ਵੈਨਕੂਵਰ : ਵੈਨਕੂਵਰ ਦੀ ਇੱਕ ਅਦਾਲਤ ਵਿੱਚ ਪੇਸ਼ੀ ਲਈ ਪਹੁੰਚੀ ਔਰਤ ‘ਤੇ ਜਾਨਲੇਵਾ ਹਮਲਾ ਕਰਨ ਦਾ ਮਾਮਲਾ ਪ੍ਰਕਾਸ਼ ਵਿਚ ਆਇਆ ਹੈ। ਘਟਨਾ ਇਸੇ ਹਫ਼ਤੇ ਦੀ ਦੱਸੀ ਜਾ ਰਹੀ ਹੈ। ਖਬਰਾਂ ਅਨੁਸਾਰ ਵੈਨਕੂਵਰ ਲਾਅ ਕੋਰਟਾਂ ‘ਚ 53 ਸਾਲਾ ਔਰਤ ਜਿੰਗ ਲੂ ‘ਤੇ ਛੁਰਾ ਮਾਰਨ ਤੋਂ ਬਾਅਦ ਉਸ ‘ਤੇ ਹਮਲਾ ਵੀ ਕੀਤਾ ਗਿਆ। ਵੱਡੀ ਗੱਲ ਇਹ ਕਿ ਹਮਲਾ ਕਰਨ ਵਾਲੀ ਵੀ ਔਰਤ ਹੀ ਦੱਸੀ ਜਾ ਰਹੀ ਹੈ ।
ਐਸ.ਜੀ.ਟੀ. ਵੈਨਕੂਵਰ ਪੁਲਿਸ ਦੇ ਸਟੀਵ ਐਡੀਸਨ ਨੇ ਇੱਕ ਈਮੇਲ ਬਿਆਨ ਵਿੱਚ ਕਿਹਾ ਹੈ ਕਿ ਮੁਲਜ਼ਮ (ਕੈਥਰੀਨ ਸੇ਼ਨ) ਅਤੇ ਪੀੜਤ (ਜਿੰਗ ਲੂ) ਇੱਕ ਸਿਵਲ ਮਾਮਲੇ ਲਈ ਅਦਾਲਤ ਵਿੱਚ ਸਨ ਜੋ ਮੰਗਲਵਾਰ ਨੂੰ ਸੁਣਵਾਈ ਲਈ ਤਹਿ ਕੀਤੀ ਗਈ ਸੀ।
ਸਟੀਵ ਐਡੀਸਨ ਦਾ ਕਹਿਣਾ ਹੈ ਕਿ 53 ਸਾਲਾ ਪੀੜਤ ਔਰਤ ਨੂੰ ਚਾਕੂ ਮਾਰ ਕੇ ਗੰਭੀਰ ਰੂਪ ਵਿੱਚ ਜ਼ਖਮੀ ਕੀਤਾ ਗਿਆ, ਇਹ ਘਟਨਾ ਅਦਾਲਤ ਦਾ ਸੈਸ਼ਨ ਸ਼ੁਰੂ ਹੋਣ ਤੋਂ ਪਹਿਲਾਂ ਹੋਈ ਸੀ।
ਉਧਰ ਅਟਾਰਨੀ ਜਨਰਲ ਮੰਤਰਾਲੇ ਦਾ ਕਹਿਣਾ ਹੈ ਕਿ ਉਹ ਅਦਾਲਤ ‘ਚ ਹੋਏ ਹਮਲੇ ਤੋਂ ਜਾਣੂ ਹੈ ਅਤੇ ਸਾਰੇ ਅਦਾਲਤੀ ਉਪਭੋਗਤਾਵਾਂ ਅਤੇ ਅਮਲੇ ਦੀ ਸੁਰੱਖਿਆ ਇਕ ਪਹਿਲ ਹੈ।
ਮੰਤਰਾਲੇ ਨੇ ਇਕ ਬਿਆਨ ਵਿਚ ਕਿਹਾ ਹੈ ਕਿ ਉਹ ਇਸ ਘਟਨਾ ਦੀ ਸਮੀਖਿਆ ਕਰ ਰਿਹਾ ਹੈ ਤਾਂ ਕਿ ਇਹ ਨਿਰਧਾਰਤ ਕੀਤਾ ਜਾ ਸਕੇ ਕਿ ਅਦਾਲਤ ਦੀ ਇਮਾਰਤ ‘ਤੇ ਹੋਰ ਉਪਰਾਲਿਆਂ ਦੀ ਲੋੜ ਹੈ ਜਾਂ ਨਹੀਂ।
ਵੈਨਕੂਵਰ ਲਾਅ ਕੋਰਟਾਂ ਵਿਚ ਕੁਝ ਕਚਹਿਰੀਆਂ ਲਈ ਸੁਰੱਖਿਆ ਚੌਕੀਆਂ ਹਨ ਪਰ ਪੂਰੀ ਇਮਾਰਤ ਲਈ ਨਹੀਂ, ਹਾਲਾਂਕਿ ਮੰਤਰਾਲੇ ਦਾ ਕਹਿਣਾ ਹੈ ਕਿ ਹਥਿਆਰਾਂ ਨੂੰ ਅਦਾਲਤ ਦੇ ਅੰਦਰ ਲਿਆਉਣ ਤੋਂ ਵਰਜਿਆ ਗਿਆ ਹੈ।
ਵੈਨਕੂਵਰ ਪੁਲਿਸ ਦਾ ਕਹਿਣਾ ਹੈ ਕਿ ਸ਼ੈਰਿਫਾਂ ਨੇ ਪੁਲਿਸ ਦੇ ਆਉਣ ਤਕ ਸ਼ੱਕੀ ਨੂੰ ਰੋਕਿਆ ਸੀ । ਪੁਲਿਸ ਦਾ ਕਹਿਣਾ ਹੈ ਕਿ ਕੈਥਰੀਨ ਸ਼ੇਨ ਸ਼ੁੱਕਰਵਾਰ ਨੂੰ ਅਦਾਲਤ ਵਿੱਚ ਪੇਸ਼ ਹੋਣ ਜਾ ਰਹੀ ਹੈ।