ਚੰਡੀਗੜ੍ਹ: ਕੇਂਦਰ ਸਰਕਾਰ ਵੱਲੋਂ ਜਾਰੀ ਕੀਤੀ ਗਈਆਂ ਹਦਾਇਤਾਂ ਮੁਤਾਬਕ ਅੱਜ ਤੋਂ ਦੇਸ਼ ਦੇ ਕਈ ਸੂਬਿਆਂ ਵਿੱਚ ਸਕੂਲ ਖੋਲ੍ਹ ਦਿੱਤੇ ਗਏ ਹਨ। ਪੰਜਾਬ ਦੇ ਕਈ ਜ਼ਿਲ੍ਹਿਆਂ ਵਿੱਚ ਸਕੂਲ ਤਾਂ ਖੁੱਲ੍ਹੇ ਪਰ ਵਿਦਿਆਰਥੀ ਨਹੀਂ ਪਹੁੰਚ ਸਕੇ।
ਕੇਂਦਰ ਸਰਕਾਰ ਨੇ ਹੁਕਮ ਜਾਰੀ ਕੀਤੇ ਸਨ ਕਿ ਪੰਜਾਹ ਫ਼ੀਸਦ ਟੀਚਿੰਗ ਅਤੇ ਨਾਨ ਟੀਚਿੰਗ ਸਟਾਫ ਦੇ ਨਾਲ ਸਕੂਲ ਖੋਲ੍ਹੇ ਜਾ ਸਕਦੇ ਹਨ। ਇਸ ਦੌਰਾਨ ਆਨਲਾਈਨ ਸਟਡੀ ਕਰਨ ਵਾਲੇ ਜਿਹੜੇ ਵਿਦਿਆਰਥੀਆਂ ਨੂੰ ਕਿਸੇ ਸਬਜੈਕਟ ਦੀ ਸਮਝ ਨਹੀਂ ਲੱਗਦੀ ਤਾਂ ਉਹ 21 ਸਤੰਬਰ ਤੋਂ ਸਕੂਲਾਂ ਵਿਚ ਸਪੈਸ਼ਲ ਕਲਾਸਾਂ ਲਗਾ ਸਕਦੇ ਹਨ। ਕਲਾਸ ‘ਚ ਆਉਣ ਤੋਂ ਪਹਿਲਾਂ ਵਿਦਿਆਰਥੀਆਂ ਨੂੰ ਮਾਪਿਆਂ ਤੋਂ ਲਿਖਤੀ ਪਰਮਿਸ਼ਨ ਲੈ ਕੇ ਸਕੂਲ ਨੂੰ ਦੇਣੀ ਪਵੇਗੀ। ਸਕੂਲ ਵਿੱਚ ਵਿਦਿਆਰਥੀ ਸਿਰਫ ਨੌਵੀਂ ਤੋਂ ਬਾਰ੍ਹਵੀਂ ਜਮਾਤ ਦੇ ਹੀ ਵਿਦਿਆਰਥੀ ਆ ਸਕਦੇ ਹਨ।
ਪਰ ਪੰਜਾਬ ਦੇ ਕਈ ਜ਼ਿਲ੍ਹਿਆਂ ਵਿੱਚ ਅਧਿਆਪਕ ਤਾਂ ਸਕੂਲ ਪਹੁੰਚੇ ਸਨ ਪਰ ਮਾਪਿਆਂ ਵੱਲੋਂ ਵਿਦਿਆਰਥੀਆਂ ਨੂੰ ਸਪੈਸ਼ਲ ਕਲਾਸਾਂ ਲਗਾਉਣ ਲਈ ਨਹੀਂ ਭੇਜਿਆ ਗਿਆ। ਜਿਸ ਤੋਂ ਸਾਫ ਜ਼ਾਹਰ ਹੁੰਦਾ ਹੈ ਕਿ ਮਾਪਿਆਂ ਦੇ ਮਨਾਂ ਵਿੱਚ ਕੋਰੋਨਾ ਵਾਰਿਸ ਦਾ ਖੌਫ ਹੈ।
ਉਧਰ ਚੰਡੀਗੜ੍ਹ ਵਿੱਚ ਕਈ ਸਕੂਲਾਂ ਅੰਦਰ ਵਿਦਿਆਰਥੀ ਬਹੁਤ ਹੀ ਘੱਟ ਗਿਣਤੀ ਵਿੱਚ ਪਹੁੰਚੇ। ਵਿਦਿਆਰਥੀਆਂ ਦੇ ਪਹੁੰਚਣ ‘ਤੇ ਕੋਵਿਡ ਦੀਆਂ ਦਿੱਤੀਆਂ ਹਦਾਇਤਾਂ ਦੀ ਪਾਲਣਾ ਕੀਤੀ ਗਈ। ਵਿਦਿਆਰਥੀਆਂ ਦਾ ਟੈਂਪਰੇਚਰ ਚੈੱਕ ਕੀਤਾ ਗਿਆ ਅਤੇ ਸੈਨੇਟਾਈਜ਼ਰ ਨਾਲ ਹੱਥ ਸਾਫ ਕੀਤੇ ਗਏ। ਸਕੂਲ ਪਹੁੰਚਣ ਲਈ ਵਿਦਿਆਰਥੀ ਅਤੇ ਅਧਿਆਪਕਾਂ ਨੂੰ ਮਾਸਕ ਲਾਜ਼ਮੀ ਕੀਤੇ ਹੋਏ ਹਨ।