ਵਾਸ਼ਿੰਗਟਨ: ਅਮਰੀਕਾ ਵਿੱਚ ਇੱਕ ਮਹਿਲਾ ਨੇ ਮਾਨਵਤਾ ਦੀ ਅਨੋਖੀ ਮਿਸਾਲ ਪੇਸ਼ ਕੀਤੀ ਹੈ। ਇਹ ਮਹਿਲਾ ਅਲਬਾਮਾ ਦੀ ਰਹਿਣ ਵਾਲੀ ਹੈ। ਜਦੋਂ ਇਹ ਨਸ਼ੇ ਦੀ ਆਦੀ ਸੀ ਤਾਂ ਉਸ ਸਮੇਂ ਇਸ ਨੂੰ ਇੱਕ ਅਫ਼ਸਰ ਨੇ ਕਈ ਵਾਰ ਗ੍ਰਿਫ਼ਤਾਰ ਕੀਤਾ ਸੀ। ਜੋਕਿਲੀਨ ਜੇਮਸ ਨੇ ਹੁਣ ਦਰਿਆਦਿਲੀ ਦਿਖਾਉਂਦੇ ਹੋਏ ਉਸ ਪੁਲਿਸ ਅਫਸਰ ਦੀ ਜਾਨ ਬਚਾਉਣ ਦੇ ਲਈ ਆਪਣੀ ਕਿਡਨੀ ਡੋਨੇਟ ਕਰ ਦਿੱਤੀ।
ਦਰਅਸਲ ਸਾਬਕਾ ਪੁਲਿਸ ਅਫਸਰ ਦੀ ਲੜਕੀ ਨੇ ਫੇਸਬੁੱਕ ਤੇ ਇਕ ਪੋਸਟ ਪਾ ਕੇ ਆਪਣੇ ਪਿਤਾ ਦੀ ਕਿਡਨੀ ਟਰਾਂਸਪਲਾਂਟ ਸਬੰਧੀ ਮਦਦ ਮੰਗੀ ਸੀ। ਜੋਕਿਲੀਨ ਨੇ ਫੇਸਬੁੱਕ ਤੇ ਇਸ ਪੋਸਟ ਨੂੰ ਦੇਖਿਆ ਕਿ ਸਾਬਕਾ ਪੁਲਿਸ ਅਧਿਕਾਰੀ ਟੇਰੇਲ ਪੋਟਰ ਨੂੰ ਇੱਕ ਕਿਡਨੀ ਟਰਾਂਸਪਲਾਂਟ ਦੀ ਸਖ਼ਤ ਜ਼ਰੂਰਤ ਹੈ, ਤਾਂ ਇਸ ਮਹਿਲਾ ਨੇ ਇਨਸਾਨੀਅਤ ਦੇ ਨਾਤੇ ਮਦਦ ਕਰਨ ਦਾ ਮਨ ਬਣਾਇਆ।
40 ਸਾਲਾ ਜੋਕਿਲੀਨ ਜੇਮਸ ਨੂੰ ਨਸ਼ੇ ਦਾ ਸ਼ਿਕਾਰ ਹੋਣ ਤੋਂ ਬਾਅਦ ਆਪਣੀ ਨੌਕਰੀ ਤੋਂ ਹੱਥ ਧੋਣਾ ਪਿਆ ਸੀ। ਨਸ਼ੇ ਨੂੰ ਪੂਰਾ ਕਰਨ ਦੇ ਲਈ ਇਸ ਮਹਿਲਾ ਨੇ ਕਈ ਵਾਰ ਚੋਰੀ ਵੀ ਕੀਤੀ। ਚੋਰੀ ਦੇ ਇਲਜਾਮਾਂ ਹੇਠ ਮਹਿਲਾ ਨੂੰ 2007-2012 ਵਿਚਕਾਰ 16 ਵਾਰ ਗ੍ਰਿਫਤਾਰ ਕੀਤਾ ਗਿਆ ਸੀ। ਕਿਸੇ ਦੌਰ ਵਿੱਚ ਇਸ ਮਹਿਲਾ ਨੂੰ ਮੋਸਟ ਵਾਂਟਡ ਦੀ ਲਿਸਟ ਵਿੱਚ ਵੀ ਸ਼ਾਮਲ ਕੀਤਾ ਗਿਆ ਸੀ।