ਚੰਡੀਗੜ੍ਹ: ਕਿਸਾਨ ਮਾਰੂ ਤਿੰਨ ਖੇਤੀ ਕਾਨੂੰਨ ਕੇਂਦਰ ਸਰਕਾਰ ਵੱਲੋਂ ਪਾਸ ਕੀਤੇ ਜਾਣ ਦੇ ਰੋਸ ਵਿੱਚ ਭਾਰਤੀ ਕਿਸਾਨ ਯੂਨੀਅਨ (ਏਕਤਾ ਉਗਰਾਹਾਂ) ਦੁਆਰਾ ਬਾਦਲ ਤੇ ਪਟਿਆਲਾ ਵਿਖੇ ਲਾਏ ਗਏ ਧਰਨੇ ਅੱਜ ਸੰਘਰਸ਼ ਨੂੰ ਹੋਰ ਵਿਸ਼ਾਲ ਅਤੇ ਤੇਜ਼ ਕਰਦੇ ਹੋਏ 25 ਸਤੰਬਰ ਦੇ ਪੰਜਾਬ ਬੰਦ ਅਤੇ 24 ਤੋਂ 26 ਤੱਕ 48 ਘੰਟੇ ਦੇ ਰੇਲ ਜਾਮ ਦੀ ਮੁਕੰਮਲ ਸਫਲਤਾ ਲਈ ਅੱਜ ਅੱਠਵੇਂ ਦਿਨ ਅਣਮਿਥੇ ਸਮੇਂ ਲਈ ਮੁਲਤਵੀ ਕਰ ਦਿੱਤੇ ਗਏ।
ਜਥੇਬੰਦੀ ਦੇ ਪ੍ਰਧਾਨ ਜੋਗਿੰਦਰ ਸਿੰਘ ਉਗਰਾਹਾਂ ਤੇ ਜਨਰਲ ਸਕੱਤਰ ਸੁਖਦੇਵ ਸਿੰਘ ਕੋਕਰੀ ਕਲਾਂ ਵੱਲੋਂ ਇਹ ਖੁਲਾਸਾ ਕਰਦੇ ਪ੍ਰੈਸਨੋਟ ਰਾਹੀਂ ਕੇਂਦਰ ਸਰਕਾਰ ਉੱਤੇ ਸਾਮਰਾਜੀ ਕਾਰਪੋਰੇਟਾਂ ਦੀ ਦਲਾਲ ਹੋਣ ਦਾ ਦੋਸ਼ ਲਾਉਂਦਿਆਂ ਕਿਹਾ ਗਿਆ ਹੈ ਕਿ ਪਰਸੋਂ ਰਾਜ ਸਭਾ ਵਿਚ ਬਿਨਾ ਬਿਨਾਂ ਵੋਟਾਂ ਪਵਾਏ ਤਾਨਾਸ਼ਾਹ ਢੰਗ ਨਾਲ ਵਿਰੋਧੀ ਆਵਾਜ਼ ਨੂੰ ਦਬਾਉਣ ਰਾਹੀਂ ਰਾਜ ਸਭਾ ‘ਚ ਬਿਲ ਪਾਸ ਕਰਵਾ ਕੇ ਪ੍ਚਾਰੀ ਜਾਂਦੀ ਭਾਰਤੀ ਜਮਹੂਰੀਅਤ ਦਾ ਘਾਣ ਕੀਤਾ ਹੈ। ਉਹਨਾਂ ਕਿਹਾ ਕਿ ਹੈ ਇਹਨਾਂ ਆਰਡੀਨੈਸਾਂ ਦੇ ਪੱਖ ਵਿਚ ਹੱਥ ਨਾਲ ਖੜੇ ਨਾ ਕਰਨ ਵਾਲੇ ਰਾਜ ਸਭਾ ਮੈਂਬਰਾਂ ਨੂੰ ਬਰਖਾਸਤ ਕਰਨ ਤੋਂ ਸਾਬਤ ਹੁੰਦਾ ਹੈ ਕਿ ਹੋਰ ਰਾਜ ਸਭਾ ਮੈਂਬਰਾਂ ਤੋਂ ਵੀ ਕਿਸੇ ਦਬਾਅ ਤਹਿਤ ਹੀ ਜ਼ਬਾਨੀ ਸਹਿਮਤੀ ਹਾਸਲ ਕੀਤੀ ਗਈ ਹੈ। ਅੱਜ ਹੋਰ ਵੀ ਬਹੁਤ ਵੱਡੀ ਗਿਣਤੀ ‘ਚ ਪੁੱਜੇ ਨੌਜਵਾਨਾਂ ਨੇ ਕਿਹਾ ਕਿ ਅਸੀਂ ਹੁਣ ਸਾਡੇ ਕਿਸਾਨ ਬਜ਼ੁਰਗਾਂ ਨਾਲ ਜਥੇਬੰਦੀ ਦੀ ਅਗਵਾਈ ਵਿਚ ਸੰਘਰਸ਼ ਦੇ ਮੈਦਾਨ ਵਿੱਚ ਵੱਧ ਤੋਂ ਵੱਧ ਹਿੱਸਾ ਪਾਵਾਂਗੇ ਅਤੇ ਇਹਨਾਂ ਕਾਲੇ ਕਾਨੂੰਨਾਂ ਨੂੰ ਰੱਦ ਕਰਵਾ ਕੇ ਹੀ ਦਮ ਲਵਾਂਗੇ।
ਕਿਸਾਨ ਆਗੂਆਂ ਨੇ ਜਾਣਕਾਰੀ ਦਿੱਤੀ ਕਿ ਅੱਜ ਵੀ ਬਹੁਤ ਭਾਰੀ ਗਿਣਤੀ ਔਰਤਾਂ ਸਮੇਤ ਦੋਨੀਂ ਥਾਂਈਂ ਹਜ਼ਾਰਾਂ ਦੀ ਤਾਦਾਦ ਵਿੱਚ ਜੁੜੇ ਇਕੱਠਾਂ ਵੱਲੋਂ ਕੇਂਦਰੀ ਤੇ ਪੰਜਾਬ ਸਰਕਾਰ ਵਿਰੁੱਧ ਅਤੇ ਆਪਣੀਆਂ ਮੰਗਾਂ ਦੇ ਹੱਕ ‘ਚ ਆਕਾਸ਼ ਗੁੰਜਾਊ ਨਾਹਰਿਆਂ ਰਾਹੀਂ ਨਵੇਂ ਐਲਾਨ ਨੂੰ ਪ੍ਰਵਾਨਗੀ ਦਿੱਤੀ ਗਈ। ਪ੍ਰੈਸਨੋਟ ਵਿੱਚ ਦਾਅਵਾ ਕੀਤਾ ਗਿਆ ਹੈ ਕਿ ਸਰਕਾਰਾਂ ਦੇ ਅੜੀਅਲ ਤੇ ਜਾਬਰ ਵਤੀਰੇ ਵਿਰੁੱਧ ਕਿਸਾਨਾਂ ਮਜ਼ਦੂਰਾਂ ਦਾ ਦਿਨੋ-ਦਿਨ ਵਧ ਰਿਹਾ ਠਾਠਾਂ ਮਾਰਦਾ ਰੋਹ ਇਹਨਾਂ ਕਿਸਾਨ ਮਾਰੂ ਕਾਨੂੰਨਾਂ ਨੂੰ ਜਨਤਕ ਤਾਕਤ ਦੇ ਜ਼ੋਰ ਪੈਰਾਂ ਥੱਲੇ ਮਸਲ ਸੁੱਟਣ ਵਾਲੇ ‘ਕਰੋ ਜਾਂ ਮਰੋ’ ਸੰਘਰਸ਼ ਵੱਲੀ ਵਧ ਰਿਹਾ ਹੈ। ਧਰਨਿਆਂ ਵਿੱਚ ਸ਼ਾਮਿਲ ਬੁਲਾਰਿਆਂ ਨੇ ਦੋਸ਼ ਲਾਇਆ ਕਿ ਇਹ ਕਾਨੂੰਨ ਪੂਰੀ ਖੇਤੀ ਮੰਡੀ ਨੂੰ ਦੇਸੀ ਵਿਦੇਸ਼ੀ ਸਾਮਰਾਜੀ ਕਾਰਪੋਰੇਟਾਂ ਦੀ ਮੁੱਠੀ ਵਿੱਚ ਦੇਣ ਅਤੇ ਵਾਹੀਯੋਗ ਜ਼ਮੀਨਾਂ ਹਥਿਆ ਕੇ ਵੱਡੇ ਕਾਰਪੋਰੇਟ ਖੇਤੀ ਫਾਰਮ ਉਸਾਰਨ ਦੇ ਸੰਦ ਹਨ ਅਤੇ ਛੋਟੀ ਦਰਮਿਆਨੀ ਕਿਸਾਨੀ ਦੀ ਮੌਤ ਦੇ ਵਰੰਟ ਹਨ।ਉਹਨਾਂ ਨੇ ਦਾਅਵਾ ਕੀਤਾ ਕਿ ਅਣਖੀਲੇ ਜੁਝਾਰੂ ਕਿਸਾਨ ਮਜਦੂਰ ਤੇ ਸੰਘਰਸ਼ਸ਼ੀਲ ਲੋਕ ਇਹਨਾਂ ਕਾਨੂੰਨਾਂ ਵਿਰੁੱਧ ਲੰਬੇ ਜਾਨਹੂਲਵੇਂ ਸੰਘਰਸ਼ਾਂ ਦੀ ਝੜੀ ਲਾ ਕੇ ਸਰਕਾਰ ਦੀ ਸਿਆਸੀ ਮਿੱਟੀ ਪੈਰਾਂ ਥੱਲੇ ਮਿੱਧ ਦੇਣਗੇ, ਭਾਵੇਂ ਕਿੰਨੀਆਂ ਵੀ ਕੁਰਬਾਨੀਆਂ ਕਿਉਂ ਨਾ ਦੇਣੀਆਂ ਪੈ ਜਾਣ।
ਉਹਨਾਂ ਮੰਗ ਕੀਤੀ ਕਿ ਤਿੰਨੇ ਕਾਲੇ ਖੇਤੀ ਕਾਨੂੰਨ ਅਤੇ ਬਿਜਲੀ ਸੋਧ ਬਿੱਲ 2020 ਸਣੇ ਭੂਮੀ ਗ੍ਰਹਿਣ ਬਿੱਲ ਦੀਆਂ ਸੋਧਾਂ ਰੱਦ ਕਰੋ। ਲਗਾਤਾਰ ਵਧ ਰਹੇ ਖੇਤੀ ਘਾਟਿਆਂ ਕਾਰਨ ਚੜੇ ਜਾਨਲੇਵਾ ਕਰਜੇ ਮੋੜਨੋਂ ਅਸਮਰੱਥ ਕਿਸਾਨਾਂ ਮਜ਼ਦੂਰਾਂ ਦੇ ਹਰ ਕਿਸਮ ਦੇ ਕਰਜੇ ਖਤਮ ਕਰੋ ਤੇ ਸੂਦਖੋਰੀ ਕਰਜਾ ਕਾਨੂੰਨ ਕਿਸਾਨ ਮਜ਼ਦੂਰ ਪੱਖੀ ਬਣਾਓ ਕਰਜਿਆਂ ਦੁੱਖੋਂ ਖੁਦਕੁਸ਼ੀਆਂ ਦਾ ਸ਼ਿਕਾਰ ਹੋਏ ਕਿਸਾਨਾਂ ਮਜਦੂਰਾਂ ਦੇ ਵਾਰਸਾਂ ਨੂੰ 5-5 ਲੱਖ ਦੀ ਫੌਰੀ ਰਾਹਤ ਅਤੇ 1-1 ਪੱਕੀ ਨੌਕਰੀ ਦਿਓ। ਕਰੋਨਾ ਦੀ ਆੜ ਹੇਠ ਬੇਇਨਸਾਫੀਆਂ ਤੇ ਧੱਕੇਸ਼ਾਹੀਆਂ ਖਿਲਾਫ਼ ਲਿਖਣ ਬੋਲਣ ਵਾਲੇ ਕਵੀਆਂ, ਬੁੱਧੀਜੀਵੀਆਂ,ਵਕੀਲਾਂ, ਕਲਾਕਾਰਾਂ, ਲੇਖਕਾਂ ਉੱਤੇ ਝੂਠੇ ਕੇਸ ਮੜ੍ਹ ਮੜ੍ਹ ਕੇ ਜੇਲ੍ਹੀਂ ਡੱਕੇ ਬਜ਼ੁਰਗ ਕਵੀ ਵਰਵਰਾ ਰਾਓ, 90% ਅੰਗਹੀਣ ਪ੍ਰੋ: ਜੀ ਐਨ ਸਾਂਈਂਬਾਬਾ ਸਮੇਤ ਸ਼ਾਹੀਨ ਬਾਗ ਤੇ ਜਾਮੀਆ ਯੂਨੀਵਰਸਿਟੀ ਦੇ ਜਨਤਕ ਜਮਹੂਰੀ ਆਗੂਆਂ ਸਭਨਾਂ ਨੂੰ ਬਿਨਾਂ ਸ਼ਰਤ ਰਿਹਾਅ ਕਰੋ। ਘਰ ਘਰ ਰੁਜ਼ਗਾਰ ਦਾ ਵਾਅਦਾ ਪੂਰਾ ਕਰੋ ਤੇ ਉਸਤੋਂ ਪਹਿਲਾਂ ਗੁਜ਼ਾਰੇਯੋਗ ਬੇਰੁਜ਼ਗਾਰੀ ਭੱਤਾ ਦਿਓ। ਆਦਮਖੋਰ ਨਸ਼ਾ-ਮਾਫੀਆ ਦੀ ਸਿਆਸੀ ਪ੍ਰਸ਼ਾਸਕੀ ਸਰਪ੍ਰਸਤੀ ਬੰਦ ਕਰੋ ਤੇ ਨਸ਼ਾ ਸਮਗਲਰਾਂ ਨੂੰ ਜੇਲੀਂ ਡੱਕੋ।
ਸਵੈ ਰੁਜ਼ਗਾਰ ਦੀ ਆੜ ਹੇਠ ਔਰਤਾਂ ਦੀ ਅੰਨ੍ਹੀ ਸੂਦਖੋਰੀ ਲੁੱਟ ਕਰ ਰਹੀਆਂ ਮਾਈਕ੍ਰੋ ਫਾਈਨਾਂਸ ਕੰਪਨੀਆਂ ਦੇ ਸਾਰੇ ਕਰਜੇ ਖਤਮ ਕਰੋ। ਸਵਾਮੀਨਾਥਨ ਰਿਪੋਰਟ ਅਨੁਸਾਰ ਸਾਰੀਆਂ ਫਸਲਾਂ ਦੇ ਲਾਭਕਾਰੀ ਸਮਰਥਨ ਮੁੱਲ ਸੀ-2 ਜਮਾਂ 50% ਫਾਰਮੂਲੇ ਮੁਤਾਬਕ ਮਿਥੋ ਤੇ ਪੂਰੀ ਖਰੀਦ ਦੀ ਗਰੰਟੀ ਕਰੋ ਜ਼ਮੀਨੀ ਹੱਦਬੰਦੀ ਕਾਨੂੰਨ ਸਖਤੀ ਨਾਲ ਲਾਗੂ ਕਰਕੇ ਵੱਡੇ ਜਗੀਰਦਾਰਾਂ ਦੀ ਫਾਲਤੂ ਜ਼ਮੀਨ ਬੇਜ਼ਮੀਨੇ ਥੁੜਜ਼ਮੀਨੇ ਮਜ਼ਦੂਰਾਂ ਕਿਸਾਨਾਂ ‘ਚ ਵੰਡੋ ਅਰਬਾਂਪਤੀ ਖਰਬਾਂਪਤੀ ਕਾਰਪੋਰੇਟ ਘਰਾਣਿਆਂ ਅਤੇ ਵੱਡੇ ਜਗੀਰਦਾਰਾਂ ਉੱਤੇ ਭਾਰੀ ਟੈਕਸ ਲਾਓ ਉਹਨਾਂ ਨੇ ਐਲਾਨ ਕੀਤਾ ਕਿ ਮੌਜੂਦਾ ਸੰਘਰਸ਼ ਨੂੰ ਹੋਰ ਪ੍ਰਚੰਡ ਕਰਦਿਆਂ ਅੰਤਿਮ ਜਿੱਤ ਤੱਕ ਲੜਨ ਦਾ ਪਿੜ ਬੰਨਿਆ ਜਾਵੇਗਾ।