ਨਿਊਜ਼ ਡੈਸਕ: 29 ਸਾਲਾ ਨੌਜਵਾਨ ਸਵਿੰਦਰਜੀਤ ਸਿੰਘ ਦੀ ਅਮਰੀਕਾ ਦੇ ਸ਼ਹਿਰ ਕੈਲੀਫੋਰਨੀਆ ‘ਚ ਟਰੱਕ ਪਲਟਣ ਕਾਰਣ ਮੌਤ ਹੋ ਗਈ। ਉਹ ਜਲੰਧਰ ਦੇ ਬਲਾਕ ਭੋਗਪੁਰ ਦੇ ਪਿੰਡ ਲੜੋਈ ਦਾ ਰਹਿਣ ਵਾਲਾ ਸੀ। ਸਾਲ 2013 ‘ਚ ਅਮਰੀਕਾ ਗਿਆ ਸੀ ਤੇ ਉੱਥੇ ਉਹ ਟਰੱਕ ਡਰਾਈਵਰ ਵਜੋਂ ਕੰਮ ਕਰਦਾ ਸੀ। ਬੀਤੇ ਕੱਲ੍ਹ ਜਦੋਂ ਉਹ ਟਰੱਕ ਚਲਾ ਰਿਹਾ ਸੀ ਤਾਂ ਅਚਾਨਕ ਉਸ ਦੀ ਅੱਖ ਲੱਗ ਗਈ ਜਿਸ ਕਾਰਨ ਟਰੱਕ ਹਾਦਸਾਗ੍ਰਸਤ ਹੋ ਕੇ ਪਲਟ ਗਿਆ ਤੇ ਸਵਿੰਦਰਜੀਤ ਦੀ ਮੌਕੇ ‘ਤੇ ਮੌਤ ਹੋ ਗਈ।
ਮ੍ਰਿਤਕ ਦੇ ਪਿਤਾ ਜਰਨੈਲ ਸਿੰਘ ਨੇ ਦੱਸਿਆ ਕਿ ਪੁੱਤ ਦਾ ਅਜੇ ਵਿਆਹ ਨਹੀਂ ਹੋਇਆ ਸੀ। ਪੂਰੇ ਪਰਿਵਾਰ ਦਾ ਗੁਜ਼ਾਰਾ ਉਸੇ ਦੀ ਕਮਾਈ ‘ਤੇ ਚਲਦਾ ਸੀ। ਸਵਿੰਦਰਜੀਤ ਦੀ ਮ੍ਰਿਤਕ ਦੇਹ ਕੈਲੀਫੋਰਨੀਆ ਪੁਲਿਸ ਨੇ ਆਪਣੀ ਕਸਟਡੀ ‘ਚ ਲੈ ਲਈ ਹੈ । ਪਰਿਵਾਰ ਵਲੋਂ ਭਗਵੰਤ ਮਾਨ ਸਰਕਾਰ ਤੇ ਵਿਦੇਸ਼ ਮੰਤਰਾਲੇ ਨੂੰ ਅਪੀਲ ਕੀਤੀ ਜਾ ਰਹੀ ਹੈ ਕਿ ਉਨ੍ਹਾਂ ਦੇ ਪੁੱਤਰ ਦੀ ਮ੍ਰਿਤਕ ਦੇਹ ਪੰਜਾਬ ਲਿਆਉਣ ‘ਚ ਉਨ੍ਹਾਂ ਦੀ ਮਦਦ ਕੀਤੀ ਜਾਵੇ।
ਦੱਸ ਦੇਈਏ ਕਿ ਬੀਤੇ ਵਰ੍ਹੇ ਮ੍ਰਿਤਕ ਸਵਿੰਦਰਜੀਤ ਸਿੰਘ ਦੇ ਵੱਡੇ ਭਰਾ ਵਿੱਕੀ ਦੀ ਵੀ ਪਿਛਲੇ ਸਾਲ ਮੌਤ ਹੋ ਗਈ ਸੀ। ਇਕ ਸਾਲ ਦੇ ਅੰਦਰ ਘਰ ਦੇ ਦੋ ਜਵਾਨ ਪੁੱਤਰਾਂ ਦੀ ਮੌਤ ਨਾਲ ਪਰਿਵਾਰ ‘ਤੇ ਦੁੱਖਾਂ ਦਾ ਪਹਾੜ ਟੁੱਟ ਗਿਆ ਹੈ।