ਅੰਮ੍ਰਿਤਸਰ: ਅੰਨਦਾਤਾ ਅੱਜ ਸੜਕਾਂ ‘ਤੇ ਉਤਰ ਕੇ ਕੇਂਦਰ ਸਰਕਾਰ ਵੱਲੋਂ ਲਿਆਂਦੇ ਗਏ ਖੇਤੀ ਬਿੱਲਾਂ ਵਿਰੁੱਧ ਲਗਾਤਾਰ ਧਰਨੇ ਮੁਜਾਹਰੇ ਕਰ ਰਿਹਾ ਹੈ। ਕਿਸਾਨਾਂ ਵੱਲੋਂ ਰੇਲਾਂ ਰੋਕੋ ਅੰਦੋਲਨ ਵੀ ਸ਼ੁਰੂ ਕੀਤੇ ਗਏ ਹਨ। ਅਜਿਹੇ ਵਿੱਚ ਜੇਕਰ ਗੱਲ ਭਾਜਪਾ ਦੇ ਹੋ ਰਹੇ ਵਿਰੋਧ ਦੀ ਕਰੀਏ ਤਾਂ ਇਹ ਵਿਰੋਧ ਪ੍ਰਦਰਸ਼ਨ ਵੀ ਲਗਾਤਾਰ ਵਧਦੇ ਜਾ ਰਹੇ ਹਨ। ਜੀ ਹਾਂ ਅੱਜ ਅੰਮ੍ਰਿਤਸਰ ‘ਚ ਕਿਸਾਨਾਂ ਵੱਲੋਂ ਭਾਜਪਾ ਦਾ ਵਿਰੋਧ ਕਰਦਿਆਂ ਸੀਨੀਅਰ ਆਗੂ ਤਰੁਨ ਚੁੱਘ ਦੀ ਗੱਡੀ ਦਾ ਘਿਰਾਓ ਕੀਤਾ। ਕਿਸਾਨਾਂ ਨੇ ਤਰੁਨ ਚੁੱਘ ਦੇ ਸਾਹਮਣੇ ਭਾਜਪਾ ਮੁਰਦਾਬਾਦ ਦੇ ਨਾਅਰੇ ਲਾਏ। ਇਸ ਦੌਰਾਨ ਤਰੁਨ ਚੁੱਘ ਨੇ ਵੀ ਕਿਸਾਨਾਂ ਦੇ ਸਵਾਲਾਂ ਦਾ ਜਵਾਬ ਦਿੱਤਾ।
ਇਸ ਮੌਕੇ ਬੋਲਦਿਆਂ ਤਰੁਨ ਚੁੱਘ ਨੇ ਕਾਂਗਰਸ ਪਾਰਟੀ ‘ਤੇ ਜਿੱਥੇ ਸਿਆਸੀ ਵਾਰ ਕੀਤੇ ਉੱਥੇ ਹੀ ਆਪਣੇ ਆਪ ਨੂੰ ਕਿਸਾਨ ਹਿਤਾਇਸ਼ੀ ਦੱਸਿਆ । ਚੁੱਘ ਨੇ ਕਿਹਾ ਕਿ ਉਹ ਕਿਸਾਨਾਂ ਦੀ ਕਦਰ ਕਰਦੇ ਹਨ ਅਤੇ ਉਨ੍ਹਾਂ ਦੇ ਔਜਾਰਾਂ ਦੀ ਵੀ ਇੱਜ਼ਤ ਕਰਦੇ ਹਨ ਪਰ ਦੂਜੇ ਪਾਸੇ ਕਾਂਗਰਸ ਪਾਰਟੀ ਟਰੈਕਟਰ ਸਾੜ ਰਹੀ ਹੈ। ਉਨ੍ਹਾਂ ਕਿਹਾ ਕਿ ਕਿਸਾਨਾਂ ਨੂੰ ਭਾਜਪਾ ਵੱਲੋਂ ਇਨ੍ਹਾਂ ਬਿੱਲਾਂ ਪ੍ਰਤੀ ਜਾਗਰੂਕ ਕਰਨ ਦੇ ਲਈ ਮੁਹਿੰਮ ਸ਼ੁਰੂ ਕੀਤੀ ਗਈ ਹੈ।