ਕੈਪਟਨ ਅਤੇ ਕਾਂਗਰਸ ਦੇ ਸਿਪਹਸਲਾਰਾਂ ਦਰਮਿਆਨ ਛਿੜੀ ਜ਼ੁਬਾਨੀ ਜੰਗ, ਕੈਪਟਨ ਦੇ ਤੇਵਰ ਹੋਏ ਹੋਰ ਤਿੱਖੇ

TeamGlobalPunjab
3 Min Read

ਚੰਡੀਗੜ੍ਹ/ਨਵੀਂ ਦਿੱਲੀ : ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਮੀਡੀਆ ਸਲਾਹਕਾਰ ਰਵੀਨ ਠੁਕਰਾਲ ਵਲੋਂ ਕੀਤੇ ਗਏ ਇੱਕ ਟਵੀਟ ਤੋਂ ਬਾਅਦ ਕਾਂਗਰਸ ਪਾਰਟੀ ‘ਚ ਘਮਸਾਨ ਮਚਿਆ ਹੋਇਆ ਹੈ। ਕਾਂਗਰਸ ਹਾਈਕਮਾਨ ਵਲੋਂ ਕੈਪਟਨ ਨੂੰ ਯੋਜਨਾਬੱਧ ਤਰੀਕੇ ਨਾਲ ਨਜ਼ਰ ਅੰਦਾਜ਼ ਕੀਤਾ ਜਾ ਰਿਹਾ ਹੈ, ਜਿਸ ਤੋਂ ਬਾਅਦ ਕੈਪਟਨ ਵੀ ਤੈਸ਼ ਵਿੱਚ ਆਏ ਹੋਏ ਹਨ।

ਕਾਂਗਰਸ ਦੀ ਕੌਮੀ ਸਪੋਕਸਪਰਸਨ ਸੁਪ੍ਰਿਆ ਸ਼੍ਰੀਨੇਤ ਨੇ ਵੀਰਵਾਰ ਨੂੰ  ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਪਹਿਲਾਂ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਕਾਂਗਰਸ ਛੱਡੇ ਜਾਣ ਬਾਰੇ ਟਿੱਪਣੀ ਕੀਤੀ ਪਰ ਹੁਣ ਉਹ ਇਸ ਬਾਰੇ ਆਪਣੀਆਂ ਸਫ਼ਾਈਆਂ ਪੇਸ਼ ਕਰ ਰਹੀ ਹੈ।

ਇਹ ਸਾਰਾ ਬਖੇੜਾ ਬੀਤੇ ਕੱਲ ਕੈਪਟਨ ਅਮਰਿੰਦਰ ਸਿੰਘ ਦੇ ਇੱਕ ਬਿਆਨ ਨੂੰ ਰਵੀਨ ਠੁਕਰਾਲ ਵਲੋਂ ਟਵੀਟ ਕੀਤੇ ਜਾਣ ਤੋਂ ਬਾਅਦ ਖੜਾ ਹੋਇਆ ਹੈ। ਰਵੀਨ ਠੁਕਰਾਲ ਦੇ ਇਸ ਟਵੀਟ ਵਿੱਚ ਕੈਪਟਨ ਅਮਰਿੰਦਰ ਸਿੰਘ ਵਲੋਂ ਐਲਾਨ ਕੀਤਾ ਗਿਆ ਸੀ ਕਿ ਉਹ ਨਵਜੋਤ ਸਿੱਧੂ ਨੂੰ ਰੋਕਣ ਲਈ ਕੋਈ ਵੀ ਕੁਰਬਾਨੀ ਦੇਣ ਲਈ ਤਿਆਰ ਹਨ।

ਇਸ ਟਵੀਟ ਤੇ ਪ੍ਰਤੀਕਿਰਿਆ ਦਿੰਦੇ ਹੋਏ ਸੁਪ੍ਰਿਆ ਸ਼੍ਰੀਨੇਤ ਨੇ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਬਾਰੇ ਤਿੱਖਾ ਬਿਆਨ ਦਿੱਤਾ। ਉਨ੍ਹਾਂ ਕਿਹਾ , “ਕੈਪਟਨ ਕਾਂਗਰਸ ਪਾਰਟੀ ਦੇ ਯੋਧੇ ਰਹੇ ਹਨ। ਪਰ ਰਾਜਨੀਤੀ ਵਿੱਚ ਨਫ਼ਰਤ, ਈਰਖਾ ਅਤੇ ਬਦਲਾਖੋਰੀ ਦੀ ਕੋਈ ਥਾਂ ਨਹੀਂ ਹੈ । ਜੇ ਉਹ ਪਾਰਟੀ ਛੱਡਣਾ ਚਾਹੁੰਦਾ ਹੈ, ਤਾਂ ਮੇਰੇ ਕੋਲ ਇਸ ਬਾਰੇ ਕਹਿਣ ਲਈ ਕੁਝ ਨਹੀਂ ਹੈ। ”

ਸੁਪ੍ਰੀਆ ਸ਼੍ਰੀਨੇਤ ਦੇ ਇਸ ਬਿਆਨ ਤੋਂ ਬਾਅਦ ਰਵੀਨ ਠੁਕਰਾਲ ਵਲੋਂ ਪਲਟਵਾਰ ਕੀਤਾ ਗਿਆ। ਠੁਕਰਾਲ ਨੇ ਟਵੀਟ ਕਰਦਿਆਂ ਲਿਖਿਆ, “ਹਾਂ, ਰਾਜਨੀਤੀ ਵਿੱਚ ਗੁੱਸੇ ਲਈ ਕੋਈ ਜਗ੍ਹਾ ਨਹੀਂ ਹੈ। ਪਰ ਕੀ ਕਾਂਗਰਸ ਵਰਗੀ ਵੱਡੀ ਅਤੇ ਪੁਰਾਣੀ ਪਾਰਟੀ ਵਿੱਚ ਅਪਮਾਨ ਅਤੇ ਅਪਮਾਨ ਲਈ ਜਗ੍ਹਾ ਹੈ? ਜੇ ਮੇਰੇ ਵਰਗੇ ਕਿਸੇ ਸੀਨੀਅਰ ਪਾਰਟੀ ਨੇਤਾ ਨਾਲ ਅਜਿਹਾ ਸਲੂਕ ਕੀਤਾ ਜਾ ਸਕਦਾ ਹੈ, ਤਾਂ ਮੈਂ ਹੈਰਾਨ ਹਾਂ ਕਿ ਵਰਕਰਾਂ ਨੂੰ ਕੀ ਕੁਝ ਸਹਿਣਾ ਪਵੇਗਾ! ‘

ਰਵੀਨ ਠੁਕਰਾਲ ਦੇ ਇਸ ਟਵੀਟ ਤੋਂ ਬਾਅਦ ਹੁਣ ਕਾਂਗਰਸ ਦੀ ਕੌਮੀ ਸਪੋਕਸਪਰਸਨ ਸੁਪ੍ਰਿਆ ਸ਼੍ਰੀਨੇਤ ਨੇ ਆਪਣੀ ਸਫਾਈ ਦਿੰਦੇ ਹੋਏ ਇੱਕ ਹੋਰ ਟਵੀਟ ਕੀਤਾ ਹੈ। ਸੁਪ੍ਰਿਆ ਨੇ ਆਪਣੀ ਸਫ਼ਾਈ ਵਿਚ ਕਿਹਾ ਕਿ ਕੈਪਟਨ ਦੇ ਕਾਂਗਰਸ ਛੱਡਣ ਬਾਰੇ ਉਨ੍ਹਾਂ ਕੋਈ ਗੱਲ ਨਹੀਂ ਕਹੀ।

ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਜਿਸ ਤਰੀਕੇ ਨਾਲ ਕਾਂਗਰਸ ਹਾਈ ਕਮਾਨ ਅਤੇ ਪੰਜਾਬ ਦੀ ਮੌਜੂਦਾ ਲੀਡਰਸ਼ਿਪ ਤੇ ਸਵਾਲ ਚੁੱਕ ਰਹੇ ਹਨ ਉਸ ਤੋਂ ਸਾਫ ਹੈ ਕਿ ਕੈਪਟਨ ਛੇਤੀ ਹੀ ਕੋਈ ਵੱਡਾ ਸਿਆਸੀ ਕਦਮ ਚੁੱਕਣ ਜਾ ਰਹੇ ਹਨ, ਜਿਹੜਾ 2022 ਦੀਆਂ ਵਿਧਾਨ ਸਭਾ ਚੋਣਾਂ ਨੂੰ ਵੱਡੇ ਪੱਧਰ ਤੇ ਪ੍ਰਭਾਵਿਤ ਕਰੇਗਾ। ‌

Share This Article
Leave a Comment