ਟੋਰਾਟੋ : ਅਮਰੀਕਾ ਦੇ ਪੱਛਮੀ ਤੱਟ ਦੇ ਜੰਗਲਾਂ ‘ਚ ਲੱਗ ਲਗਾਤਾਰ ਫੈਲਦੀ ਜਾ ਰਹੀ ਹੈ। ਇਹ ਅੱਗ ਇੰਨੀ ਫੈਲ ਚੁੱਕੀ ਹੈ ਕਿ ਇਸ ਦਾ ਸੇਕ ਕੈਨੇਡਾ ਦੇ ਵੈਨਕੂਵਰ ਤੱਕ ਪਹੁੰਚ ਗਿਆ ਹੈ ਜਿਸ ਦੇ ਨਤੀਜੇ ਵਜੋਂ ਪਿਛਲੇ ਕੁਝ ਦਿਨਾਂ ਤੋਂ ਵੈਨਕੂਵਰ ਇਲਾਕੇ ਦਾ ਵਾਤਾਵਰਣ ਬੁਰੀ ਤਰ੍ਹਾਂ ਪ੍ਰਭਾਵਿਤ ਹੋ ਰਿਹਾ ਹੈ।
ਅਮਰੀਕਾ ਦੇ ਪੱਛਮੀ ਤੱਟ ਨੇੜੇ ਲੱਗੀ ਅੱਗ ਕਾਰਨ ਕੈਨੇਡਾ ਦੇ ਕੁਝ ਹਿੱਸਿਆਂ ‘ਚ ਹਵਾ ਦੀ ਗੁਣਵਤਾ ‘ਚ ਭਾਰੀ ਗਿਰਾਵਟ ਦਰਜ ਕੀਤੀ ਗਈ ਹੈ। ਵਰਲਡ ਏਅਰ ਕੁਆਲਿਟੀ ਇੰਡੈਕਸ ਮੁਤਾਬਕ ਹਾਲਾਤ ਇਸ ਤਰ੍ਹਾਂ ਖਰਾਬ ਹੋ ਰਹੇ ਹਨ ਕਿ ਵੈਨਕੂਵਰ ਵਿਸ਼ਵ ਦੀ ਸਭ ਤੋਂ ਖਰਾਬ ਹਵਾ ਦੀ ਗੁਣਵਤਾ ਵਾਲੇ ਸ਼ਹਿਰਾਂ ਦੀ ਸੂਚੀ ‘ਚ ਦੂਜੇ ਸਥਾਨ ‘ਤੇ ਆ ਗਿਆ ਹੈ। ਮੈਟਰੋ ਵੈਨਕੂਵਰ ਦੇ ਵਧੇਰੇ ਖੇਤਰਾਂ ਵੈਨਕੂਵਰ, ਬਰਨਬੀ, ਨਿਊ ਵੈਸਟ ਮਿਨਸਟਰ, ਸਰੀ, ਲੈਂਗਲੀ, ਐਬਟਸਫੋਰਡ ‘ਚ ਧੂੰਆਂ ਅਸਮਾਨੀਂ ਚੜ੍ਹਿਆ ਹੋਇਆ ਹੈ। ਜਿਸ ਨੂੰ ਲੈ ਕੇ ਕੈਨੇਡਾ ਦੇ ਵਾਤਾਵਰਨ ਵਿਭਾਗ ਵੱਲੋਂ ਐਡਵਾਇਜ਼ਰੀ ਜਾਰੀ ਕਰ ਦਿੱਤੀ ਗਈ ਹੈ।
ਵਾਤਾਵਰਨ ਵਿਭਾਗ ਦਾ ਕਹਿਣਾ ਹੈ ਕਿ ਇਸ ਤਰ੍ਹਾਂ ਦਾ ਵਾਤਾਵਰਣ ਅਗਲੇ ਦਿਨਾਂ ਵਿਚ ਵੀ ਬਣਿਆ ਰਹਿ ਸਕਦਾ ਹੈ। ਵਾਤਾਵਰਣ ਵਿਭਾਗ ਵੱਲੋਂ ਲੋਕਾਂ ਨੂੰ ਬਿਨਾਂ ਕੰਮ ਘਰਾਂ ‘ਚੋਂ ਬਾਹਰ ਨਾ ਨਿਕਲਣ ਦੀ ਹਦਾਇਤ ਕੀਤੀ ਗਈ ਹੈ। ਇਸ ਦੇ ਨਾਲ ਹੀ ਬੱਚਿਆਂ ਅਤੇ ਬਿਮਾਰ ਲੋਕਾਂ ਨੂੰ ਅਜਿਹੇ ਵਾਤਾਵਰਣ ਵਿਚ ਘਰਾਂ ਦੇ ਅੰਦਰ ਹੀ ਰਹਿਣ ਦੀ ਸਲਾਹ ਦਿੱਤੀ ਗਈ ਹੈ।