ਼ਦੂਰਾਂ ਨਾਲ ਗੱਲਬਾਤ ਕੀਤੀ, ਨੇ ਕਿਹਾ ਕਿ ਆਪ ਦੇ ਰਾਜ ਵਿਚ ਮਜ਼ਦੂਰ ਸਭ ਤੋਂ ਵੱਧ ਪ੍ਰਭਾਵਤ ਹਨ ਤੇ ਉਹਨਾਂ ਦੇ ਹਿੱਤਾਂ ਦੀ ਰਾਖੀ ਵਾਸਤੇ ਕੁਝ ਨਹੀਂ ਕੀਤਾ ਜਾ ਰਿਹਾ ਤੇ ਸਰਕਾਰੀ ਵਿਭਾਗਾਂ ਵਿਚ ਸਾਰਾ ਮਜ਼ਦੂਰੀ ਦਾ ਕੰਮ ਬਾਹਰਲਿਆਂ ਨੂੰ ਆਊਟ ਸੋਰਸ ਕਰ ਦਿੱਤਾ ਗਿਆ ਹੈ।
ਅਪਾਹਜ਼ ਵਿਅਕਤੀਆਂ ਦੀ ਐਸੋਸੀਏਸ਼ਨਾਂ ਦੇ ਪ੍ਰਤੀਨਿਧ ਵੀ ਸੁਖਬੀਰ ਸਿੰਘ ਬਾਦਲ ਨੂੰ ਮਿਲੇ ਤੇ ਦੱਸਿਆ ਕਿ ਜਦੋਂ ਉਹਨਾਂ ਨੇ ਮੁੱਖ ਮੰਤਰੀ ਸਾਹਮਣੇ ਆਪਣੀਆਂ ਮੰਗਾਂ ਪੇਸ਼ ਕਰਨ ਦਾ ਯਤਨ ਕੀਤਾ ਤਾਂ ਉਹਨਾਂ ’ਤੇ ਲਾਠੀਚਾਰਜ ਕੀਤਾ ਗਿਆ। ਲੋਕਾਂ ਨੇ ਬਾਦਲ ਕੋਲ ਆ ਕੇ ਸ਼ਿਕਾਇਤ ਕੀਤੀ ਕਿ ਉਹਨਾਂ ਨੂੰ ਆਟਾ ਦਾਲ ਸਕੀਮ ਤਹਿਤ ਕਣਕ ਨਹੀਂ ਮਿਲ ਰਹੀ।
ਅਕਾਲੀ ਦਲ ਦੇ ਪ੍ਰਧਾਨ ਨੇ ਭਰੋਸਾ ਦੁਆਇਆ ਕਿ ਅਕਾਲੀ ਦਲ ਇਹ ਯਕੀਨੀ ਬਣਾਏਗਾ ਕਿ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਦੀ ਸੋਚ ਅਨੁਸਾਰ ਸਕੀਮ ਲਾਗੂ ਕੀਤੀ ਜਾਵੇ ਤੇ ਸਕੀਮ ਤਹਿਤ ਦਾਲਾਂ ਵੀ ਦਿੱਤੀਆਂ ਜਾਣ।
ਸੁਖਬੀਰ ਸਿੰਘ ਬਾਦਲ ਨੇ ਕਿਹਾ ਕਿ ਆਪ ਸਰਕਾਰ ਦੇ ਰਾਜ ਵਿਚ ਬੁਨਿਆਦੀ ਢਾਂਚਾ ਢਹਿ ਢੇਰੀ ਹੋ ਗਿਆ ਹੈ ਭਾਵੇਂ ਉਹ ਲਿੰਕ ਸੜਕਾਂ ਹੋਣ ਜਾਂ ਫਿਰ ਸੀਵਰੇਜ ਸਿਸਟਮ ਜਾਂ ਪਿੰਡਾਂ ਵਿਚ ਗਲੀਆਂ ਤੇ ਸਟ੍ਰੀਟ ਲਾਈਟਾਂ, ਸਭ ਟੁੱਟ ਭੱਜ ਗਏ ਹਨ। ਉਹਨਾਂ ਕਿਹਾ ਕਿ ਅਜਿਹਾ ਜਾਪਦਾ ਹੈ ਕਿ ਮੁੱਖ ਮੰਤਰੀ ਨੂੰ ਲੋਕਾਂ ਦੀ ਭਲਾਈ ਦੀ ਕੋਈ ਚਿੰਤਾ ਨਹੀਂ ਤੇ ਉਹ ਤਾਂ ਸਿਰਫ ਪਬਲੀਸਿਟੀ ਸਟੰਟ ਵਿਚ ਰੁੱਝੇ ਹਨ ਤੇ ਆਪਣੇ ਆਕਾ ਅਰਵਿੰਦ ਕੇਜਰੀਵਾਲ ਨੂੰ ਇਕ ਥਾਂ ਤੋਂ ਦੂਜੀ ਥਾਂ ਲਿਜਾਣ ਤੇ ਲਿਆਉਣ ਵਿਚ ਲੱਗੇ ਹਨ।
ਤਰਨ ਤਾਰਨ ਵਿਖੇ ਸੰਬੋਧਨ ਕਰਦਿਆਂ ਬਾਦਲ ਨੇ ਕਿਹਾ ਕਿ ਅਕਾਲੀ ਦਲ ਦੇ ਸੱਤਾ ਵਿਚ ਪਰਤਣ ’ਤੇ ਇਸ ਇਤਿਹਾਸਕ ਨਗਰੀ ਨੂੰ ਦੁਨੀਆਂ ਦੇ ਨਕਸ਼ੇ ’ਤੇ ਲਿਆਂਦਾ ਜਾਵੇਗਾ। ਉਹਨਾਂ ਕਿਹਾ ਕਿ ਅਸੀਂ ਪੁਰਾਤਨ ਸ਼ਹਿਰ ਦੇ ਆਲੇ ਦੁਆਲੇ ਦੇ ਸਾਰੇ ਇਲਾਕੇ ਦਾ ਪੁਨਰ ਨਿ+ਮਾਣ ਕਰਾਂਗੇ ਤੇ ਇਥੇ ਵੀ ਉਸੇ ਤਰੀਕੇ ਵਿਰਾਸਤੀ ਮਾਰਗ ਬਣਾਇਆ ਜਾਵੇਗਾ ਜਿਵੇਂ ਅੰਮ੍ਰਿਤਸਰ ਵਿਚ ਸ੍ਰੀ ਦਰਬਾਰ ਸਾਹਿਬ ਦੇ ਬਾਹਰ ਵਿਰਾਸਤੀ ਮਾਰਗ ਬਣਾਇਆ ਗਿਆ ਹੈ। ਉਹਨਾਂ ਕਿਹਾ ਕਿ ਇਸ ਤੋਂ ਇਲਾਵਾ ਸਾਰੀਆਂ ਪੇਂਡੂ ਸੜਕਾਂ ਦਾ ਸਰੂਪ ਬਦਲਿਆ ਜਾਵੇਗਾ ਤੇ ਸਾਰੇ ਕਸਬਿਆਂ ਤੇ ਸ਼ਹਿਰਾਂ ਵਿਚ ਸੀਵਰੇਜ ਸਿਸਟਮ ਦਾ ਸੁਚੱਜੇ ਢੰਗ ਨਾਲ ਕੰਮ ਕਰਨਾ ਯਕੀਨੀ ਬਣਾਇਆ ਜਾਵੇਗਾ।
ਖਡੂਰ ਸਾਹਿਬ ਵਿਖੇ ਸੰਬੋਧਨ ਕਰਦਿਆਂ ਅਕਾਲੀ ਦਲ ਦੇ ਪ੍ਰਧਾਨ ਨੇ ਕਿਹਾ ਕਿ ਇਕ ਵਾਰ ਸਾਡੀ ਸਰਕਾਰ ਬਣਨ ’ਤੇ ਅਸੀਂ ਸਾਰੀ ਸਰਹੱਦੀ ਪੱਟੀ ਦੇ ਵਿਕਾਸ ਵਾਸਤੇ ਵੱਖਰੀ ਯੋਜਨਾ ਬਣਾਵਾਂਗੇ ਅਤੇ ਉਦਯੋਗਾਂ ਨੂੰ ਇਸ ਇਲਾਕੇ ਵਿਚ ਨਿਵੇਸ਼ ਕਰਨ ਦਾ ਸੱਦਾ ਦਿਆਂਗੇ ਤੇ ਇਥੇ ਲਘੂ ਤੇ ਛੋਟੀਆਂ ਉਦਯੋਗਿਕ ਇਕਾਈਆਂ ਸਥਾਪਿਤ ਕਰਾਂਗੇ ਤੇ ਗੋਇੰਦਵਾਲ ਸਾਹਿਬ ਵਾਂਗੂ ਇਥੇ ਪੁਰਾਣਾ ਇੰਡਸਟਰੀਅਲ ਅਸਟੇਟ ਬਹਾਲ ਕਰਾਂਗੇ।