ਪਟਿਆਲਾ : ਪਟਿਆਲਾ ਜ਼ਿਲ੍ਹੇ ਦੇ ਪਾਤੜਾਂ ਨਜ਼ਦੀਕੀ ਪਿੰਡ ਦੇ ਇੱਕ ਨੌਜਵਾਨ ਵਲੋਂ ਇੱਕ ਕੁੱਤੇ ਨੂੰ ਗੋਲੀ ਮਾਰ ਕੇ ਮਾਰਨ ਦਾ ਵੀਡੀਓ ਸ਼ੋਸ਼ਲ ਮੀਡੀਆ ‘ਤੇ ਸ਼ੇਅਰ ਕਰਨਾ ਖਾਸਾ ਮਹਿੰਗਾ ਪੈ ਗਿਆ । ਇਸ ਘਟਨਾ ਦੀ ਵੀਡੀਓ ਸੋਸ਼ਲ ਮੀਡੀਆ ਉੱਤੇ ਵਾਇਰਲ ਹੋਣ ਤੋਂ ਬਾਅਦ ਪਸ਼ੂ ਅਧਿਕਾਰ ਐਕਟੀਵਿਸਟ ਹਰਕਤ ਵਿਚ ਆ ਗਏ ਅਤੇ ਉਨ੍ਹਾਂ ਇਸ ਨੌਜਵਾਨ ਖ਼ਿਲਾਫ਼ ਕਾਨੂੰਨੀ ਕਾਰਵਾਈ ਲਈ ਕੋਸ਼ਿਸ਼ਾਂ ਸ਼ੁਰੂ ਕੀਤੀਆਂ । ਵੀਡੀਓ ਨੂੰ ਬਾਲੀਵੁੱਡ ਸਟਾਰ ਮਨਸਾ ਬਹਿਲ ਵਲੋਂ ਸ਼ੇਅਰ ਕਰਕੇ ਇਸ ਨੌਜਵਾਨ ਦੀ ਭਾਲ ਲਈ ਅਪੀਲ ਕੀਤੀ ਗਈ ਸੀ । ਇੱਕ ਪਸ਼ੂ ਅਧਿਕਾਰ ਕਾਰਕੁੰਨ ਮੀਤ ਵੱਲੋਂ ਲਏ ਨੋਟਿਸ ਮਗਰੋਂ ਮਾਮਲਾ ਦਰਜ ਕਰਵਾਇਆ ਗਿਆ । ਇਸ ਮਾਮਲੇ ਵਿੱਚ ਐਕਸ਼ਨ ਲੈਂਦੇ ਹੋਏ ਪਾਤੜਾਂ ਪੁਲਿਸ ਨੇ ਕੁੱਤੇ ਨੂੰ ਗੋਲੀ ਮਾਰਨ ਵਾਲੇ ਵਿਅਕਤੀ ਨੂੰ ਹਿਰਾਸਤ ਵਿਚ ਲੈ ਲਿਆ ਹੈ।
ਸੋਸ਼ਲ ਮੀਡੀਆ ਤੇ ਇਹ ਵੀਡੀਓ ਬੜੀ ਤੇਜ਼ੀ ਨਾਲ ਵਾਇਰਲ ਹੋਣ ਤੋਂ ਬਾਅਦ ਨੌਜਵਾਨ ਦੀ ਪਛਾਣ ਕਰ ਲਈ ਗਈ, ਇਹ ਪਾਤੜਾਂ ਦੇ ਨਜ਼ਦੀਕ ਪਿੰਡ ਖਾਸਪੁਰ ਦਾ ਦੱਸਿਆ ਜਾ ਰਿਹਾ ਹੈ।
ਇਸ ਵੀਡੀਓ ਨੂੰ ਸਾਬਕਾ ਕੇਂਦਰੀ ਮੋਨਿਕਾ ਗਾਂਧੀ ਦੀ ਜਾਨਵਰਾਂ ਦੀ ਸੁਰੱਖਿਆ ਲਈ ਬਣਾਈ ਸੰਸਥਾ ਪੇਟਾ ਨੇ ਗੰਭੀਰ ਨੋਟਿਸ ਲਿਆ ਅਤੇ ਇਸ ਸਬੰਧ ਵਿੱਚ ਪੰਜਾਬ ਦੇ ਡੀਜੀਪੀ ਕੋਲ ਪਹੁੰਚ ਕੀਤੀ ਸੀ । ਡੀਜੀਪੀ ਦੇ ਹੁਕਮਾਂ ‘ਤੇ ਕੁੱਤੇ ਨੂੰ ਗੋਲੀ ਮਾਰ ਰਹੇ ਇਸ ਨੌਜਵਾਨ ਦੀ ਭਾਲ ਪੰਜਾਬ ਪੁਲਿਸ ਨੇ ਕਰ ਲਈ ।
ਪਾਤੜਾਂ ਦੇ ਥਾਣਾ ਮੁਖੀ ਰਣਵੀਰ ਸਿੰਘ ਨੇ ਦੱਸਿਆ ਕਿ ਪੜਤਾਲ ਮਗਰੋਂ ਗੋਲੀ ਮਾਰਨ ਵਾਲੇ ਦੀ ਪਛਾਣ ਪਿੰਡ ਖਾਸਪੁਰ ਦੇ ਤਰਨਜੋਤ ਸਿੰਘ ਵਜੋਂ ਹੋਈ ਹੈ, ਜਿਸ ਖਿਲਾਫ਼ ਬਣਦੀਆਂ ਧਾਰਾਵਾਂ ਤਹਿਤ ਕੇਸ ਦਰਜ ਕਰਕੇ ਇਸ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ । ਫ਼ਿਲਹਾਲ ਇਸ ਵੱਲੋਂ ਵਰਤੀ ਗਈ ਰਾਇਫਲ ਨੂੰ ਬਰਾਮਦ ਕਰਨ ਲਈ ਪੁਲਿਸ ਤਫਤੀਸ਼ ਕਰ ਰਹੀ ਹੈ।