ਨਵੀਂ ਦਿੱਲੀ: ਕੋਰੋਨਾ ਸੰਕਟ ਦੌਰਾਨ ਬਾਲੀਵੁੱਡ ਅਦਾਕਾਰ ਸੋਨੂੰ ਸੂਦ ਜ਼ਰੂਰਤਮੰਦ ਲੋਕਾਂ ਲਈ ‘ਮਸੀਹਾ’ ਬਣੇ। ਉਨ੍ਹਾਂ ਨੇ ਲੌਕਡਾਊਨ ਦੌਰਾਨ ਗਰੀਬ ਅਤੇ ਜ਼ਰੂਰਤਮੰਦ ਲੋਕਾਂ ਦੀ ਮਦਦ ਕੀਤੀ ਤੇ ਪਰਵਾਸੀਆਂ ਮਜ਼ਦੂਰਾਂ ਨੂੰ ਉਨ੍ਹਾਂ ਦੇ ਆਪਣੇ ਘਰ ਪਹੁੰਚਾਉਣ ਦਾ ਕੰਮ ਵੀ ਕੀਤਾ। ਇਸ ਦੇ ਨਾਲ ਹੀ ਸੋਨੂੰ ਸੂਦ ਗਰੀਬ ਲੋਕਾਂ ਦੇ ਰਹਿਣ ਦਾ ਪ੍ਰਬੰਧ ਤੇ ਬੱਚਿਆਂ ਨੂੰ ਐਜੂਕੇਸ਼ਨ ਮੁਹੱਈਆ ਕਰਵਾਉਣ ਦਾ ਕੰਮ ਵੀ ਕਰ ਰਹੇ ਹਨ। ਉਨ੍ਹਾਂ ਦੇ ਇਨ੍ਹਾਂ ਸਮਾਜਿਕ ਭਲਾਈ ਦੇ ਕੰਮਾਂ ਕਾਰਨ ਉਨ੍ਹਾਂ ਨੂੰ ਯੂਨਾਈਟਿਡ ਡਿਵੈੱਲਪਮੈਂਟ ਪ੍ਰੋਗਰਾਮ ਵੱਲੋਂ ਐੱਸਡੀਡੀ ਸਪੈਸ਼ਲ ਹਿਊਮਨਟੇਰੀਅਨ ਐਕਸ਼ਨ ਐਵਾਰਡ ਨਾਲ ਸਨਮਾਨਿਤ ਕੀਤਾ ਗਿਆ ਹੈ।
ਬਾਲੀਵੁੱਡ ਦੇ ਦਬੰਗ ਅਦਾਕਾਰ ਨੂੰ ਲੌਕਡਾਊਨ ਦੌਰਾਨ ਲੱਖਾਂ ਪਰਵਾਸੀਆਂ ਨੂੰ ਘਰ ਭੇਜਣ, ਵਿਦੇਸ਼ ‘ਚ ਫਸੇ ਵਿਦਿਆਰਥੀਆਂ ਨੂੰ ਉਨ੍ਹਾਂ ਦੇ ਘਰ ਭੇਜਣ ਵਰਗੇ ਕੰਮਾਂ ਲਈ ਇਸ ਪੁਰਸਕਾਰ ਨਾਲ ਸਨਮਾਨਿਤ ਕੀਤਾ ਗਿਆ ਹੈ। ਸੋਨੂੰ ਸੂਦ ਨੇ ਇਸ ਮੌਕੇ ‘ਤੇ ਕਿਹਾ ਕਿ ਉਹ ਯੂਐੱਨਡੀਪੀ ਦਾ ਸਮਰਥਨ ਕਰਦੇ ਹਨ। ਸੰਯੁਕਤ ਰਾਸ਼ਟਰ ਦੀ ਮਾਨਤਾ ਬਹੁਤ ਖਾਸ ਹੈ।
ਦੱਸ ਦਈਏ ਕਿ ਸੋਨੂੰ ਸੂਦ ਤੋਂ ਪਹਿਲਾਂ ਐਜਲੀਨਾ ਜੋਲੀ, ਡੇਵਿਡ ਬੇਕਹਮ, ਲਿਓਨਾਰਡੋ ਡਿਕੈਪ੍ਰਿਯੋਸ, ਐਮਾ ਵਾਟਸਨ, ਕੇਟ ਬਲੈਂਚੇਟ ਤੇ ਪ੍ਰਿਅੰਕਾ ਚੋਪੜਾ ਨੂੰ ਵੀ ਸੰਯੁਕਤ ਰਾਸ਼ਟਰ ਵੱਲੋਂ ਵੱਖ-ਵੱਖ ਐਵਾਰਡਾਂ ਨਾਲ ਸਨਮਾਨਿਤ ਕੀਤਾ ਜਾ ਚੁੱਕਾ ਹੈ। ਇਹ ਪੁਰਸਕਾਰ ਮਿਲਣ ਤੋਂ ਬਾਅਦ ਸੋਨੂੰ ਸੂਦ ਅੰਤਰਰਾਸ਼ਟਰੀ ਕਲਾਕਾਰਾਂ ਦੀ ਸੂਚੀ ‘ਚ ਸ਼ਾਮਲ ਹੋ ਗਏ ਹਨ ।