ਚੰਡੀਗੜ੍ਹ, (ਅਵਤਾਰ ਸਿੰਘ): ਪੁਸ਼ਪਾ ਗੁਜਰਾਲ ਸਾਇੰਸ ਸਿਟੀ ਕਪੂਰਥਲਾ ਵਲੋਂ ਮਹਾਤਮਾ ਗਾਂਧੀ ਜੀ ਦੀ 151ਵੀਂ ਜੈਅੰਤੀ ਦੇ ਮੌਕੇ ‘ਤੇ ਗਾਂਧੀ ਜੀ ਦੇ ਵਿਗਿਆਨ ਅਤੇ ਸਥਾਈ ਵਿਕਾਸ ਬਾਰੇ ਵਿਚਾਰਾਂ ‘ਤੇ ਚਰਚਾ ਕੀਤੀ ਗਈ।
ਇਸ ਮੌਕੇ ਸਾਇੰਸ ਸਿਟੀ ਦੇ ਫ਼ੇਸਬੁੱਕ ਚੈਨਲ ‘ਤੇ ਮੁਖਾਤਿਬ ਹੁੰਦਿਆਂ ਮਾਹਿਰਾਂ ਨੇ ਦੱਸਿਆ ਕਿ ਸਥਾਈ ਵਿਕਾਸ ਦੇ ਟੀਚਿਆਂ ਅਤੇ ਵਿਗਿਆਨ ਬਾਰੇ ਜਿਹੜੇ ਵਿਚਾਰ ਮਹਾਤਮਾਂ ਗਾਂਧੀ ਜੀ ਨੇ 100 ਸਾਲ ਪਹਿਲਾਂ ਦਿੱਤੇ ਸਨ, ਉਹ ਅੱਜ ਵੀ ਉਸੇ ਤਰ੍ਹਾਂ ਹੀ ਲਾਗੂ ਹੋਣੇ ਚਾਹੀਦੇ ਹਨ।
ਇਸ ਮੌਕੇ ਗਾਂਧੀ ਜੀ ਦੇ ਵਿਚਾਰਾਂ ਦੀ ਚਰਚਾ ਦੌਰਾਨ ਇਹ ਉਭਰ ਕੇ ਸਾਹਮਣੇ ਆਇਆ ਕਿ ਕੁਦਰਤੀ ਸੋਮੇ ਹਵਾ, ਪਾਣੀ ਅਤੇ ਧਰਤ ਨੂੰ ਅਗਲੀਆਂ ਪੀੜੀਆਂ ਵਾਸਤੇ ਸੰਭਾਲਣ ਲਈ ਲਗਾਤਾਰ ਯਤਨ ਕੀਤੇ ਜਾਣੇ ਚਾਹੀਦੇ ਹਨ। ਇਹ ਵਿਸ਼ਵਾਸ ਕੀਤਾ ਜਾਂਦਾ ਹੈ ਕਿ ਸਮਾਜ ਨੂੰ ਬਦਲਣ ਭਾਵ ਆਤਮ- ਨਿਰਭਰ ਲਈ ਗਾਂਧੀ ਜੀ ਨੇ ਚਰਖੇ ਨੂੰ ਇਕ ਹਥਿਆਰ ਦੇ ਤੌਰ ‘ਤੇ ਅਪਣਾਇਆ ਭਾਵ ਇਹ ਉਸ ਸਮੇਂ ਦੀ ਤਰੱਕੀ ਦਾ ਨਿਸ਼ਾਨ ਸੀ। ਮਹਾਤਮਾਂ ਗਾਂਧੀ ਦੀ ਜੈਅੰਤੀ ਦੇ ਮੌਕੇ ‘ਤੇ ਸਾਇੰਸ ਸਿਟੀ ਦੀ ਇਨੋਵੇਸ਼ਨ ਹੱਬ ਦੇ ਚੀਫ਼ ਮੈਂਟਰ ਵਿਸ਼ਾਲ ਸ਼ਰਮਾ ਨੇ ਚਰਖਾ ਬਣਾਉਣ ਦਾ ਤਰੀਕਾ ਦੱਸਿਆ। ਇਸ ਮੌਕੇ ਫ਼ੇਸਬੁੱਕ ਚੈਨਲ ‘ਤੇ 150 ਤੋਂ ਵੱਧ ਲੋਕਾਂ ਨੇ ਹਿੱਸਾ ਲਿਆ।#