ਨਿਊਜ਼ ਡੈਸਕ: ਕੋਰੋਨਾ ਵਾਇਰਸ ਦੇ ਡੈਲਟਾ ਵੇਰੀਐਂਟ ਤੋਂ ਬਾਅਦ ਹੁਣ A.30 ਵੇਰੀਐਂਟ ਦਾ ਖ਼ਤਰਾ ਵਧਦਾ ਜਾ ਰਿਹਾ ਹੈ। ਇਸ ਦੇ ਮਾਮਲੇ ਅਫ਼ਰੀਕੀ ਦੇਸ਼ ਅੰਗੋਲਾ ਅਤੇ ਯੂਰਪੀ ਦੇਸ਼ ਸਵੀਡਨ ਵਿੱਚ ਸਾਹਮਣੇ ਆ ਰਹੇ ਹਨ। ਇਹ ਇੱਕ ਅਜਿਹਾ ਖ਼ਤਰਨਾਕ ਵੇਰੀਐਂਟ ਹੈ ਜਿਸ ‘ਤੇ ਫਾਈਜ਼ਰ ਤੇ ਐਸਟਰਾਜ਼ੇਨੇਕਾ ਵੈਕਸੀਨ ਤੋਂ ਮਿਲਣ ਵਾਲੀ ਐਂਟੀਬਾਡੀ ਵੀ ਕੰਮ ਨਹੀਂ ਆ ਰਹੀ।
ਇਸ ਗੱਲ ਦੀ ਜਾਣਕਾਰੀ ਇਕ ਨਵੀਂ ਲੈਬ ਸਟੱਡੀ ਵਿੱਚ ਸਾਹਮਣੇ ਆਈ ਹੈ। ਜਰਮਨੀ ਦੀ ਇੱਕ ਟੀਮ ਨੇ ਇਸ A.30 ਵੇਰੀਐਂਟ ‘ਤੇ ਅਧਿਐਨ ਕੀਤਾ ਹੈ। ਇਸ ਦਾ ਸਭ ਤੋਂ ਪਹਿਲਾਂ ਮਾਮਲਾ ਤੰਜਾਨੀਆ ‘ਚ ਮਿਲਿਆ ਸੀ, ਪਰ ਅੰਗੋਲਾ ਅਤੇ ਸਵੀਡਨ ਵਿੱਚ ਵੀ ਅਜਿਹੇ ਮਾਮਲੇ ਸਾਹਮਣੇ ਆਏ।
ਵਿਗਿਆਨੀਆਂ ਨੇ ਇਸ ਮਿਊਟੇਸ਼ਨ ਦੀ ਤੁਲਨਾ ਬੀਟਾ ਵੈਰੀਐਂਟ ਨਾਲ ਕੀਤੀ ਹੈ। ਬੀਟਾ ਨੂੰ ਇਸ ਲਈ ਚੁਣਿਆ ਗਿਆ ਕਿਉਂਕਿ ਇਹ ਐਂਟੀਬਾਡੀ ਦੇ ਅਸਰ ਨੂੰ ਸਭ ਤੋਂ ਜ਼ਿਆਦਾ ਘੱਟ ਕਰਦਾ ਹੈ। ਇਹ ਅਧਿਐਨ ਇਸ ਹਫ਼ਤੇ ਪੀਅਰ ਰਿਵਿਊ ਜਨਰਲ ਸੇਲਿਊਲਰ ਐਂਡ ਮਾਲੀਕਿਊਲਰ ਇਮਿਊਨੋਲਾਜੀ ‘ਚ ਪ੍ਰਕਾਸ਼ਿਤ ਹੋਇਆ ਹੈ। ਪਤਾ ਚੱਲਿਆ ਹੈ ਕਿ A.30 ਵੇਰੀਐਂਟ ਕਿਡਨੀ, ਲੀਵਰ ਅਤੇ ਫੇਫੜਿਆਂ ਦੀਆਂ ਕੋਸ਼ਿਕਾਵਾਂ ਸਣੇ ਸਾਰੀਆਂ ਮੁੱਖ ਕੋਸ਼ਿਕਾਵਾਂ ਵਿੱਚ ਦਾਖ਼ਲ ਹੋ ਸਕਦਾ ਹੈ।
ਕੋਰੋਨਾ ਵਾਇਰਸ ਦੇ A.30 ਵੇਰੀਐਂਟ ਨੂੰ ਹਾਲੇ ਤੱਕ ਵਿਸ਼ਵ ਸਿਹਤ ਸੰਗਠਨ ਨੇ ਵੇਰੀਐਂਟ ਆਫ ਕੰਸਰਨ ਜਾਂ ਵੇਰੀਐਂਟ ਆਫ ਇੰਟਰਸਟ ਦੀ ਲਿਸਟ ‘ਚ ਸ਼ਾਮਲ ਨਹੀਂ ਕੀਤਾ ਹੈ। ਅਜਿਹਾ ਇਸ ਲਈ ਕਿਉਂਕਿ ਇਹ ਜ਼ਿਆਦਾ ਤੇਜ਼ੀ ਨਾਲ ਨਹੀਂ ਫੈਲਦਾ।