ਦੁਬਈ : ਬਿਨਾਂ ਦਸਤਾਵੇਜ਼ਾ ਦੇ 13 ਸਾਲ ਤੋਂ ਸੰਯੁਕਤ ਰਾਜ ਅਮੀਰਾਤ (ਯੂਏਈ) ‘ਚ ਰਹਿ ਰਹੇ ਭਾਰਤੀ ਮੂਲ ਦੇ ਪੋਥੁਗੌਂਡਾ ਮੇਡੀ ਨੂੰ ਯੂਏਈ ਸਰਕਾਰ ਵੱਲੋਂ ਸਵਦੇਸ਼ ਭੇਜ ਦਿੱਤਾ ਗਿਆ ਹੈ। ਯੂਏਈ ਸਰਕਾਰ ਨੇ ਪੋਥੁਗੌਂਡਾ ਮੇਡੀ ‘ਤੇ ਪੰਜ ਲੱਖ ਦਿਰਹਮ ਯਾਨੀ ਇਕ ਕਰੋੜ ਰੁਪਏ ਦਾ ਜ਼ੁਰਮਾਨਾ ਲਗਾਇਆ ਸੀ, ਜਿਸ ਨੂੰ ਯੂਏਈ ਸਰਕਾਰ ਨੇ ਮੁਆਫ ਕਰ ਦਿੱਤਾ ਸੀ। ਪੋਥੁਗੌਂਡਾ ਮੂਲ ਰੂਪ ‘ਚ ਭਾਰਤ ਦੇ ਤੇਲੰਗਾਨਾ ਸੂਬੇ ਦਾ ਰਹਿਣਾ ਵਾਲਾ ਹੈ।
ਗਲਫ ਨਿਊਜ਼ ਦੀ ਇੱਕ ਰਿਪੋਰਟ ਅਨੁਸਾਰ ਪੋਥੁਗੌਂਡਾ ਮੇਡੀ ਦੀ ਵਤਨ ਵਾਪਸੀ ਦੁਬਈ ਸਥਿਤ ਭਾਰਤੀ ਦੂਤਘਰ ਦੀ ਮਦਦ ਨਾਲ ਸੰਭਵ ਹੋ ਸਕੀ ਹੈ। ਭਾਰਤੀ ਦੂਤਘਰ ਦੇ ਇੱਕ ਅਧਿਕਾਰੀ ਜਿਤੇਂਦਰ ਨੇਗੀ ਨੇ ਦੱਸਿਆ ਕਿ ਪੋਥੂਗੌਂਡਾ ਮੇਡੀ 2007 ‘ਚ ਟੂਰਿਸਟ ਵੀਜ਼ਾ ‘ਤੇ ਯੂਏਈ ਆਇਆ ਸੀ। ਇਸ ਦੌਰਾਨ ਉਸ ਦੇ ਏਜੰਟ ਨੇ ਉਸ ਨੂੰ ਯੂਏਈ ਛੱਡ ਦਿੱਤਾ ਅਤੇ ਨਾਲ ਹੀ ਉਸ ਦਾ ਪਾਸਪੋਰਟ ਵੀ ਖੋਹ ਲਿਆ।
ਵਣਜ ਦੂਤਘਰ ਨੂੰ ਸ਼ੁਰੂ-ਸ਼ੁਰੂ ‘ਚ ਪੋਥੁਗੌਂਡਾ ਦੀ ਮਦਦ ਕਰਨ ‘ਚ ਥੋੜ੍ਹੀ ਮੁਸ਼ਕਿਲ ਜ਼ਰੂਰ ਪੇਸ਼ ਆਈ ਕਿਉਂਕਿ ਮੇਡੀ ਕੋਲ ਕੋਈ ਅਧਿਕਾਰਿਤ ਦਸਤਾਵੇਜ਼ ਨਹੀਂ ਸੀ ਜਿਸ ਨਾਲ ਇਹ ਸਾਬਿਤ ਹੋ ਸਕਦਾ ਕਿ ਉਹ ਭਾਰਤੀ ਨਾਗਰਿਕ ਹੈ। ਇਸ ਕੰਮ ਲਈ ਭਾਰਤੀ ਦੂਤਘਰ ਨੇ ਹੈਦਰਾਬਾਦ ਦੇ ਇੱਕ ਸੋਸ਼ਲ ਗਰੁੱਪ ਦੀ ਮਦਦ ਲਈ। ਜਿਸ ਦੀ ਮਦਦ ਨਾਲ ਪੋਥੂਗੌ਼ਡਾ ਦੇ ਪੁਰਾਣੇ ਰਾਸ਼ਨ ਕਾਰਡ ਅਤੇ ਵੋਟਰ ਕਾਰਡ ਦੀ ਮਦਦ ਨਾਲ ਉਸ ਦੀ ਮੂਲ ਪਹਿਚਾਣ ਹੋ ਸਕੀ।
ਦੱਸ ਦਈਏ ਕਿ ਭਾਰਤੀ ਵਣਜ ਦੂਤਾਵਾਸ ਵੱਲੋਂ ਪੋਥੂਗੌਂਡਾ ਮੇਡੀ ਦੇ ਵਤਨ ਵਾਪਸੀ ਲਈ ਟਿਕਟ ਵੀ ਮੁਹੱਇਆ ਕਰਵਾਈ ਗਈ।