ਤਲਵੰਡੀ ਸਾਬੋ: ਖੇਤੀਬਾੜੀ ਬਿੱਲਾਂ ਨੂੰ ਲੈ ਕੇ ਪੰਜਾਬ ਦੇ ਵਿੱਚ ਰੋਸ ਪ੍ਰਦਰਸ਼ਨ ਹੋ ਰਹੇ ਹਨ। ਕੇਂਦਰੀ ਕੈਬਨਿਟ ‘ਚੋਂ ਅਸਤੀਫਾ ਦੇਣ ਤੋਂ ਬਾਅਦ ਹਰਸਿਮਰਤ ਕੌਰ ਬਾਦਲ ਅੱਜ ਤਖ਼ਤ ਸ੍ਰੀ ਦਮਦਮਾ ਸਾਹਿਬ ਤਲਵੰਡੀ ਸਾਬੋ ਵਿਖੇ ਪਹੁੰਚ ਰਹੇ ਹਨ। ਅਕਾਲੀ ਦਲ ਦੇ ਇਸ ਵਫ਼ਦ ਦਾ ਵਿਰੋਧ ਕਰਨ ਲਈ ਆਮ ਆਦਮੀ ਪਾਰਟੀ ਵੀ ਸੜਕਾਂ ‘ਤੇ ਨਿੱਤਰ ਆਈ ਹੈ। ਆਮ ਆਦਮੀ ਪਾਰਟੀ ਦੀ ਤਲਵੰਡੀ ਸਾਬੋ ਤੋਂ ਵਿਧਾਇਕ ਬਲਜਿੰਦਰ ਕੌਰ ਦੀ ਅਗਵਾਈ ‘ਚ ਕਈ ਵਰਕਰ ਕਾਲੀਆਂ ਝੰਡੀਆਂ ਫੜ ਕੇ ਦਮਦਮਾ ਸਾਹਿਬ ਨੇੜੇ ਪਹੁੰਚੇ ਹਨ।
ਬਲਜਿੰਦਰ ਕੌਰ ਆਪਣੇ ਵਰਕਰਾਂ ਨਾਲ ਖੰਡਾ ਚੌਕ ‘ਤੇ ਗੱਲ ‘ਚ ਤਖ਼ਤੀਆਂ ਪਾ ਕੇ ਅਤੇ ਕਾਲੀਆਂ ਚੁੰਨੀਆਂ ਤੇ ਕਾਲੇ ਝੰਡੇ ਲੈ ਕੇ ਅਕਾਲੀ ਦਲ ਦਾ ਵਿਰੋਧ ਕਰਨ ਲਈ ਪਹੁੰਚੇ ਹਨ। ਇਨ੍ਹਾਂ ਪ੍ਰਦਰਸ਼ਨਕਾਰੀਆਂ ਦਾ ਕਹਿਣਾ ਹੈ ਕਿ ਅਕਾਲੀ ਦਲ ਦਿੱਲੀ ਵਿੱਚ ਕਿਸਾਨਾਂ ਦਾ ਸੌਦਾ ਕਰਕੇ ਹੁਣ ਪੰਜਾਬ ਵਾਪਸ ਪਰਤ ਰਿਹਾ ਹੈ। ਹਰਸਿਮਰਤ ਕੌਰ ਬਾਦਲ ਅਤੇ ਸੁਖਬੀਰ ਸਿੰਘ ਬਾਦਲ ਦੋਹਰੀ ਰਾਜਨੀਤੀ ਕਰ ਰਹੇ ਹਨ। ਦਿੱਲੀ ਤੋਂ ਇਨ੍ਹਾਂ ਨੂੰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸਪੈਸ਼ਲ ਟ੍ਰੇਨਿੰਗ ਦੇ ਕੇ ਭੇਜਿਆ ਹੈ ਅਤੇ ਪੰਜਾਬ ਦੇ ਕਿਸਾਨਾਂ ਨੂੰ ਅਕਾਲੀ ਦਲ ਧੋਖੇ ‘ਚ ਰੱਖ ਰਿਹਾ ਹੈ।
ਇਸ ਤੋਂ ਇਲਾਵਾ ਬਲਜਿੰਦਰ ਕੌਰ ਨੇ ਕਿਹਾ ਕਿ ਜੇਕਰ ਅਕਾਲੀ ਦਲ ਸੱਚ ਵਿੱਚ ਕਿਸਾਨਾਂ ਦਾ ਸਮਰਥਨ ਕਰਨਾ ਚਾਹੁੰਦੇ ਹਨ ਤਾਂ ਬੀਜੇਪੀ ਨਾਲੋਂ ਨਾਤਾ ਕਿਉਂ ਨਹੀਂ ਤੋੜ ਦਿੰਦੇ। ਦੱਸ ਦਈਏ ਕਿ ਹਰਸਿਮਰਤ ਕੌਰ ਬਾਦਲ ਅਤੇ ਸੁਖਬੀਰ ਸਿੰਘ ਬਾਦਲ ਵੱਡੇ ਕਾਫਲੇ ਦੇ ਨਾਲ ਅੱਜ ਤਖ਼ਤ ਸ੍ਰੀ ਦਮਦਮਾ ਸਾਹਿਬ ਵਿਖੇ ਨਤਮਸਤਕ ਹੋਣ ਪਹੁੰਚ ਰਹੇ ਹਨ। ਤਖ਼ਤ ਸ੍ਰੀ ਦਮਦਮਾ ਸਾਹਿਬ ਵਿਖੇ ਮੱਥਾ ਟੇਕਣ ਤੋਂ ਬਾਅਦ ਹਰਸਿਮਰਤ ਅਤੇ ਸੁਖਬੀਰ ਬਾਦਲ ਬਠਿੰਡਾ ਨੂੰ ਰਵਾਨਾ ਹੋਣਗੇ। ਉਨ੍ਹਾਂ ਦੇ ਨਾਲ ਵੱਡੀ ਗਿਣਤੀ ਵਿੱਚ ਅਕਾਲੀ ਲੀਡਰਸ਼ਿਪ ਵੀ ਮੌਜੂਦ ਰਹੇਗੀ। ਤਲਵੰਡੀ ਸਾਬੋ ਪਹੁੰਚਣ ਤੋਂ ਪਹਿਲਾਂ ਹੀ ਆਮ ਆਦਮੀ ਪਾਰਟੀ ਉਨ੍ਹਾਂ ਦਾ ਕਾਲੀਆਂ ਝੰਡੀਆਂ ਲੈ ਕੇ ਸਵਾਗਤ ਕਰ ਕਰੇਗੀ।