ਨਵੀਂ ਦਿੱਲੀ:ਦਿੱਲੀ ਪੁਲਿਸ ਦੇ ਸਪੈਸ਼ਲ ਸੈੱਲ ਨੇ ਵੱਡੀ ਕਾਰਵਾਈ ਕਰਦਿਆਂ ਕੌਮਾਂਤਰੀ ਹਥਿਆਰਾਂ ਦੀ ਤਸਕਰੀ ਦੇ ਰੈਕੇਟ ਦਾ ਪਰਦਾਫਾਸ਼ ਕੀਤਾ ਹੈ। ਪੁਲਿਸ ਨੇ ਪਾਕਿਸਤਾਨ ਦੀ ਖੁਫ਼ੀਆ ਏਜੰਸੀ ਆਈਐਸਆਈ ਦੇ ਨਿਰਦੇਸ਼ਾਂ ‘ਤੇ ਡਰੋਨ ਅਤੇ ਸਰਹੱਦੀ ਰਸਤੇ ਰਾਹੀਂ ਭਾਰਤ ਲਿਆਂਦੇ ਆਧੁਨਿਕ ਹਥਿਆਰਾਂ ਦੀ ਖੇਪ ਬਰਾਮਦ ਕੀਤੀ ਹੈ। ਇਸ ਮਾਮਲੇ ਵਿੱਚ ਕੁੱਲ 9 ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ। ਪੁਲਿਸ ਅਨੁਸਾਰ ਬਰਾਮਦ ਕੀਤੇ ਹਥਿਆਰਾਂ ਵਿੱਚ ਜ਼ਿਗਾਨਾ ਅਤੇ ਗਲੋਕ ਵਰਗੇ ਵਿਦੇਸ਼ੀ ਪਿਸਤੌਲ ਸ਼ਾਮਿਲ ਹਨ। ਕੁੱਲ 23 ਆਧੁਨਿਕ ਹਥਿਆਰ ਅਤੇ 92 ਕਾਰਤੂਸ ਜ਼ਬਤ ਕੀਤੇ ਗਏ ਹਨ। ਇਸ ਤੋਂ ਇਲਾਵਾ ਬਿਹਾਰ ਦੇ ਮੁੰਗੇਰ ‘ਚ ਦੇਸੀ ਹਥਿਆਰ ਵੀ ਬਰਾਮਦ ਕੀਤੇ ਗਏ ਹਨ।
ਜਾਂਚ ਵਿੱਚ ਸਾਹਮਣੇ ਆਇਆ ਹੈ ਕਿ ਇਹ ਹਥਿਆਰ ਦਿੱਲੀ-ਐਨਸੀਆਰ, ਪੰਜਾਬ ਅਤੇ ਹੋਰ ਰਾਜਾਂ ਦੇ ਗੈਂਗਸਟਰਾਂ ਅਤੇ ਸਮਾਜ ਵਿਰੋਧੀ ਅਨਸਰਾਂ ਤੱਕ ਪਹੁੰਚਾਏ ਜਾਣੇ ਸਨ। ਪੁਲਿਸ ਦਾ ਕਹਿਣਾ ਹੈ ਕਿ ਇਹ ਨੈੱਟਵਰਕ ਪਾਕਿਸਤਾਨ ਦੇ ਹਥਿਆਰ ਸਪਲਾਇਰਾਂ ਅਤੇ ਆਈਐਸਆਈ ਨਾਲ ਜੁੜਿਆ ਹੋਇਆ ਹੈ।
ਇਹ ਸਾਰਾ ਮਾਡਿਊਲ ਯੂਪੀ ਦੇ ਖੁਰਜਾ ਦਾ ਰਹਿਣ ਵਾਲਾ ਸ਼ਾਹਬਾਜ਼ ਅੰਸਾਰੀ ਹੈਂਡਲ ਕਰ ਰਿਹਾ ਹੈ। ਸ਼ਾਹਬਾਜ਼ ਅੰਸਾਰੀ ਇਸ ਸਮੇਂ ਬੰਗਲਾਦੇਸ਼ ‘ਚ ਹੈ ਅਤੇ ਉਥੋਂ ਹੀ ਸੰਚਾਲਨ ਕਰ ਰਿਹਾ ਹੈ। ਪੁਲਿਸ ਮੁਤਾਬਿਕ ਸ਼ਾਹਬਾਜ਼ ਦਾ ਚਾਚਾ ਰੇਹਾਨ ਅੰਸਾਰੀ ਵੀ ਸ਼ਾਮਿਲ ਹੈ। ਰੇਹਾਨ ਦੁਬਈ ਵਿੱਚ ਬੈਠਾ ਹੈ।
ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦੇ ਕਤਲ ਕੇਸ ਵਿੱਚ ਸ਼ਾਹਬਾਜ਼ ਅੰਸਾਰੀ ਦਾ ਨਾਂ ਵੀ ਸਾਹਮਣੇ ਆਇਆ ਹੈ। ਉਸ ਮਾਮਲੇ ‘ਚ ਗ੍ਰਿਫਤਾਰੀ ਤੋਂ ਬਾਅਦ ਉਹ ਜ਼ਮਾਨਤ ‘ਤੇ ਰਿਹਾਅ ਹੋ ਕੇ ਬੰਗਲਾਦੇਸ਼ ਫਰਾਰ ਹੋ ਗਿਆ ਸੀ। ਪੁਲਿਸ ਅਨੁਸਾਰ ਮੁਲਜ਼ਮ ਨੇਪਾਲ ਅਤੇ ਪੰਜਾਬ ਸਰਹੱਦ ਰਾਹੀਂ ਹਥਿਆਰ ਸਪਲਾਈ ਕਰਦੇ ਸਨ। ਰਾਹਿਲ ਅੰਸਾਰੀ, ਜੋ ਸ਼ਾਹਬਾਜ਼ ਦਾ ਚਚੇਰਾ ਭਰਾ ਹੈ, ਭਾਰਤ ਵਿੱਚ ਹਥਿਆਰਾਂ ਦੀ ਖੇਪ ਪ੍ਰਾਪਤ ਕਰਦਾ ਸੀ।
ਇਸ ਦੇ ਨਾਲ ਹੀ ਫਰਦੀਨ, ਵਾਸੀ ਮੌਜਪੁਰ, ਦਿੱਲੀ, ਵਿਸ਼ਾਲ ਸਿੰਘਾਨੀਆ ਵਾਸੀ ਆਜ਼ਮਗੜ੍ਹ, ਯੂ.ਪੀ ਅਤੇ ਅਹਿਮਦ ਵਾਸੀ ਜੌਨਪੁਰ ਇਨ੍ਹਾਂ ਹਥਿਆਰਾਂ ਨੂੰ ਅੱਗੇ ਵੇਚਦੇ ਸਨ। ਸਪੈਸ਼ਲ ਸੈੱਲ ਹੁਣ ਪੂਰੇ ਨੈੱਟਵਰਕ ਨਾਲ ਜੁੜੇ ਹੋਰ ਲੋਕਾਂ ਦੀ ਭਾਲ ‘ਚ ਰੁੱਝਿਆ ਹੋਇਆ ਹੈ ਅਤੇ ਮਾਮਲੇ ਦੀ ਜਾਂਚ ਜਾਰੀ ਹੈ।
ਨੋਟ: ਪੰਜਾਬੀ ਦੀਆਂ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੀ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ Global Punjab TV ਦੇ YouTube ਚੈਨਲ ਨੂੰ Subscribe ਕਰੋ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ ਅਤੇ ਇੰਸਟਾਗ੍ਰਾਮ ‘ਤੇ ਵੀ Follow ਕਰ ਸਕਦੇ ਹੋ। ਸਾਡੀ ਵੈੱਬਸਾਈਟ https://globalpunjabtv.com/ ‘ਤੇ ਜਾ ਕੇ ਵੀ ਹੋਰ ਖ਼ਬਰਾਂ ਨੂੰ ਪੜ੍ਹ ਸਕਦੇ ਹੋ

