ਕਰਾਚੀ: ਪਾਕਿਸਤਾਨ ਦੇ ਕਰਾਚੀ ‘ਚ ਬੀਤੇ ਦਿਨ ਬੱਸ ‘ਚ ਅੱਗ ਲੱਗ ਜਾਣ ਕਾਰਨ 13 ਲੋਕਾਂ ਦੀ ਮੌਤ ਹੋ ਗਈ ਅਤੇ 15 ਲੋਕ ਗੰਭੀਰ ਰੂਪ ਵਿਚ ਜ਼ਖ਼ਮੀ ਹੋ ਗਏ। ਪੁਲਿਸ ਅਧਿਕਾਰੀ ਅਤੇ ਬਚਾਅ ਅਧਿਕਾਰੀਆਂ ਨੇ ਦੱਸਆ ਕਿ ਬੱਸ ਹੈਦਰਾਬਾਦ ਤੋਂ ਕਰਾਚੀ ਜਾ ਰਹੀ ਸੀ। ਹੈਦਰਾਬਾਦ ਤੋਂ 60 ਕਿਲੋਮੀਟਰ ਦੂਰ ਬੱਸ ‘ਚ ਅਚਾਨਕ ਅੱਗ ਲੱਗ ਗਈ। ਇਹ ਹਾਦਸਾ ਕਰਾਚੀ ਦੇ ਨੂਰੀਆਬਾਦ ਇਲਾਕੇ ਦੇ ਨਜ਼ਦੀਕ ਵਾਪਰਿਆ। ਹਾਦਸੇ ਦੌਰਾਨ ਬੱਸ ‘ਚ ਸਵਾਰ 13 ਲੋਕਾਂ ਦੀ ਮੌਤ ਹੋ ਗਈ ਅਤੇ 15 ਦੇ ਕਰੀਬ ਲੋਕ ਜ਼ਖਮੀ ਹੋ ਗਏ।
ਵਧੀਕ ਇੰਸਪੈਕਟਰ ਜਨਰਲ (ਮੋਟਰਵੇਅ ਪੁਲਿਸ) ਡਾ. ਆਫਤਾਬ ਪਠਾਣ ਨੇ ਦੱਸਿਆ ਕਿ ਬੱਸ ਵਿਚ 22 ਲੋਕ ਸਵਾਰ ਸਨ। ਉਨ੍ਹਾਂ ਦੱਸਿਆ ਕਿ ਅੱਗ ਲੱਗਣ ਕਾਰਨ ਬੱਸ ਪਲਟ ਗਈ ਜਿਸ ਕਾਰਨ ਬਹੁਤ ਸਾਰੇ ਯਾਤਰੀ ਬੱਸ ਅੰਦਰ ਫਸ ਗਏ ਅਤੇ ਅੱਗ ਦੀ ਲਪੇਟ ‘ਚ ਆ ਕੇ ਬੁਰੀ ਤਰ੍ਹਾਂ ਝੁਲਸ ਗਏ। ਕੁਝ ਲੋਕ ਆਪਣੀ ਜਾਨ ਬਚਾਉਣ ਵਿਚ ਸਫਲ ਰਹੇ ਪਰ ਉਨ੍ਹਾਂ ਨੂੰ ਵੀ ਗੰਭੀਰ ਸੱਟਾਂ ਲੱਗੀਆਂ। ਇਨ੍ਹਾਂ ਵਿਚੋਂ 5 ਲੋਕਾਂ ਦੀ ਹਾਲਤ ਗੰਭੀਰ ਹੈ। ਉਨ੍ਹਾਂ ਦੱਸਿਆ ਕਿ ਹਾਦਸੇ ਦੀ ਸੂਚਨਾ ਮਿਲਦੇ ਹੀ ਐਂਬੂਲੈਂਸ ਅਤੇ ਫਾਇਰ ਬ੍ਰਿਗੇਡ ਦੀਆਂ ਗੱਡੀਆਂ ਮੌਕੇ ‘ਤੇ ਪੁੱਜ ਗਈਆਂ।
ਜ਼ਿਕਰਯੋਗ ਹੈ ਕਿ ਇਸੇ ਸਾਲ ਨਿਊ ਕਰਾਚੀ ਇਲਾਕੇ ਵਿਚ ਇਕ ਚੱਲਦੀ ਵੈਨ ਵਿਚ ਅੱਗ ਲੱਗਣ ਕਾਰਨ ਇਕੋ ਪਰਿਵਾਰ ਦੇ 6 ਲੋਕਾਂ ਦੀ ਮੌਤ ਹੋ ਗਈ ਸੀ।