ਕਿਸਾਨਾਂ ਦੇ ਹੱਕਾਂ ਲਈ ਇੱਕਜੁੱਟ ਹੋਏ ਪੰਜਾਬੀ ਗਾਇਕ

TeamGlobalPunjab
3 Min Read

ਬਟਾਲਾ: ਕੇਂਦਰ ਸਰਕਾਰ ਵੱਲੋਂ ਪਾਸ ਕੀਤੇ ਗਏ 3 ਖੇਤੀ ਕਾਨੂੰਨਾਂ ਦੇ ਵਿਰੋਧ ਵਿੱਚ ਸਮੂਹ ਕਿਸਾਨ ਜਥੇਬੰਦੀਆਂ ਵੱਲੋਂ ਬਟਾਲਾ ਵਿਖੇ ਚੱਕਾ ਜਾਮ ਕਰ ਕੇ ਰੋਸ ਪ੍ਰਦਰਸ਼ਨ ਕੀਤਾ ਗਿਆ। ਇਹ ਰੋਸ ਧਰਨਾ ਪੰਜਾਬੀ ਗਾਇਕ ਰਣਜੀਤ ਬਾਵਾ ਦੇ ਸੱਦੇ ਤੇ ਪਗੜੀ ਸੰਭਾਲ ਜੱਟਾ ਲਹਿਰ ਅਤੇ ਹੋਰ ਵੱਖ ਵੱਖ ਕਿਸਾਨ ਜਥੇਬੰਦੀਆਂ ਵੱਲੋਂ ਬਟਾਲਾ ਦੇ ਅੰਮ੍ਰਿਤਸਰ ਪਠਾਨਕੋਟ ਨੈਸ਼ਨਲ ਹਾਈਵੇ ਵਿਖੇ ਲਗਾਇਆ ਗਿਆ। ਜਿਸ ਵਿੱਚ ਪੰਜਾਬੀ ਦੇ ਮੰਨੇ-ਪ੍ਰਮੰਨੇ ਗਾਇਕ ਰਣਜੀਤ ਬਾਵਾ ਦੇ ਨਾਲ ਨਾਲ ਹਰਭਜਨ ਮਾਨ, ਕਨਵਰ ਗਰੇਵਾਲ ਅਤੇ ਐਮੀ ਵਿਰਕ, ਕੁਲਵਿੰਦਰ ਬਿੱਲਾ, ਦੀਪ ਸਿੱਧੂ ਸਮੇਤ ਸਮੂਹ ਪੰਜਾਬੀ ਗੀਤਕਾਰ ਮੌਜੂਦ ਇੱਕ ਮੰਚ ਤੇ ਇਕੱਠੇ ਹੋ ਕੇ ਕਿਸਾਨਾਂ ਦੇ ਹੱਕ ਵਿੱਚ ਨਿੱਤਰੇ ਨਜ਼ਰ ਆਏ।

ਹਾਲਾਂਕਿ ਧਰਨਾਕਾਰਿਆਂ ਵੱਲੋਂ ਸਥਾਨਕ ਵੀ.ਐਮ.ਐੱਸ ਕਾਲਜ ਨਜ਼ਦੀਕ ਜਾਰੀ ਇਸ ਰੋਸ ਧਰਨੇ ਦੌਰਾਨ ਅੰਮ੍ਰਿਤਸਰ ਪਠਾਨਕੋਟ ਨੈਸ਼ਨਲ ਹਾਈਵੇ ਦਾ ਇੱਕ ਪਾਸਾ ਹੀ ਜਾਮ ਕੀਤਾ ਗਿਆ। ਜਦੋਂ ਕਿ ਦੂਜੇ ਪਾਸੇ ਵਾਲੀ ਲੇਨ ਤੋਂ ਟਰੈਫ਼ਿਕ ਆਮ ਦੀ ਤਰਾਂ ਹੀ ਜਾਰੀ ਰਿਹਾ। ਦੂਜੇ ਪਾਸੇ ਇਸ ਪ੍ਰਦਰਸ਼ਨ ਨੂੰ ਧਿਆਨ ਵਿੱਚ ਰੱਖਦਿਆਂ ਬਟਾਲਾ ਪੁਲਿਸ ਵੱਲੋਂ ਭਾਰੀ ਪੁਲਿਸ ਬਲ ਤਾਇਨਾਤ ਕਰ ਕੇ ਟਰੈਫ਼ਿਕ ਸਮੱਸਿਆ ਤੇ ਕਾਬੂ ਪਾਉਣ ਦੀ ਲਗਾਤਾਰ ਕੋਸ਼ਿਸ਼ ਕੀਤੀ ਜਾਂਦੀ ਰਹੀ।


ਕਿਸਾਨਾਂ ਦੇ ਹੱਕ ਵਿੱਚ ਪਹਿਲੀ ਵਾਰ ਇੰਨੀ ਵੱਡੀ ਗਿਣਤੀ ਵਿੱਚ ਇੱਕ ਮੰਚ ਤੇ ਇਕੱਠੇ ਹੋਏ ਕਲਾਕਾਰਾਂ ਨੇ ਪ੍ਰਦਰਸ਼ਨ ਕਾਰੀਆਂ ਨੂੰ ਧਰਨੇ ਦੌਰਾਨ ਸ਼ਾਂਤੀ ਬਣਾਏ ਰੱਖਣ ਦੀ ਅਪੀਲ ਕਰਦਿਆਂ ਕਿਹਾ ਕਿ ਇਹ ਧਰਨਾ ਸਿਰਫ਼਼ ਤੇ ਸਿਰਫ਼ ਕਿਸਾਨਾਂ ਦੇ ਹੱਕਾਂ ਲਈ ਕਿਸਾਨਾਂ ਵੱਲੋਂ ਕੀਤੇ ਜਾ ਰਹੇ ਸੰਘਰਸ਼ ਦਾ ਹਿੱਸਾ ਹੈ ਅਤੇ ਇਸ ਸ਼ਾਂਤਮਈ ਧਰਨੇ ਦਾ ਕਿਸੇ ਵੀ ਸਿਆਸੀ ਪਾਰਟੀ ਨਾਲ ਕੋਈ ਲੈਣਾ ਦੇਣਾ ਨਹੀਂ ਹੈ। ਨਾਲ ਹੀ ਉਨ੍ਹਾਂ ਕਿਹਾ ਕਿ ਪੰਜਾਬ ਦਾ ਕਿਸਾਨ ਇਸ ਵੇਲੇ ਪੂਰੀ ਤਰਾਂ ਨਾਲ ਆਰ ਪਾਰ ਦੀ ਲੜਾਈ ਲੜਨ ਸਬੰਧੀ ਲਾਮਬੰਦ ਹੋ ਚੁੱਕਾ ਹੈ ਅਤੇ ਦੇਸ਼ ਦੀ ਕੇਂਦਰ ਸਰਕਾਰ ਨੂੰ ਵੀ ਇਹ ਗੱਲ ਸਮਝ ਲੈਣੀ ਚਾਹੀਦੀ ਹੈ।

ਦੇਸ਼ ਦਾ ਅੰਨਦਾਤਾ ਜੇਕਰ ਪੂਰੇ ਦੇਸ਼ ਦੇ ਅੰਨ ਦੀ ਪੂਰਤੀ ਕਰਨ ਦੀ ਸਮਰੱਥਾ ਰੱਖਦਾ ਹੈ। ਤਾਂ ਆਪਣੇ ਹੱਕ ਲੈਣਾ ਵੀ ਚੰਗੀ ਤਰਾਂ ਜਾਣਦਾ ਹੈ। ਇੱਕ ਸਟੇਜ ਤੇ ਇਕੱਠੇ ਹੋਏ ਕਲਾਕਾਰਾਂ ਨੇ ਸਿੱਧੇ ਰੂਪ ਵਿੱਚ ਕਿਹਾ ਕਿ ਕੇਂਦਰ ਸਰਕਾਰ ਦੇਸ਼ ਅਤੇ ਕਿਸਾਨਾਂ ਦੇ ਮੂਡ ਨੂੰ ਧਿਆਨ ਵਿੱਚ ਰੱਖਦਿਆਂ। ਜਾਂ ਤਾਂ ਲਾਗੂ ਕੀਤੇ ਗਏ ਬਿੱਲਾਂ ਨੂੰ ਰੱਦ ਕਰੇ ਜਾਂ ਫਿਰ ਉਸ ਵਿੱਚ ਲੋੜੀਂਦੇ ਸੁਧਾਰ ਕਰੇ। ਨਹੀਂ ਤਾਂ ਨਤੀਜੇ ਭੁਗਤਣ ਲਈ ਤਿਆਰ ਰਹੇ। ਇਸ ਪ੍ਰਦਰਸ਼ਨ ਦੌਰਾਨ ਸਮਾਜ ਸੇਵੀ ਅਨਮੋਲ ਕਵਾਤਰਾ ਅਤੇ ਲੱਖਾ ਸਿਧਾਣਾ ਸਮੇਤ ਹੋਰ ਸੋਸ਼ਲ ਮੀਡੀਆ ਦੇ ਸਟਾਰ ਵੀ ਹਾਜ਼ਰ ਸਨ।

Share This Article
Leave a Comment