ਵਰਲਡ ਡੈਸਕ – ਸਿਖਿੱਆ ਦਾ ਕਿਸੇ ਵੀ ਉਮਰ ਨਾਲ ਕੋਈ ਸੰਬੰਧ ਨਹੀਂ ਹੁੰਦਾ। ਇਹ ਇਕ ਚਾਰ ਸਾਲਾਂ ਦੀ ਬ੍ਰਿਟਿਸ਼ ਸਿੱਖ ਲੜਕੀ ਦੀ ਪ੍ਰਾਪਤੀ ਨਾਲ ਸਾਬਤ ਹੋਇਆ ਹੈ ਜਿਸ ਨੂੰ ਬੱਚਿਆਂ ਦੇ ਆਈਕਿਊ ਨਾਲ ਮੇਨਸਾ ਕਲੱਬ ਦੀ ਮੈਂਬਰਸ਼ਿਪ ਮਿਲੀ ਹੈ। ਬੇਬੀ ਦਿਆਲ ਕੌਰ ਆਪਣੇ ਮਾਪਿਆਂ ਨਾਲ ਬਰਮਿੰਘਮ ‘ਚ ਰਹਿੰਦੀ ਹੈ ਤੇ ਉਸ ਕੋਲ ਛੋਟੀ ਉਮਰ ਤੋਂ ਹੀ ਸਿੱਖਣ ਦੀ ਇਕ ਸ਼ਾਨਦਾਰ ਪ੍ਰਤਿਭਾ ਹੈ।
ਕੋਰੋਨਾ ਕਰਕੇ ਹੋਈ ਤਾਲਾਬੰਦੀ ‘ਚ ਦਿਆਲ ਕੌਰ ਨੇ ਮੇਨਸਾ ਦਾ ਔਨਲਾਈਨ ਟੈਸਟ ਦਿੱਤ ਜਿਸ ‘ਚ ਉਸਨੇ ਆਈਕਿਊ ਚੋਂ 145 ਅੰਕ ਪ੍ਰਾਪਤ ਕੀਤੇ। ਦਿਆਲ ਕੌਰ ਨੂੰ ਦੇਸ਼ ਦੇ ਸਭ ਤੋਂ ਛੋਟੇ ਪ੍ਰਤੀਭਾਵਾਨ ਬੱਚੇ ਦੀ ਸ਼੍ਰੇਣੀ ‘ਚ ਰੱਖਿਆ ਗਿਆ ਹੈ। ਬ੍ਰਿਟਿਸ਼ ਮੇਨਸਾ ਦੇ ਸੀਈਓ ਜੌਨ ਸਟੀਵਨੇਜ ਨੇ ਕਿਹਾ ਕਿ ਦਿਆਲ ਨੂੰ ਆਪਣੇ ਕਲੱਬ ‘ਚ ਸ਼ਾਮਲ ਕਰਕੇ ਸਾਨੂੰ ਖੁਸ਼ੀ ਹੋ ਰਹੀ ਹੈ ਤੇ ਕਲੱਬ ‘ਚ 2000 ਪ੍ਰਤਿਭਾਵਾਨ ਛੋਟੇ ਬੱਚੇ ਸ਼ਾਮਲ ਹਨ।
ਦਿਆਲ ਕੌਰ ਦਾ ਪਿਤਾ ਸਰਬਜੀਤ ਸਿੰਘ ਪੇਸ਼ੇ ਤੋਂ ਅਧਿਆਪਕ ਹੈ। ਉਸਨੇ ਬੱਚੇ ਦੀ ਤਿੱਖੀ ਬੁੱਧੀ ਨੂੰ ਰੱਬ ਦੀ ਦਾਤ ਕਿਹਾ ਤੇ ਦੱਸਿਆ ਦਿਆਲ ਦਾ ਸੁਪਨਾ ਇਕ ਖਗੋਲ ਵਿਗਿਆਨੀ ਬਣਨਾ ਹੈ।
ਦੱਸ ਦਈਏ ਬੱਚੇ ਦੇ ਪਿਤਾ ਸਰਬਜੀਤ ਸਿੰਘ ਦਾ ਜਨਮ ਬਰਮਿੰਘਮ ‘ਚ ਹੋਇਆ ਸੀ, ਪਰ ਉਸਦੇ ਪੁਰਖੇ ਪੰਜਾਬ ਦੇ ਹੁਸ਼ਿਆਰ ਤੋਂ ਹਨ। ਉਨ੍ਹਾਂ ਕਿਹਾ ਕਿ ਦਿਆਲ ਕਦੇ ਭਾਰਤ ਨਹੀਂ ਗਈ, ਪਰ ਕੋਰੋਨਾ ਪੀਰੀਅਡ ਤੋਂ ਬਾਅਦ ਹਾਲਾਤ ਆਮ ਹੋਣ ਤੋਂ ਬਾਅਦ ਅਸੀਂ ਭਾਰਤ ਚਲੇ ਜਾਵਾਂਗੇ। ਦਿਆਲ ਦੀ ਇੱਕ ਛੋਟੀ ਭੈਣ ਵੀ ਹੈ ਜਿਸਦਾ ਨਾਮ ਕਲਿਆਣ ਹੈ। ਉਹ ਇਕ ਸਾਲ ਦੀ ਹੈ ਤੇ ਮਾਂ ਰਾਜਵਿੰਦਰ ਕੌਰ ਇਥੇ ਇਕ ਵਕੀਲ ਹੈ। ਉਸ ਨੂੰ ਆਪਣੀ ਧੀ ਦੀ ਪ੍ਰਾਪਤੀ ‘ਤੇ ਵੀ ਬਹੁਤ ਮਾਣ ਹੈ।