ਰਾਣਾ ਸੋਢੀ ਨੇ ਅਕਾਲੀ-ਭਾਜਪਾ ਸਰਕਾਰ ਸਮੇਂ ਖੇਡ ਕਿੱਟਾਂ ਦੀ ਵੰਡ ‘ਚ ਬੇਨਿਯਮੀਆਂ ਦੀ 30 ਦਿਨਾਂ ‘ਚ ਤੱਥ ਜਾਂਚ ਰਿਪੋਰਟ ਮੰਗੀ

TeamGlobalPunjab
3 Min Read

ਚੰਡੀਗੜ੍ਹ:ਪੰਜਾਬ ਦੇ ਖੇਡ ਮੰਤਰੀ ਗੁਰਮੀਤ ਸਿੰਘ ਸੋਢੀ ਨੇ ਅੱਜ ਵਿਧਾਨ ਸਭਾ ਦੀ ਫ਼ਸੀਲ ਤੋਂ ਦੱਸਿਆ ਕਿ ਸੂਬੇ ਵਿੱਚ ਖੇਡ ਕਿੱਟਾਂ ਅਤੇ ਜਿੰਮ ਦੇ ਸਾਮਾਨ ਦੀ ਵੰਡ ਵਿੱਚ ਊਣਤਾਈਆਂ ਦੇ ਤੱਥਾਂ ਦੀ ਜਾਂਚ ਕਰਵਾਈ ਜਾਵੇਗੀ। ਉਨ੍ਹਾਂ 30 ਕਰੋੜ ਰੁਪਏ ਮੁੱਲ ਨਾਲ ਖ਼ਰੀਦੇ ਖੇਡ ਸਾਮਾਨ ਦੇ ਮਾਮਲੇ ਵਿੱਚ ਤੱਥਾਂ ਦੀ ਜਾਂਚ ਦਾ ਜ਼ਿੰਮਾ ਖੇਡ ਵਿਭਾਗ ਨੂੰ ਸੌਂਪਣ ਦਾ ਐਲਾਨ ਕਰਦਿਆਂ ਕਿਹਾ ਕਿ ਇਹ ਪੜਤਾਲ 30 ਦਿਨਾਂ ਦੇ ਅੰਦਰ-ਅੰਦਰ ਮੁਕੰਮਲ ਕੀਤੀ ਜਾਵੇ।

ਬਜਟ ਇਜਲਾਸ ਦੇ ਪੰਜਵੇਂ ਦਿਨ ਸਦਨ ‘ਚ ਰਾਣਾ ਸੋਢੀ ਨੇ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ-ਭਾਜਪਾ ਸਰਕਾਰ ਦੇ ਕਾਰਜ ਕਾਲ ਦੌਰਾਨ ਸੂਬੇ ਵਿੱਚ ਖੇਡ ਕਿੱਟਾਂ ਅਤੇ ਜਿੰਮ ਦੇ ਸਾਮਾਨ ਦੀ ਵੰਡ ਵਿੱਚ ਊਣਤਾਈਆਂ ਸਬੰਧੀ ਕਈ ਮਾਮਲੇ ਸਾਹਮਣੇ ਆਏ ਹਨ ਜਿਸ ਕਾਰਨ ਖੇਡ ਸਾਮਾਨ ਦੀ ਵੰਡ ਦੀ ਜਾਂਚ ਕਰਾਉਣੀ ਜ਼ਰੂਰੀ ਬਣਦੀ ਹੈ। ਵਿਧਾਇਕ ਸ੍ਰੀ ਪਵਨ ਕੁਮਾਰ ਟੀਨੂੰ ਦੇ ਸਵਾਲ ਕਿ ਸਰਕਾਰ ਵੱਲੋਂ ਹਾਲੇ ਤੱਕ ਖਿਡਾਰੀਆਂ ਨੂੰ ਖੇਡ ਕਿੱਟਾਂ ਕਿਉਂ ਨਹੀਂ ਵੰਡੀਆਂ ਗਈਆਂ, ਦੇ ਜਵਾਬ ਵਿੱਚ ਰਾਣਾ ਸੋਢੀ ਨੇ ਕਿਹਾ ਕਿ ਸਰਕਾਰ ਦੀ ਅਜਿਹੀ ਕੋਈ ਨੀਤੀ ਨਹੀਂ ਹੈ। ਉਨ੍ਹਾਂ ਕਿਹਾ ਕਿ ਅਕਾਲੀ ਭਾਜਪਾ ਸਰਕਾਰ ਦੌਰਾਨ ਜੋ ਖੇਡ ਕਿੱਟਾਂ ਅਤੇ ਜਿੰਮ ਦਾ ਸਾਮਾਨ ਵੰਡਿਆ ਗਿਆ ਹੈ, ਉਸ ਸਬੰਧੀ ਬਹੁਤ ਸ਼ਿਕਾਇਤਾਂ ਪ੍ਰਾਪਤ ਹੋਈਆਂ ਹਨ। ਉਨ੍ਹਾਂ ਦੱਸਿਆ ਕਿ ਇਹ ਖੇਡ ਕਿੱਟਾਂ ਅਤੇ ਜਿੰਮ ਦਾ ਸਾਮਾਨ ਕਿਸ-ਕਿਸ ਨੂੰ ਕਲੱਬ ਨੂੰ ਦਿੱਤਾ ਗਿਆ ਅਤੇ ਕਿਸ ਆਧਾਰ ‘ਤੇ ਦਿੱਤਾ ਗਿਆ, ਇਸ ਸਬੰਧੀ ਕੋਈ ਰਿਕਾਰਡ ਨਹੀਂ ਹੈ ਅਤੇ ਮਾਮਲੇ ਦੀ ਗੰਭੀਰਤਾ ਅਤੇ 30 ਕਰੋੜ ਰੁਪਏ ਦੀ ਵੱਡੀ ਰਾਸ਼ੀ ਨਾਲ ਹੋਈ ਖ਼ਰੀਦ ਦੇ ਸਨਮੁਖ ਇਸ ਦੀ ਜਾਂਚ ਕਰਾਉਣੀ ਲਾਜ਼ਮੀ ਹੈ।

ਇਸ ਤੋਂ ਪਹਿਲਾਂ ਵਿਧਾਇਕ ਵੱਲੋਂ ਸਾਲ 2019-20 ਦੌਰਾਨ ਖਿਡਾਰੀਆਂ ਨੂੰ ਦਿੱਤੀਆਂ ਗਈਆਂ ਸਹੂਲਤਾਂ ਅਤੇ ਖੇਡ ਵਿੰਗਾਂ ਵਿੱਚ ਸ਼ਾਮਲ ਕੀਤੇ ਗਏ ਖਿਡਾਰੀਆਂ ਦੀ ਗਿਣਤੀ ਬਾਰੇ ਸਵਾਲ ਪੁੱਛਿਆ ਗਿਆ ਜਿਸ ਦਾ ਜਵਾਬ ਦਿੰਦਿਆਂ ਖੇਡ ਮੰਤਰੀ ਨੇ ਦੱਸਿਆ ਕਿ ਸਾਲ 2019-20 ਦੇ ਸੈਸ਼ਨ ਦੌਰਾਨ ਖੇਡ ਵਿੰਗਾਂ ਵਿੱਚ ਕੁੱਲ 4140 ਖਿਡਾਰੀਆਂ ਨੂੰ ਮਹੀਨਾ ਜੁਲਾਈ, 2019 ਅਤੇ ਇਸ ਤੋਂ ਬਾਅਦ ਦਾਖ਼ਲ ਕੀਤਾ ਗਿਆ। ਉਨ੍ਹਾਂ ਦੱਸਿਆ ਕਿ ਵਿੰਗਾਂ ਵਿੱਚ ਸ਼ਾਮਲ ਰੈਜ਼ੀਡੈਂਸ਼ੀਅਲ ਖਿਡਾਰੀਆਂ ਨੂੰ 200 ਰੁਪਏ ਅਤੇ ਡੇਅ-ਸਕਾਲਰ ਖਿਡਾਰੀਆਂ ਨੂੰ 100 ਰੁਪਏ ਪ੍ਰਤੀ ਖਿਡਾਰੀ ਪ੍ਰਤੀ ਦਿਨ ਦੀ ਦਰ ਨਾਲ ਖ਼ੁਰਾਕ/ਰਿਫ਼ਰੈਸ਼ਮੈਂਟ, ਸਿਖਲਾਈ ਅਤੇ ਖਿਡਾਰੀਆਂ ਦੀਆਂ ਵੱਖ-ਵੱਖ ਖੇਡਾਂ ਨਾਲ ਸਬੰਧਤ ਸਾਮਾਨ ਮੁਹੱਈਆ ਕਰਵਾਇਆ ਜਾਂਦਾ ਹੈ।

ਖੇਡ ਮੰਤਰੀ ਨੇ ਦੱਸਿਆ ਕਿ ਰੈਂਜ਼ੀਡੈਂਸੀਅਲ ਖਿਡਾਰੀਆਂ ਨੂੰ ਰਹਿਣ, ਖਾਣ-ਪੀਣ, ਡਾਕਟਰੀ ਸਹਾਇਤਾ ਅਤੇ ਪੜ੍ਹਾਈ-ਲਿਖਾਈ ਦੀ ਮੁਫ਼ਤ ਸਹੂਲਤ ਵੀ ਮੁਹੱਈਆ ਕਰਵਾਈ ਜਾਂਦੀ ਹੈ। ਇਸ ਦੇ ਨਾਲ ਹੀ ਉਨ੍ਹਾਂ ਦੱਸਿਆ ਕਿ ਪੜ੍ਹਾਈ ਵਿੱਚ ਕਮਜ਼ੋਰ ਖਿਡਾਰੀਆਂ ਲਈ ਟਿਊਸਨ ਦਾ ਖ਼ਾਸ ਪ੍ਰਬੰਧ ਵੀ ਕੀਤਾ ਜਾਂਦਾ ਹੈ।

- Advertisement -

Share this Article
Leave a comment