ਮੌਨਸੂਨ ਇਜਲਾਸ: ਪੰਜਾਬ ਦੇ ਸੰਸਦਾਂ ਦੀ ਪਰਖ ਕਰਨਗੇ ਖੇਤੀ ਆਰਡੀਨੈਂਸ- ਭਗਵੰਤ ਮਾਨ

TeamGlobalPunjab
4 Min Read

ਚੰਡੀਗੜ੍ਹ : ਆਮ ਆਦਮੀ ਪਾਰਟੀ (ਆਪ) ਪੰਜਾਬ ਦੇ ਪ੍ਰਧਾਨ ਅਤੇ ਸੰਸਦ ਮੈਂਬਰ ਭਗਵੰਤ ਮਾਨ ਨੇ ਪੰਜਾਬ ਦੇ ਸਾਰੇ ਲੋਕ ਸਭਾ ਅਤੇ ਰਾਜ ਸਭਾ ਮੈਂਬਰਾਂ ਨੂੰ ਸੰਸਦ ਦੇ ਮੌਨਸੂਨ ਸੈਸ਼ਨ ‘ਚ ਖੇਤੀ ਆਰਡੀਨੈਸਾਂ ਵਿਰੁੱਧ ਇਕਸੁਰ ਹੋ ਕੇ ਬੋਲਣ ਅਤੇ ਵਿਰੋਧ ‘ਚ ਵੋਟ ਕਰਨ ਦੀ ਅਪੀਲ ਕੀਤੀ ਹੈ।

ਪਾਰਟੀ ਹੈਡਕੁਆਟਰ ਤੋਂ ਜਾਰੀ ਬਿਆਨ ਰਾਹੀਂ ਭਗਵੰਤ ਮਾਨ ਨੇ ਕਿਹਾ ਕਿ ਸੰਸਦ ਦਾ ਇਹ ਇਜਲਾਸ ਪੰਜਾਬ ਦੇ ਸਾਰੇ ਸੰਸਦ ਮੈਂਬਰਾਂ ਦੀ ਪਰਖ ਕਰੇਗਾ ਕਿ ਉਹ ਪੰਜਾਬ ਨਾਲ ਖੜਦੇ ਹਨ ਜਾਂ ਵਜ਼ੀਰੀਆਂ-ਬੇਵਸੀਆਂ ਅੱਗੇ ਪੰਜਾਬ ਅਤੇ ਪੰਜਾਬ ਦੀ ਕਿਰਸਾਨੀ ਵਿਰੁਧ ਭੁਗਤਦੇ ਹਨ?

ਮਾਨ ਅਨੁਸਾਰ, ‘‘ ਖੇਤੀ ਆਰਡੀਨੈਸ ਪੇਸ਼ ਹੋਣ ਵਾਲੇ ਦਿਨ ਜਿਵੇਂ ਸੁਖਬੀਰ ਸਿੰਘ ਬਾਦਲ ਅਤੇ ਹਰਸਿਮਰਤ ਕੌਰ ਬਾਦਲ ਉਤੇ ਸਾਰੇ ਪੰਜਾਬ ਦੀ ਬਾਹਰੋ ਨਜ਼ਰ ਰਹੇਗੀ ਉਵੇਂ ਮੈਂ ਪਾਰਲੀਮੈਂਟ ਦੇ ਅੰਦਰ ਰਖਾਂਗਾ ਅਤੇ ਦੱਸਾਂਗਾ ਕਿ ਇਹ ਪਾਰਟੀ ਪੰਜਾਬ ਦੇ ਹਿਤ ਵਿਚ ਭੁਗਤੀ ਹੈ ਜਾਂ ਵਿਰੋਧ ਵਿਚ।’’

ਭਗਵੰਤ ਮਾਨ ਨੇ ਕਿਹਾ ਕਿ ਖੇਤੀ ਆਰਡੀਨੈਂਸਾਂ ਦੇ ਮੁੱਦੇ ‘ਤੇ ਬਾਦਲ ਦਲ ਦੀ ਕੋਰ ਕਮੇਟੀ ਦੀ ਸ਼ਨੀਵਾਰ ਨੂੰ ਹੋਈ ਮੀਟਿੰਗ ਨੇ ਦੋ ਤੱਥ ਉਜਾਗਰ ਕਰ ਦਿੱਤੇ ਹਨ। ਪਹਿਲਾ ਇਹ ਹੁਣ ਤੱਕ ਕੇਂਦਰੀ ਖੇਤੀ ਆਰਡੀਨੈਂਸਾਂ ਦੀ ਸਿੱਧੀ ਵਕਾਲਤ ਕਰਦੇ ਆ ਰਹੇ ਬਾਦਲ ਪਰਿਵਾਰ ਨੂੰ ਜ਼ਮੀਨੀ ਹਕੀਕਤ ਨੇ ਬੁਰੀ ਤਰਾਂ ਬੇਚੈਨ ਕਰ ਦਿੱਤਾ ਹੈ, ਕਿਉਕਿ ਜੇ ਬਾਦਲ ਜੋੜਾ ਪਾਰਲੀਮੈਂਟ ‘ਚ ਮੋਦੀ ਦੇ ਆਰਡੀਨੈਸਾਂ ਵਿਰੱਧ ਬੋਲਣ ਅਤੇ ਵੋਟ ਪਾਉਣ ਦੀ ਹਿੰਮਤ ਦਿਖਾਉਦਾ ਹੈ ਤਾਂ ਬੀਬੀ ਹਰਸਿਮਰਤ ਕੌਰ ਦੀ ਵਜ਼ੀਰੀ ਅਤੇ ਬਿਕਰਮ ਸਿੰਘ ਮਜੀਠੀਆ ਉੱਤੇ ਇਨਫੋਰਸਮੈਂਟ ਡਾਇਰੈਕਟੋਰੇਟ (ਈਡੀ) ਲਟਕੀ ਹੋਈ ਤਲਵਾਰ ਡਿੱਗ ਸਕਦੀ ਹੈ।

ਭਗਵੰਤ ਮਾਨ ਨੇ ਸਵਾਲ ਕੀਤਾ ਕਿ ਕੀ ਬਾਦਲ ਪਰਿਵਾਰ ਪੰਜਾਬ ਦੀ ਖੇਤੀਬਾੜੀ, ਕਿਸਾਨਾਂ, ਮਜਦੂਰਾਂ, ਆੜਤੀਆਂ, ਪੱਲੇਦਾਰਾਂ, ਟਰਾਂਸਪੋਰਟਰਾਂ ਆਦਿ ਸਮੇਤ ਸੰਘੀ ਢਾਂਚੇ ਦੀ ਰਖਵਾਲੀ ਲਈ ਇਹ ‘ਤੁੱਛ ਕੁਰਬਾਨੀ’ ਕਰ ਸਕੇਗਾ? ਕਿਉਕਿ ਅਜਿਹਾ ਸਟੈਂਡ ਬਾਦਲ ਪਰਿਵਾਰ ਅੰਦਰ ਭਖੀ ਘਰੇਲੂ ਖਾਨਾਜੰਗੀ ਨੂੰ ਤੂਲ ਦੇਵੇਗਾ, ਜਿਸਦੀ ਬੱਦਲਵਾਈ ਕਾਫ਼ੀ ਲੰਬੇ ਸਮੇਂ ਤੋਂ ਦਿਖ ਰਹੀ ਹੈ।

ਇਹੋ ਕਾਰਨ ਹੈ ਕਿ ਨੂੰਹ-ਰਾਣੀ ਦੀ ਕੁਰਸੀ ਅਤੇ ਮਜੀਠੀਆਂ ਨੂੰ ਬਚਾਉਦੇ-ਬਚਾਉਦੇ ਬਾਦਲ ਪਰਿਵਾਰ ਨੇ ਸ਼੍ਰੋਮਣੀ ਅਕਾਲੀ ਦਲ ਦੇ ਦਹਾਕਿਆਂ ਪੁਰਾਣੇ ਸਟੈਂਡ-ਸਿਧਾਂਤ ਅਤੇ ਪੰਜਾਬ-ਪੰਜਾਬੀਆਂ ਦੇ ਹਿੱਤ ਮੋਦੀ ਸਰਕਾਰ ਕੋਲ ਪੁਰੀ ਤਰਾਂ ਵੇਚ ਦਿੱਤੇ ਹਨ। ਜੇ ਅਜਿਹਾ ਨਾ ਹੁੰਦਾ ਤਾਂ ਸਭ ਕੁੱਝ ਸਮਝਦੇ ਹੋਏ (ਖੇਤੀ ਆਰਡੀਨੈਸਾਂ ਨਾਲ ਹੋਣ ਵਾਲੀ ਤਬਾਹੀ, ਕੇਂਦਰ ਦੇ ਇਨਾਂ ਤਾਨਾਸ਼ਾਹੀ ਫੈਸਲਿਆਂ ਵਿਰੁੱਧ ਉਠਿਆ ਅਤੇ ਸੰਘੀ ਢਾਂਚਾ ਸਿਧਾਂਤ ਦੇ ਉਲਟ ਜਾ ਕੇ ਪੰਜਾਬ ਦੇ ਹੱਕਾਂ ’ਤੇ ਹੋ ਰਹੀ ਡਾਕੇਮਾਰੀ) ਮੀਸਣੇ ਬਜੁਰਗ ਵਾਂਗ ਪ੍ਰਕਾਸ਼ ਸਿੰਘ ਬਾਦਲ ਕਦੇ ਵੀ ਕੇਂਦਰ ਦੇ ਖੇਤੀ ਆਰਡੀਨੈਸਾਂ ਦੀ ਵਕਾਲਤ ਕਰਨ ਲਈ ਬੇਬਸ ਨਾ ਹੁੰਦੇ।

ਭਗਵੰਤ ਮਾਨ ਨੇ ਦੂਸਰੇ ਤੱਥ ਦਾ ਜ਼ਿਕਰ ਕਰਦਿਆਂ ਕਿਹਾ ਕਿ ‘ਕੁਰਸੀ ਬਨਾਮ ਕਿਰਸਾਨੀ’ ‘ਚੋ ਇੱਕ ਚੁਣਨ ਦੀ ਕਸ਼ਮਕਸ਼ ’ਚ ਉਲਝੇ ਬਾਦਲ ਪਰਿਵਾਰ ਥੱਲੇ ਲੱਗੇ ਅਕਾਲੀ ਦਲ ਦੇ ਲੀਡਰਾਂ ਦੀ ਬੇਚੈਨੀ ਖੁੱਲ ਕੇ ਬਾਹਰ ਆ ਗਈ ਹੈ। ਜੋ ਜਨਤਕ ਤੌਰ ’ਤੇ ਮੰਨ ਚੁਕੇ ਹਨ ਕਿ ਖੇਤੀ ਆਰਡੀਨੈਸ ਪੰਜਾਬ ਵਿਰੋਧੀ ਹਨ। ਅਜਿਹੀ ਸਥਿਤੀ ਵਿਚ ਬਾਦਲ ਦਲ ਦੇ ਬਹੁਤੇ ਲੀਡਰ ਇੱਕ ਪਾਸੇ ਆਪਣੇ ਆਕਾ (ਸੁਖਬੀਰ ਸਿੰਘ ਬਾਦਲ) ਦੀ ਪਰਿਵਾਰਪ੍ਰਸਤੀ ਮੂਹਰੇ ਬੇਬਸ ਹਨ, ਦੂਜੇ ਪਾਸੇ ਤੇਜ਼ੀ ਨਾਲ ਖਿਸਕਦੀ ਜਾ ਰਹੀ ਬਚੀ-ਖੁਚੀ ਸਿਆਸੀ ਜ਼ਮੀਨ ਨੂੰ ਦੇਖ ਕੇ ਪਰੇਸ਼ਾਨ ਹਨ।

ਮਾਨ ਨੇ ਕਿਹਾ, ‘‘ਬਾਦਲ ਐਂਡ ਪਾਰਟੀ ਦੇ ਮੌਜੂਦਾ ਹਲਾਤ ਸਪੱਸ਼ਟ ਦੱਸ ਰਹੇ ਹਨ ਕਿ ਅਸੂਲਾਂ-ਸਿਧਾਂਤਾਂ ਅਤੇ ਕੁਰਬਾਨੀਆਂ ਨਾਲ 1920 ’ਚ ਹੋਂਦ ’ਚ ਆਏ ਸ਼੍ਰੋਮਣੀ ਅਕਾਲੀ ਦਲ ਦਾ ਇੱਕ ਟੱਬਰ ਦੀ ਲੋਭ-ਲਾਲਸਾ ਪੂਰੀ ਇਕ ਸਦੀ ਬਾਅਦ ਕਿਵੇਂ ਬਲੀ ਚੜਾ ਹੈ।’’

Share This Article
Leave a Comment