ਨਵੀਂ ਦਿੱਲੀ: ਪਾਕਿਸਤਾਨ ‘ਚ ਘੱਟ ਗਿਣਤੀ ਸਿੱਖਾਂ ਉੱਪਰ ਹੋ ਰਹੇ ਜ਼ੁਲਮਾਂ ਵਿਰੁੱਧ ਸ਼੍ਰੋਮਣੀ ਅਕਾਲੀ ਦਲ ਅਤੇ ਦਿੱਲੀ ਸਿੰਘ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਆਵਾਜ਼ ਚੁੱਕੀ ਗਈ। ਅਕਾਲੀ ਦਲ ਅਤੇ ਦਿੱਲੀ ਕਮੇਟੀ ਵੱਲੋਂ ਪਾਕਿਸਤਾਨ ਦੇ ਦੂਤਾਵਾਸ ਬਾਹਰ ਜ਼ਬਰਦਸਤ ਰੋਸ ਪ੍ਰਦਰਸ਼ਨ ਕੀਤਾ ਗਿਆ। ਇਸ ਦੌਰਾਨ ਅਕਾਲੀ ਦਲ ਦੇ ਲੀਡਰ ਹਰਮੀਤ ਸਿੰਘ ਕਾਲਕਾ ਅਤੇ ਦਿੱਲੀ ਕਮੇਟੀ ਦੇ ਪ੍ਰਧਾਨ ਮਨਜਿੰਦਰ ਸਿੰਘ ਸਿਰਸਾ ਨੇ ਪਾਕਿਸਤਾਨ ਖਿਲਾਫ ਜੰਮ ਕੇ ਨਾਅਰੇਬਾਜ਼ੀ ਕੀਤੀ।
ਪ੍ਰਦਰਸ਼ਨਕਾਰੀਆਂ ਨੇ ਮੰਗ ਕੀਤੀ ਕਿ ਉੱਥੇ ਘੱਟ ਗਿਣਤੀ ਭਾਈਚਾਰੇ ਨਾਲ ਹੋ ਰਹੇ ਤਸ਼ੱਦਦਾਂ ਖ਼ਿਲਾਫ਼ ਪਾਕਿਸਤਾਨ ਕਾਰਵਾਈ ਕਰੇ। ਪ੍ਰਦਰਸ਼ਨਕਾਰੀਆਂ ਨੇ ਇਹ ਵੀ ਮੰਗ ਕੀਤੀ ਕਿ ਸ੍ਰੀ ਪੰਜਾ ਸਾਹਿਬ ਦੇ ਮੁੱਖ ਗ੍ਰੰਥੀ ਦੀ 17 ਸਾਲਾ ਧੀ ਨੂੰ ਅਗਵਾਕਾਰਾਂ ਦੇ ਚੁੰਗਲ ਵਿੱਚੋਂ ਸੁਰੱਖਿਅਤ ਕੱਢ ਕੇ ਮਾਪਿਆ ਹਵਾਲੇ ਕੀਤਾ ਜਾਵੇ। ਸ਼੍ਰੋਮਣੀ ਅਕਾਲੀ ਦਲ ਅਤੇ ਦਿੱਲੀ ਕਮੇਟੀ ਨੇ ਇਸ ਮਸਲੇ ਨੂੰ ਵਿਦੇਸ਼ ਮੰਤਰਾਲੇ ਕੋਲ ਵੀ ਪਹੁੰਚਾਇਆ ਸੀ।
ਦੱਸ ਦਈਏ ਕਿ ਪਾਕਿਸਤਾਨ ‘ਚ ਘੱਟ ਗਿਣਤੀ ਭਾਈਚਾਰੇ ਨਾਲ ਲਗਾਤਾਰ ਤਸ਼ੱਦਦ ਦੀਆਂ ਘਟਨਾਵਾਂ ਸਾਹਮਣੇ ਆ ਰਹੀਆਂ ਹਨ। ਪਿਛਲੇ ਸਾਲ ਹੀ ਗ੍ਰੰਥੀ ਦੀ ਲੜਕੀ ਨੂੰ ਅਗਵਾ ਕਰਕੇ ਉਸ ਦਾ ਜਬਰੀ ਧਰਮ ਪਰਿਵਰਤਨ ਕਰਕੇ ਉਸ ਦਾ ਨਿਕਾਹ ਕਰ ਦਿੱਤਾ ਗਿਆ ਸੀ।