ਨਿਉਜ ਡੈਸਕ : 2024 ਦੀਆਂ ਅਮਰੀਕੀ ਰਾਸ਼ਟਰਪਤੀ ਚੋਣਾਂ ਵਿੱਚ ਮੁੜ ਤੋਂ ਚੋਣ ਲੜਨ ਲਈ ਸਾਬਕਾ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਤਿਆਰੀਆਂ ਖਿੱਚ ਦਿੱਤੀਆਂ ਹਨ। ਪਰ ਇਸੇ ਦਰਮਿਆਨ ਉਨ੍ਹਾਂ ਨੂੰ ਵੱਡਾ ਝਟਕਾ ਲੱਗਿਆ ਹੈ।ਜਾਣਕਾਰੀ ਮੁਤਾਬਿਕ ਟਰੰਪ ਆਰਗੇਨਾਈਜ਼ੇਸ਼ਨ ਦੀਆਂ ਦੋ ਰੀਅਲ ਅਸਟੇਟ ਕੰਪਨੀਆਂ ਨੂੰ ਨਿਊਯਾਰਕ ਵਿੱਚ ਇੱਕ ਸਮਰੱਥ ਨਿਆਂਇਕ ਅਥਾਰਟੀ ਦੁਆਰਾ ਟੈਕਸ ਧੋਖਾਧੜੀ ਦਾ ਦੋਸ਼ੀ ਪਾਇਆ ਗਿਆ ਹੈ। ਦੋਸ਼ ਇਹ ਵੀ ਹੈ ਕਿ ਇਨ੍ਹਾਂ ਕੰਪਨੀਆਂ ਵੱਲੋਂ 15 ਸਾਲਾਂ ਦੀ ਸਕੀਮ ਨਾਲ ਸਬੰਧਤ ਕੇਸ ਵਿੱਚ ਟੈਕਸ ਅਧਿਕਾਰੀਆਂ ਨੂੰ ਝੂਠੇ ਕਾਰੋਬਾਰੀ ਰਿਕਾਰਡ ਪੇਸ਼ ਕੀਤੇ ਗਏ ਸਨ।
ਦੱਸ ਦੇਈਏ ਕਿ ਟਰੰਪ ਨੇ ਕਰੀਬ ਤਿੰਨ ਹਫ਼ਤੇ ਪਹਿਲਾਂ ਰਾਸ਼ਟਰਪਤੀ ਅਹੁਦੇ ਲਈ ਆਪਣੀ ਦਾਅਵੇਦਾਰੀ ਦਾ ਐਲਾਨ ਕੀਤਾ ਹੈ। ਅਜਿਹੇ ਵਿੱਚ ਕਿਹਾ ਜਾ ਰਿਹਾ ਹੈ ਕਿ ਨਿਊਯਾਰਕ ਦੀ ਜਿਊਰੀ ਦੁਆਰਾ ਉਸ ਦੀਆਂ ਕੰਪਨੀਆਂ ‘ਤੇ ਦੋਸ਼ ਲਗਾਉਣ ਨਾਲ ਉਸ ਨੂੰ ਸਿਆਸੀ ਨੁਕਸਾਨ ਹੋ ਸਕਦਾ ਹੈ। ਸਥਾਨਕ ਮੀਡੀਆ ਅਨੁਸਾਰ, ਸਾਬਕਾ ਰਾਸ਼ਟਰਪਤੀ ਦੀਆਂ ਕੰਪਨੀਆਂ – ਟਰੰਪ ਕਾਰਪ ਅਤੇ ਟਰੰਪ ਪੇਰੋਲ ਕਾਰਪ – ਨੂੰ ਟੈਕਸ ਧੋਖਾਧੜੀ ਦਾ ਦੋਸ਼ੀ ਪਾਇਆ ਗਿਆ ਹੈ।
ਟਰੰਪ ਦੀਆਂ ਕੰਪਨੀਆਂ ਨੂੰ ਟੈਕਸ ਚੋਰੀ ਨਾਲ ਸਬੰਧਤ ਨਿਆਂਇਕ ਅਥਾਰਟੀ ਨੇ ਦੋਸ਼ੀ ਪਾਇਆ ਹੈ। ਹਾਲਾਂਕਿ ਇਸ ਲਈ ਟਰੰਪ ਜਾਂ ਉਨ੍ਹਾਂ ਦੇ ਪਰਿਵਾਰ ਨੂੰ ਦੋਸ਼ੀ ਨਹੀਂ ਠਹਿਰਾਇਆ ਗਿਆ ਪਰ ਸਰਕਾਰੀ ਪੱਖ ਨੇ ਸੁਣਵਾਈ ਦੌਰਾਨ ਵਾਰ-ਵਾਰ ਟਰੰਪ ਦੇ ਨਾਂ ਦੀ ਵਰਤੋਂ ਕੀਤੀ। ਸਜ਼ਾ ਦਾ ਐਲਾਨ ਜਨਵਰੀ ਦੇ ਅੱਧ ਵਿੱਚ ਕੀਤਾ ਜਾਵੇਗਾ। ਇਸ ਟੈਕਸ ਧੋਖਾਧੜੀ ਲਈ ਟਰੰਪ ਸੰਗਠਨ ਨੂੰ ਵੱਧ ਤੋਂ ਵੱਧ 1.61 ਮਿਲੀਅਨ ਡਾਲਰ ਦਾ ਜੁਰਮਾਨਾ ਲਗਾਇਆ ਜਾ ਸਕਦਾ ਹੈ। ਇਹਨਾਂ ਕੰਪਨੀਆਂ ਨੂੰ ਭੰਗ ਕਰਨ ਦਾ ਆਦੇਸ਼ ਦਿੱਤੇ ਜਾਣ ਦੀ ਸੰਭਾਵਨਾ ਨਹੀਂ ਹੈ ਕਿਉਂਕਿ, ਨਿਊਯਾਰਕ ਦੇ ਕਾਨੂੰਨ ਦੇ ਤਹਿਤ, ਕੋਈ ਪ੍ਰਣਾਲੀ ਨਹੀਂ ਹੈ ਜਿਸ ਦੇ ਤਹਿਤ ਇਹਨਾਂ ਕੰਪਨੀਆਂ ਨੂੰ ਭੰਗ ਕੀਤਾ ਜਾ ਸਕਦਾ ਹੈ।