ਸੈਣੀ : ਰਾਜਪੁਰਾ-ਅੰਮ੍ਰਿਤਸਰ ਨੈਸ਼ਨਲ ਹਾਈਵੇ ‘ਤੇ ਬੁੱਧਵਾਰ ਦੇਰ ਰਾਤ ਇੱਕ ਭਿਆਨਕ ਸੜਕ ਹਾਦਸਾ ਵਾਪਰਿਆ ਹੈ, ਜਿੱਥੇ ਇੱਕ ਕਾਰ ਸੜਕ ਕਿਨਾਰੇ ਖੜ੍ਹੇ ਸਰੀਏ ਨਾਲ ਭਰੇ ਟਰੱਕ ਨਾਲ ਟਕਰਾਅ ਗਈ। ਕੌਮੀ ਸ਼ਾਹ ਮਾਰਗ ਨੰਬਰ 44 ਰਾਜਪੁਰਾ ਸਰਹਿੰਦ ਤੇ ਸਥਿੱਤ ਫਲਾਈ ਓਵਰ ਉਤੇ ਲੋਹੇ ਨਾਲ ਭਰੇ ਖੜੇ ਟਰੱਕ ਵਿੱਚ ਹੌਂਡਾ ਸਿਟੀ ਕਾਰ ਦੀ ਭਿਆਨਕ ਟੱਕਰ ਵਿੱਚ ਕਾਰ ਵਿੱਚ ਸਵਾਰ 6 ਨੌਜਵਾਨਾਂ ਵਿਚੋਂ 4 ਦੀ ਮੌਤ ਹੋ ਗਈ ਜਦੋਂਕਿ 2 ਗੰਭੀਰ ਜ਼ਖ਼ਮੀਆਂ ਨੂੰ ਇਲਾਜ ਦੇ ਲਈ ਸੈਕਟਰ 32 ਹਸਪਤਾਲ ਚੰਡੀਗੜ੍ਹ ਰੈਫਰ ਕੀਤਾ ਗਿਆ ਹੈ। ਦੱਸਿਆ ਜਾ ਰਿਹਾ ਹੈ ਕਿ ਮ੍ਰਿਤਕਾਂ ਵਿੱਚ ਦੋ ਸਗੇ ਭਰਾ ਹਨ। ਸਾਰੇ ਰਾਜਪੁਰਾ ਦੇ ਨਜ਼ਦੀਕੀ ਪਿੰਡ ਦੇ ਦੱਸਿਆ ਜਾ ਰਹੇ ਹਨ। ਥਾਣਾ ਸਿਟੀ ਪੁਲਿਸ ਨੇ ਮੌਕੇ ਉਤੇ ਪਹੁੰਚ ਕੇ ਮ੍ਰਿਤਕਾਂ ਦੀਆਂ ਲਾਸ਼ਾਂ ਨੂੰ ਆਪਣੇ ਕਬਜੇ ਵਿੱਚ ਲੈ ਕੇ ਟਰੱਕ ਚਾਲਕ ਖਿਲਾਫ ਮਾਮਲਾ ਦਰਜ ਕਰਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।
ਮਿਲੀ ਜਾਣਕਾਰੀ ਅਨੁਸਾਰ ਰਾਜਪੁਰਾ ਵਸਨੀਕ 6 ਨੌਜਵਾਨ ਗੁਰਵਿੰਦਰ ਸਿੰਘ, ਅਰਵਿੰਦਰ ਸਿੰਘ ਉਰਫ ਰਿਸ਼ੂ, ਉਸਦਾ ਸਕਾ ਭਰਾ ਗੁਰਜਿੰਦਰ ਸਿੰਘ, ਕਮਲਜੀਤ ਸਿੰਘ, ਨਾਨਕ ਸਿੰਘ ਅਤੇ ਅਵਿਨਾਸ਼ ਸਿੰਘ ਇੱਕੋਂ ਹੌਂਡਾ ਸਿਟੀ ਕਾਰ ਵਿੱਚ ਨੌਜਵਾਨ ਗੁਰਵਿੰਦਰ ਸਿੰਘ ਦੇ ਜਨਮ ਦਿਨ ਦੀ ਪਾਰਟੀ ਕਰਕੇ ਵਾਪਸ ਆਪਣੇ ਘਰ ਰਾਜਪੁਰਾ ਆ ਰਹੇ ਸਨ। ਬੀਤੀ ਰਾਤ ਕਰੀਬ 11 ਵਜ਼ੇ ਜਦੋਂ ਸਰਹਿੰਦ ਰੋਡ ਤੋਂ ਰਾਜਪੁਰਾ ਓਵਰ ਬ੍ਰਿਜ਼ ਚੜਨ ਲੱਗੇ ਤਾਂ ਅਚਾਨਕ ਸੜਕ ਕਿਨਾਰੇ ਲੋਹੇ ਨਾਲ ਭਰੇ ਖੜੇ ਟਰੱਕ ਵਿੱਚ ਕਾਰ ਦੀ ਭਿਆਨਕ ਟੱਕਰ ਹੋ ਗਈ।ਹਾਦਸਾ ਇੰਨਾ ਭਿਆਨਕ ਸੀ ਕਿ ਕਾਰ ਚਕਨਾਚੂਰ ਹੋ ਗਈ ਤੇ ਕਾਰ ਵਿੱਚ ਸਵਾਰ ਅਰਵਿੰਦਰ ਸਿੰਘ ਉਰਫ ਰਿਸ਼ੂ, ਗੁਰਜਿੰਦਰ ਸਿੰਘ ਸਕੇ ਭਰਾ, ਗੁਰਵਿੰਦਰ ਸਿੰਘ, ਕਮਲਜੀਤ ਸਿੰਘ ਵਾਸੀਆਨ ਰਾਜਪੁਰਾ ਦੀ ਤਾਂ ਮੌਕੇ ਉਤੇ ਹੀ ਮੌਤ ਹੋ ਗਈ।
ਇਸ ਸਬੰਧੀ ਥਾਣਾ ਸਿਟੀ ਪੁਲਿਸ ਵਿਖੇ ਤਾਇਨਾਤ ਤਫਤੀਸ਼ੀ ਅਫਸਰ ਏਐਸਆਈ ਨਛੱਤਰ ਸਿੰਘ ਨੇ ਦੱਸਿਆ ਕਿ ਮ੍ਰਿਤਕਾਂ ਦੀਆਂ ਲਾਸ਼ਾ ਨੂੰ ਸਿਵਲ ਹਸਪਤਾਲ ਵਿੱਚ ਪੋਸਟਮਾਰਟਮ ਦੇ ਲਈ ਲਿਆਂਦਾ ਗਿਆ ਹੈ । 2 ਨੌਜਵਾਨ ਚੰਡੀਗੜ੍ਹ ਵਿਖੇ ਇਲਾਜ਼ ਅਧੀਨ ਹਨ। ਇਸ ਹਾਦਸੇ ਵਿੱਚ ਸੜਕ ਕਿਨਾਰੇ ਖੜੇ ਟਰੱਕ ਚਾਲਕ ਖਿਲਾਫ ਮਾਮਲਾ ਦਰਜ ਕਰਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।
Disclaimer: This article is provided for informational purposes only. The information should not be taken to represent the opinions, policy, or views of Global Punjab TV, nor any of its staff, employees, or affiliates.