ਵ੍ਹਾਈਟ ਹਾਊਸ ‘ਚ ਰਾਸ਼ਟਰਪਤੀ ਟਰੰਪ ਨੂੰ ਜ਼ਹਿਰ ਦਾ ਪੈਕਟ ਭੇਜਣ ਦੇ ਦੋਸ਼ ‘ਚ ਇੱਕ ਔਰਤ ਗ੍ਰਿਫਤਾਰ

TeamGlobalPunjab
2 Min Read

ਵਾਸ਼ਿੰਗਟਨ  : ਵ੍ਹਾਈਟ ਹਾਊਸ ‘ਚ ਰਾਸ਼ਟਰਪਤੀ ਡੋਨਾਲਡ ਟਰੰਪ ਦੇ ਨਾਂ ‘ਤੇ ਜ਼ਹਿਰ ਦਾ ਪੈਕਟ ਭੇਜਣ ਦੇ ਦੋਸ਼ ‘ਚ ਇਕ ਔਰਤ ਨੂੰ ਅਮਰੀਕਾ-ਕੈਨੇਡਾ ਦੀ ਸਰਹੱਦ ਤੋਂ ਗਿ੍ਫ਼ਤਾਰ ਕੀਤਾ ਗਿਆ ਹੈ। ਅਮਰੀਕੀ ਜਾਂਚ ਏਜੰਸੀਆਂ ਅਨੁਸਾਰ ਐਤਵਾਰ ਨੂੰ ਵ੍ਹਾਈਟ ਹਾਊਸ ਅਤੇ ਕੁਝ ਵਿਭਾਗਾਂ ਨੂੰ ਜ਼ਹਿਰੀਲੇ ਕੈਮੀਕਲ ‘ਰਿਸਿਨ’ ਵਾਲੇ ਪੈਕਟ ਭੇਜੇ ਗਏ ਸਨ। ਫਿਲਹਾਲ ਅਮਰੀਕੀ ਸੁਰੱਖਿਆ ਏਜੰਸੀਆਂ ਨੇ ਉਕਤ ਔਰਤ ਦੀ ਪਛਾਣ ਜਨਤਕ ਨਹੀਂ ਕੀਤੀ ਹੈ। ਇਹ ਵੀ ਪਤਾ ਨਹੀਂ ਲੱਗਾ ਹੈ ਕਿ ਔਰਤ ਨੇ ਅਜਿਹਾ ਕਿਉਂ ਕੀਤਾ।

ਦਰਅਸਲ, ਵ੍ਹਾਈਟ ਹਾਊਸ ‘ਚ ਇਕ ਹਫ਼ਤਾ ਪਹਿਲੇ ਡੋਨਾਲਡ ਟਰੰਪ ਦੇ ਨਾਂ ‘ਤੇ ਇਕ ਪਾਰਸਲ ਪੁੱਜਾ ਸੀ। ਇਸ ਦੇ ਅੰਦਰ ਜ਼ਹਿਰੀਲੀ ਚੀਜ਼ ਮਿਲੀ ਸੀ। ਮਾਮਲੇ ਦੀ ਮੁੱਢਲੀ ਜਾਂਚ ‘ਚ ਹੀ ਇਸ ਦਾ ਖ਼ੁਲਾਸਾ ਹੋਇਆ ਹੈ। ਦੱਸਣਯੋਗ ਹੈ ਕਿ ਇਸ ਤੋਂ ਪਹਿਲਾਂ ਵੀ ਰਾਸ਼ਟਰਪਤੀ ਭਵਨ ‘ਚ ਜ਼ਹਿਰੀਲਾ ਕੈਮੀਕਲ ‘ਰਿਸਿਨ’ ਭੇਜੇ ਜਾਣ ਦੇ ਮਾਮਲੇ ਸਾਹਮਣੇ ਆਏ ਹਨ। ਇਸ ਤੋਂ ਪਹਿਲੇ 2014 ‘ਚ ‘ਰਿਸਿਨ’ ਦੀ ਕੋਟਿੰਗ ਵਾਲਾ ਇਕ ਪੱਤਰ ਤਤਕਾਲੀ ਰਾਸ਼ਟਰਪਤੀ ਬਰਾਕ ਓਬਾਮਾ ਨੂੰ ਵੀ ਭੇਜਿਆ ਗਿਆ ਸੀ। ਇਸ ਦੋਸ਼ ‘ਚ ਸ਼ੈਨਨ ਰਿਚਰਡਸਨ ਨਾਂ ਦੀ ਇੱਕ ਔਰਤ ਨੂੰ 18 ਸਾਲ ਦੀ ਸਜ਼ਾ ਹੋਈ ਸੀ।

ਵਾਸ਼ਿੰਗਟਨ ‘ਚ ਜੁਆਇੰਟ ਟੈਰੇਰੀਜ਼ਮ ਟਾਸਕ ਫੋਰਸ ਇਸ ਮਾਮਲੇ ਦੀ ਜਾਂਚ ਕਰ ਰਹੀ ਹੈ। ਨਿਊਯਾਰਕ ਪੁਲਿਸ ਦੀ ਸਪੈਸ਼ਲ ਯੂਨਿਟ ਵੀ ਇਸ ਜਾਂਚ ‘ਚ ਏਜੰਸੀ ਦੀ ਮਦਦ ਕਰੇਗੀ। ਹੁਣ ਤੱਕ ਹੋਈ ਜਾਂਚ ‘ਚ ‘ਰਿਸਿਨ’ ਵਾਲੇ ਪੈਕਟਾਂ ਦਾ ਕਿਸੇ ਅੱਤਵਾਦੀ ਸੰਗਠਨ ਨਾਲ ਸਬੰਧ ਨਹੀਂ ਪਾਇਆ ਗਿਆ ਹੈ।

Share This Article
Leave a Comment