ਇੰਗਲੈਂਡ ‘ਚ ਬੈਠੀ ਪ੍ਰੇਮਿਕਾ ਨੇ ਰਚੀ ਸਾਜ਼ਿਸ਼, ਪਤਨੀ ਤੇ ਡੇਢ ਸਾਲ ਦੇ ਬੱਚੇ ਨੂੰ ਪਤੀ ਨੇ ਦਿੱਤੀ ਦਰਦਨਾਕ ਮੌਤ

Global Team
4 Min Read

ਪਟਿਆਲਾ: ਪੰਜਾਬ ਦੇ ਪਟਿਆਲਾ ਵਿੱਚ ਇੱਕ ਸਾਲ ਪਹਿਲਾਂ ਇੱਕ ਔਰਤ ਅਤੇ ਉਸ ਦਾ ਡੇਢ ਸਾਲ ਦਾ ਬੱਚਾ ਭਾਖੜਾ ਨਹਿਰ ਵਿੱਚ ਡਿੱਗ ਗਿਆ ਸੀ। ਹੁਣ ਜਾਂਚ ‘ਚ ਸਾਹਮਣੇ ਆਇਆ ਕਿ ਮਾਂ ਤੇ ਬੱਚਾ ਡਿੱਗੇ ਨਹੀਂ ਸੀ ਸਗੋਂ ਉਨ੍ਹਾਂ ਨੂੰ ਧੱਕਾ ਮਾਰਿਆ ਗਿਆ ਸੀ। ਅਜਿਹਾ ਕਰਨ ਵਾਲਾ ਕੋਈ ਹੋਰ ਨਹੀਂ ਸਗੋਂ ਔਰਤ ਦਾ ਪਤੀ ਸੀ, ਜਿਸ ਨੇ ਇੰਗਲੈਂਡ ਰਹਿੰਦੀ ਆਪਣੀ ਪ੍ਰੇਮਿਕਾ ਨਾਲ ਵਿਆਹ ਕਰਵਾਉਣ ਲਈ ਆਪਣੇ ਮਾਸੂਮ ਬੱਚੇ ਨੂੰ ਵੀ ਨਹਿਰ ‘ਚ ਧੱਕਾ ਦੇ ਦਿੱਤਾ ਸੀ।ਪਹਿਲਾਂ ਉਨ੍ਹਾਂ ਪਤਨੀ ਤੇ ਬੱਚੇ ਨੂੰ ਦੂਰ ਕਰਨ ਲਈ ਇਕ ਪਲੈਨ ਬਣਾਇਆ ਫਿਰ ਉਸਨੂੰ ਅੰਜਾਮ ਦਿੱਤਾ।  380 ਦਿਨਾਂ ਬਾਅਦ ਇਸ ਰਾਜ਼ ਦਾ ਪਰਦਾਫਾਸ਼ ਹੋਇਆ ਹੈ। ਦੋਵਾਂ ਦੀ ਮੌਤ ਤੋਂ ਬਾਅਦ ਦੋਸ਼ੀ ਨੇ ਆਪਣੀ ਪ੍ਰੇਮਿਕਾ ਨਾਲ ਵਿਆਹ ਕਰਵਾ ਲਿਆ ।

ਪੁਲਿਸ ਜਾਂਚ ਵਿੱਚ ਸਾਹਮਣੇ ਆਇਆ ਹੈ ਕਿ ਔਰਤ ਦੇ ਪਤੀ ਨੇ ਨਾਜਾਇਜ਼ ਸਬੰਧਾਂ ਕਾਰਨ ਆਪਣੀ ਪਤਨੀ ਅਤੇ ਬੱਚੇ ਨੂੰ ਨਹਿਰ ਵਿੱਚ ਧੱਕਾ ਦੇ ਦਿੱਤਾ ਸੀ। ਇਸ ਦੇ ਆਧਾਰ ‘ਤੇ ਘੱਗਾ ਥਾਣਾ ਪੁਲਿਸ ਨੇ ਦੋਸ਼ੀ ਪਤੀ ਅਤੇ ਉਸ ਦੀ ਦੂਜੀ ਪਤਨੀ ਖਿਲਾਫ ਸਾਜ਼ਿਸ਼ ਰਚਣ ਅਤੇ ਕਤਲ ਦੇ ਦੋਸ਼ ‘ਚ ਮਾਮਲਾ ਦਰਜ ਕਰ ਲਿਆ ਹੈ। ਮੁਲਜ਼ਮਾਂ ਦੀ ਪਛਾਣ ਸ਼ੌਕੀਨ ਸਿੰਘ ਵਾਸੀ ਪਿੰਡ ਜਨੇਧਪੁਰ ਜ਼ਿਲ੍ਹਾ ਕੈਥਲ ਹਰਿਆਣਾ ਅਤੇ ਕਿਰਨਦੀਪ ਕੌਰ ਵਾਸੀ ਪਿੰਡ ਕਰਤਾਰਪੁਰ ਜੋਗੀਪੁਰ ਜ਼ਿਲ੍ਹਾ ਪਟਿਆਲਾ ਵਜੋਂ ਹੋਈ ਹੈ। ਘੱਗਾ ਥਾਣੇ ਦੇ ਇੰਚਾਰਜ ਐਸ.ਆਈ ਬਲਜੀਤ ਸਿੰਘ ਅਨੁਸਾਰ ਮੁਲਜ਼ਮਾਂ ਦੀ ਅਜੇ ਤੱਕ ਗ੍ਰਿਫ਼ਤਾਰੀ ਨਹੀਂ ਹੋਈ ਹੈ।

ਥਾਣਾ ਸਦਰ ਦੇ ਇੰਚਾਰਜ ਨੇ ਦੱਸਿਆ ਕਿ 15 ਜਨਵਰੀ 2024 ਨੂੰ ਮੁਲਜ਼ਮ ਸ਼ੌਕੀਨ ਸਿੰਘ ਆਪਣੀ ਪਤਨੀ ਗੁਰਪ੍ਰੀਤ ਕੌਰ (30) ਅਤੇ ਆਪਣੇ ਡੇਢ ਸਾਲ ਦੇ ਪੁੱਤਰ ਗੁਰਨਾਜ਼ ਸਿੰਘ ਨਾਲ ਪਟਿਆਲਾ ਦੇ ਪਿੰਡ ਦਫਤੜੀਵਾਲਾ ਸਥਿਤ ਆਪਣੇ ਸਹੁਰੇ ਘਰ ਜਾ ਰਿਹਾ ਸੀ। ਰਸਤੇ ਵਿੱਚ ਪਿੰਡ ਕਲਵਾਣੂ ਨੇੜੇ ਭਾਖੜਾ ਨਹਿਰ ਵਿੱਚ ਡਿੱਗਣ ਨਾਲ ਗੁਰਪ੍ਰੀਤ ਕੌਰ ਅਤੇ ਬੱਚੀ ਗੁਰਨਾਜ਼ ਦੀ ਮੌਤ ਹੋ ਗਈ। ਉਸ ਸਮੇਂ ਸ਼ੌਕੀਨ ਸਿੰਘ ਨੇ ਪੁਲਿਸ ਨੂੰ ਬਿਆਨ ਦਿੱਤਾ ਸੀ ਕਿ ਉਸ ਦੀ ਪਤਨੀ ਨਾਰੀਅਲ ਨਹਿਰ ‘ਚ ਸੁਟਣ ਗਈ ਸੀ ਪਰ ਪੈਰ ਤਿਲਕਣ ਕਾਰਨ ਉਹ ਨਹਿਰ ‘ਚ ਡਿੱਗ ਗਈ। ਉਸ ਸਮੇਂ ਗੁਰਪ੍ਰੀਤ ਕੌਰ ਨੇ ਆਪਣਾ ਬੱਚਾ ਵੀ ਆਪਣੀ ਗੋਦ ਵਿੱਚ ਲਿਆ ਹੋਇਆ ਸੀ। ਉਹ ਦੋਵੇਂ ਪਾਣੀ ਦੇ ਤੇਜ਼ ਵਹਾਅ ਵਿੱਚ ਵਹਿ ਗਏ। ਗੋਤਾਖੋਰਾਂ ਨੇ ਬਾਅਦ ਵਿੱਚ ਸੰਗਰੂਰ ਦੇ ਖਨੌਰੀ ਵਿੱਚੋਂ ਗੁਰਪ੍ਰੀਤ ਕੌਰ ਦੀ ਲਾਸ਼ ਬਰਾਮਦ ਕੀਤੀ ਪਰ ਡੇਢ ਸਾਲ ਦੇ ਗੁਰਨਾਜ਼ ਸਿੰਘ ਦੀ ਲਾਸ਼ ਅੱਜ ਤੱਕ ਨਹੀਂ ਮਿਲੀ।

ਇਸ ਘਟਨਾ ਤੋਂ ਕਰੀਬ 11 ਮਹੀਨੇ ਬਾਅਦ ਨਵੰਬਰ 2024 ਵਿੱਚ ਸ਼ੌਕੀਨ ਸਿੰਘ ਦਾ ਦੂਜਾ ਵਿਆਹ ਪਿੰਡ ਅਰਨੋ ਦੇ ਗੁਰਦੁਆਰਾ ਸਾਹਿਬ ਵਿਖੇ ਕਿਰਨਦੀਪ ਕੌਰ ਨਾਂ ਦੀ ਔਰਤ ਨਾਲ ਹੋਇਆ। ਇਸ ਕਾਰਨ ਗੁਰਪ੍ਰੀਤ ਕੌਰ ਦੇ ਪਰਿਵਾਰਕ ਮੈਂਬਰਾਂ ਨੂੰ ਸ਼ੱਕ ਹੋ ਗਿਆ। ਉਸ ਨੇ ਮਾਮਲੇ ਦੀ ਜਾਂਚ ਲਈ ਉੱਚ ਪੁਲਿਸ ਅਧਿਕਾਰੀ ਨੂੰ ਦਰਖਾਸਤ ਦਿੱਤੀ। ਇਸ ਦੇ ਆਧਾਰ ‘ਤੇ ਇਕ ਟੀਮ ਦਾ ਗਠਨ ਕਰਕੇ ਮਾਮਲੇ ਦੀ ਜਾਂਚ ਸ਼ੁਰੂ ਕੀਤੀ ਗਈ, ਜਿਸ ‘ਚ ਇਹ ਗੱਲ ਸਾਹਮਣੇ ਆਈ ਕਿ ਸ਼ੌਕੀਨ ਸਿੰਘ ਦੇ ਕਿਰਨਦੀਪ ਕੌਰ ਨਾਲ ਪਹਿਲਾਂ ਹੀ ਨਾਜਾਇਜ਼ ਸਬੰਧ ਸਨ। ਦੋਵਾਂ ਨੇ ਗੁਰਪ੍ਰੀਤ ਕੌਰ ਨੂੰ ਆਪਣੇ ਰਸਤੇ ਤੋਂ ਹਟਾਉਣ ਦੀ ਸਾਜ਼ਿਸ਼ ਰਚੀ ਅਤੇ ਪੂਰੀ ਵਿਉਂਤਬੰਦੀ ਨਾਲ ਸ਼ੋਕੀਨ ਸਿੰਘ ਨੇ ਸਹੁਰੇ ਪਰਿਵਾਰ ਕੋਲ ਜਾਂਦੇ ਹੋਏ ਗੁਰਪ੍ਰੀਤ ਕੌਰ ਨੂੰ ਨਹਿਰ ਵਿੱਚ ਧੱਕਾ ਦੇ ਦਿੱਤਾ।

ਉਨ੍ਹਾਂ ਦੀ ਮੌਤ ਤੋਂ ਬਾਅਦ 29 ਅਕਤੂਬਰ 2024 ਨੂੰ ਕਿਰਨਦੀਪ ਵੀ ਇੰਗਲੈਂਡ ਛਡ ਭਾਰਤ ਆ ਗਈ।  ਕਿਰਨਦੀਪ ਕੌਰ ਆਪਣੇ ਪਤੀ ਨੂੰ ਤਲਾਕ ਦਿੱਤੇ ਬਿਨਾਂ ਹੀ 1 ਨਵੰਬਰ 2024 ਨੂੰ ਸ਼ੌਕੀਨ ਸਿੰਘ ਨਾਲ ਵਿਆਹ ਕਰਵਾ ਲਿਆ। ਪੁਲਿਸ ਨੇ ਮ੍ਰਿਤਕ ਗੁਰਪ੍ਰੀਤ ਕੌਰ ਦੇ ਪਿਤਾ ਅਮਰੀਕ ਸਿੰਘ ਦੀ ਸ਼ਿਕਾਇਤ ’ਤੇ ਮੁਲਜ਼ਮ ਸ਼ੌਕੀਨ ਸਿੰਘ ਅਤੇ ਉਸ ਦੀ ਦੂਜੀ ਪਤਨੀ ਕਿਰਨਦੀਪ ਕੌਰ ਖ਼ਿਲਾਫ਼ ਕੇਸ ਦਰਜ ਕਰ ਲਿਆ ਹੈ। ਫਿਲਹਾਲ ਦੋਸ਼ੀ ਪੁਲਿਸ ਦੀ ਗ੍ਰਿਫਤ ਤੋਂ ਬਾਹਰ ਹਨ।

ਨੋਟ: ਪੰਜਾਬੀ ਦੀਆਂ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੀ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ Global Punjab TV ਦੇ YouTube ਚੈਨਲ ਨੂੰ Subscribe ਕਰੋ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ ‘ਤੇ ਵੀ Follow ਕਰ ਸਕਦੇ ਹੋ। ਸਾਡੀ ਵੈੱਬਸਾਈਟ https://globalpunjabtv.com/ ‘ਤੇ ਜਾ ਕੇ ਵੀ ਹੋਰ ਖ਼ਬਰਾਂ ਨੂੰ ਪੜ੍ਹ ਸਕਦੇ ਹੋ।

Share This Article
Leave a Comment