ਐਸ.ਏ.ਐਸ. ਨਗਰ: ਵੱਡੀ ਪੱਧਰ `ਤੇ ਟੈਸਟਿੰਗ ਸਮੇਂ ਦੀ ਲੋੜ ਹੈ। ਜਿੰਨੀ ਛੇਤੀ ਅਸੀਂ ਪਾਜ਼ੇਟਿਵ ਕੇਸਾਂ ਦੀ ਪਛਾਣ ਕਰਦੇ ਹਾਂ ਉਨੀਂ ਛੇਤੀ ਹੀ ਇਸ ਵਾਇਰਸ ਦੇ ਫੈਲਾਅ ਨੂੰ ਰੋਕ ਸਕਦੇ ਹਾਂ।ਪਰ ਹਰ ਪੱਧਰ `ਤੇ ਠੋਸ ਕੋਸ਼ਿਸ਼ਾਂ ਅਤੇ ਅਪੀਲਾਂ ਦੇ ਬਾਵਜੂਦ ਟੈਸਟਿੰਗ ਲਈ ਬਹੁਤ ਘੱਟ ਗਿਣਤੀ ਲੋਕ ਅੱਗੇ ਆ ਰਹੇ ਹਨ। ਇਸ ਲਈ, ਅਸੀਂ ਜ਼ਿਲ੍ਹਾ ਪੱਧਰ `ਤੇ ਫੈਸਲਾ ਕੀਤਾ ਕਿ “ਜੇ ਲੋਕ ਟੈਸਟਿੰਗ ਲਈ ਸਾਡੇ ਕੋਲ ਨਹੀਂ ਆਉਂਦੇ, ਤਾਂ ਅਸੀਂ ਉਨ੍ਹਾਂ ਤੱਕ ਪਹੁੰਚ ਕਰਨ ਦੀ ਕੋਸ਼ਿਸ਼ ਕਰਾਂਗੇ” ਇਹ ਪ੍ਰਗਟਾਵਾ ਡਿਪਟੀ ਕਮਿਸ਼ਨਰ ਗਿਰੀਸ਼ ਦਿਆਲਨ ਨੇ ਕੀਤਾ।
ਡਿਪਟੀ ਕਮਿਸ਼ਨਰ ਨੇ ਕਿਹਾ ਕਿ ਪਾਇਲਟ ਅਧਾਰ `ਤੇ ਇਸ ਯੋਜਨਾ ਨੂੰ ਲਾਗੂ ਕਰਦਿਆਂ ਅਸੀਂ ਖਰੜ ਦੇ ਰਾਮ ਭਵਨ ਵਿਖੇ ਇਕ ਕੈਂਪ ਲਗਾਇਆ। ਇਹ ਤਰਕੀਬ ਲੋਕਾਂ ਨੂੰ ਪਸੰਦ ਆਈ। ਵੱਡੀ ਗਿਣਤੀ ਵਿਚ ਲੋਕ ਅਤੇ ਸਥਾਨਕ ਦੁਕਾਨਦਾਰ ਆਪਣੇ ਕਰਮਚਾਰੀਆਂ ਸਮੇਤ ਸੈਂਪਲਿੰਗ ਲਈ ਅੱਗੇ ਆਏ।ਕਈ ਆਪਣੇ ਪਰਿਵਾਰਕ ਮੈਂਬਰਾਂ ਨੂੰ ਵੀ ਨਾਲ ਲੈ ਕੇ ਆਏ।
ਸਿਵਲ ਹਸਪਤਾਲ ਖਰੜ ਦੇ ਡਾਕਟਰਾਂ ਦੀ ਟੀਮ ਵੱਲੋਂ ਤਕਰੀਬਨ 137 ਸੈਂਪਲ ਲਏ ਗਏ। ਰੈਪਿਡ ਐਂਟੀਜਨ ਟੈਸਟ ਮੌਕੇ `ਤੇ ਹੀ ਕੀਤੇ ਗਏ ਅਤੇ 5 ਵਿਅਕਤੀ ਪਾਜ਼ੇਟਿਵ ਪਾਏ ਗਏ।
ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਅਸੀਂ ਹੁਣ ਹਸਪਤਾਲਾਂ ਦੇ ਬਾਹਰ ਹੋਰ ਕੈਂਪ ਲਗਾਉਣ ਦੇ ਯਤਨ ਕਰਾਂਗੇ ਕਿਉਂਕਿ ਇਸ ਤੋਂ ਪਤਾ ਚੱਲਿਆ ਹੈ ਕਿ ਲੋਕ ਹਸਪਤਾਲ ਜਾਣ ਦੇ ਖ਼ਿਆਲ ਤੋਂ ਫ਼ਿਕਰਮੰਦ ਹੁੰਦੇ ਹਨ ਅਤੇ ਕੁਝ ਨੂੰ ਡਰ ਹੈ ਕਿ ਵਾਇਰਸ ਦੇ ਖ਼ਤਰੇ ਵਾਲੇ ਖੇਤਰ ਵਿੱਚ ਜਾਣ ਨਾਲ ਸ਼ਾਇਦ ਉਨ੍ਹਾਂ ਨੂੰ ਲਾਗ ਲੱਗਣ ਦਾ ਖ਼ਤਰਾ ਹੋ ਸਕਦਾ ਹੈ। ਇਸ ਦੇ ਉਲਟ ਟੈਸਟਿੰਗ ਲਈ ਲਗਾਏ ਗਏ ਕੈਂਪ ਨੂੰ ਭਰਵਾਂ ਹੁੰਗਾਰਾ ਮਿਲਿਆ ਅਤੇ ਲੋਕਾਂ ਨੇ ਖੁੱਲ੍ਹੇ ਵਿਚ ਹੋਰ ਟੈਸਟਿੰਗ ਸਹੂਲਤਾਂ ਦੀ ਮੰਗ ਕੀਤੀ।
ਮਨੀਸ਼ਾ ਰਾਣਾ ਆਈ.ਏ.ਐੱਸ. (ਸਿਖਲਾਈ ਅਧੀਨ) ਜਿਨ੍ਹਾਂ ਨੇ ਸਥਾਨਕ ਲੋਕਾਂ ਅਤੇ ਡਾਕਟਰਾਂ ਨਾਲ ਕੈਂਪ ਲਗਾਉਣ ਲਈ ਤਾਲਮੇਲ ਕੀਤਾ ਅਤੇ ਨਮੂਨੇ ਲੈਣ ਦੀ ਸਮੁੱਚੀ ਪ੍ਰਕਿਰਿਆ ਦੀ ਨਿਗਰਾਨੀ ਕੀਤੀ, ਨੇ ਕਿਹਾ ਕਿ, “ਡਿਪਟੀ ਕਮਿਸ਼ਨਰ ਦਾ ਲੋਕਾਂ ਤੱਕ ਪਹੁੰਚ ਕਰਨ ਦਾ ਵਿਚਾਰ ਸਫ਼ਲ ਰਿਹਾ ਹੈ ਅਤੇ ਡਾਕਟਰਾਂ ਦੀਆਂ ਹੋਰ ਟੀਮਾਂ ਨਾਲ ਅਸੀਂ ਇਸ ਤਰਕੀਬ ਨੂੰ ਵੱਖ ਵੱਖ ਥਾਵਾਂ `ਤੇ ਅਪਣਾ ਸਕਦੇ ਹਾਂ।