ਚੰਡੀਗੜ੍ਹ: ਆਮ ਆਦਮੀ ਪਾਰਟੀ (ਆਪ) ਪੰਜਾਬ ਨੇ ਪੰਜਾਬ ਸਰਕਾਰ ਵੱਲੋਂ 50 ਹਜ਼ਾਰ ਕੋਰੋਨਾ ਕੇਅਰ ਕਿੱਟਾਂ ਦੀ ਖ਼ਰੀਦ ‘ਚ ਕਰੋੜਾਂ ਰੁਪਏ ਦੇ ਸਕੈਂਡਲ ਦੇ ਦੋਸ਼ ਲਗਾਏ ਹਨ ਅਤੇ ਮੁੱਖ ਮੰਤਰੀ ਨੂੰ ਪੱਤਰ ਲਿਖ ਕੇ ਇਸ ਘੋਟਾਲੇ ਦੀ ਸਮਾਂਬੱਧ ਅਤੇ ਉੱਚ ਪੱਧਰੀ ਜਾਂਚ ਦੀ ਮੰਗ ਕੀਤੀ ਹੈ।
ਪਾਰਟੀ ਹੈੱਡਕੁਆਟਰ ਤੋਂ ਜਾਰੀ ਬਿਆਨ ਰਾਹੀਂ ਪਾਰਟੀ ਦੇ ਸੀਨੀਅਰ ਆਗੂ ਅਤੇ ਵਿਧਾਇਕ ਅਮਨ ਅਰੋੜਾ ਨੇ ਰੇਟਾਂ ਦੇ ਅੰਕੜਿਆਂ ਨਾਲ ਇਸ ਸਕੈਂਡਲ ਦਾ ਪਰਦਾਫਾਸ਼ ਕਰਦੇ ਹੋਏ ਕਿਹਾ ਕਿ ਇਸ 8 ਕਰੋੜ ਰੁਪਏ ਦੀ ਖ਼ਰੀਦ ‘ਚ ਸਿੱਧਾ 4 ਕਰੋੜ ਦਾ ਘਪਲਾ ਹੈ।
ਅਮਨ ਅਰੋੜਾ ਨੇ ਅੰਕੜਿਆਂ ਦੇ ਹਵਾਲੇ ਨਾਲ ਦੱਸਿਆ ਕਿ ਸਰਕਾਰ ਥੋਕ ‘ਚ 50 ਹਜ਼ਾਰ ਕੋਵਿਡ ਕੇਅਰ ਕਿੱਟਾਂ ਮਾਰਕੀਟ ਦੇ ਮੁਕਾਬਲੇ ਦੁੱਗਣੀਆਂ ਕੀਮਤਾਂ ‘ਤੇ ਖ਼ਰੀਦ ਰਹੀ ਹੈ, ਜਦਕਿ ਥੋਕ ਦੇ ਹਿਸਾਬ ਨਾਲ ਇਹ 10 ਤੋਂ 20 ਫ਼ੀਸਦੀ ਸਸਤੀਆਂ ਮਿਲਣੀਆਂ ਚਾਹੀਦੀਆਂ ਹਨ।
ਅਮਨ ਅਰੋੜਾ ਨੇ ਸਰਕਾਰ ਦੀ ਕੋਵਿਡ ਕੇਅਰ ਕਿੱਟਾਂ ‘ਚ ਆਕਸੀਮੀਟਰ ਸਮੇਤ ਸ਼ਾਮਲ ਸਾਰੀਆਂ ਚੀਜ਼ਾਂ ਅਤੇ ਦਵਾਈਆਂ ਦੀ ਮਾਰਕੀਟ ‘ਚੋਂ ਲਈ ਗਈ ਕੁਟੇਸ਼ਨ ‘ਚ ਇੱਕ ਕਿੱਟ ਦੀ ਕੁੱਲ ਕੀਮਤ 943 ਰੁਪਏ (3 ਐਟਮਾਂ ‘ਤੇ ਜੀਐਸਟੀ ਵੀ ਸ਼ਾਮਲ) ਬਣਦੇ ਹਨ, ਜਦਕਿ ਮੁੱਖ ਮੰਤਰੀ ਅਮਰਿੰਦਰ ਸਿੰਘ ਅਨੁਸਾਰ ਸਰਕਾਰ ਵੱਲੋਂ ਖ਼ਰੀਦੀ ਜਾ ਰਹੀ ਕੋਵਿਡ ਕੇਅਰ ਕਿੱਟ ਦੀ ਕੀਮਤ 1700 ਰੁਪਏ ਹੈ, ਜੋ ਬਾਜ਼ਾਰ ਦੀ ਕੀਮਤ ਨਾਲੋਂ ਲਗਭਗ ਦੁੱਗਣੀ ਬਣਦੀ ਹੈ। ਇਸ ਤਹਿਤ 50 ਹਜ਼ਾਰ ਕੋਵਿਡ ਕੇਅਰ ਕਿੱਟਾਂ ਦੀ ਲਗਭਗ ਸਾਢੇ 8 ਕਰੋੜ ਦੀ ਖ਼ਰੀਦ ‘ਚ ਲਗਭਗ 4 ਕਰੋੜ ਰੁਪਏ ਦਾ ਸਿੱਧਾ ਘੋਟਾਲਾ ਹੋਇਆ ਹੈ। ਜਿਸ ਦੀ ਉੱਚ ਪੱਧਰੀ ਜਾਂਚ ਹੋਣੀ ਚਾਹੀਦੀ ਹੈ। ਅਮਨ ਅਰੋੜਾ ਨੇ ਮੁੱਖ ਮੰਤਰੀ ਨੂੰ ਪੱਤਰ ਲਿਖ ਕੇ ਇਸ ਘੁਟਾਲੇ ਦੀ ਸਮਾਂਬੱਧ ਅਤੇ ਉੱਚ ਪੱਧਰੀ ਜਾਂਚ ਮੰਗੀ ਹੈ।
ਅਮਨ ਅਰੋੜਾ ਨੇ ਸਰਕਾਰ ਨੂੰ ਆੜੇ ਹੱਥੀ ਲੈਂਦਿਆਂ ਕਿਹਾ ਕਿ ਉਂਜ ਤਾਂ ਸਰਕਾਰ ਹਰ ਫ਼ਰੰਟ ‘ਤੇ ਫਲਾਪ ਹੋਈ ਹੈ, ਪਰੰਤੂ ਕੋਰੋਨਾ ਮਹਾਂਮਾਰੀ ਨੇ ਸਰਕਾਰੀ ਸਿਹਤ ਸੇਵਾਵਾਂ ਦਾ ਜਲੂਸ ਕੱਢ ਦਿੱਤਾ ਹੈ। ਘਟੀਆ ਸਿਹਤ ਪ੍ਰਬੰਧ ਅਤੇ ਕੋਰੋਨਾ ਕਾਰਨ ਮੌਤ ਦੀ ਦਰ ਸਾਰੇ ਦੇਸ਼ ਨਾਲੋਂ ਵੱਧ ਜਾਣ ਕਾਰਨ ਲੋਕਾਂ ‘ਚ ਭਾਰੀ ਦਹਿਸ਼ਤ ਹੋਰ ਵੱਧ ਗਈ ਹੈ। ਜਿਸ ਦੇ ਮੱਦੇਨਜ਼ਰ ‘ਆਪ’ ਨੇ ਸਰਕਾਰ ਨੂੰ ਜਗਾਉਣ, ਲੋਕਾਂ ਦੀ ਜਾਨ ਬਚਾਉਣ ਅਤੇ ਜਾਗਰੂਕ ਕਰਨ ਲਈ ਆਕਸੀਮੀਟਰ ਮੁਹਿੰਮ ਸ਼ੁਰੂ ਕੀਤੀ। ਜਿਸ ਤੋਂ ਬੁਖਲਾ ਕੇ ਮੁੱਖ ਮੰਤਰੀ ਅਮਰਿੰਦਰ ਸਿੰਘ, ਪੰਜਾਬ ਕਾਂਗਰਸ ਦੇ ਪ੍ਰਧਾਨ ਸੁਨੀਲ ਜਾਖੜ ਅਤੇ ਸਿਹਤ ਮੰਤਰੀ ਬਲਬੀਰ ਸਿੰਘ ਸਿੱਧੂ ਵੱਲੋਂ ‘ਆਪ’ ਦੇ ਆਕਸੀਮੀਟਰਾਂ ਬਾਰੇ ਊਲ-ਜਲੂਲ, ਬੇਤੁਕੀ ਅਤੇ ਨਕਾਰਾਤਮਿਕ ਟਿੱਪਣੀਆਂ ਕਰ ਰਹੇ ਹਨ, ਦੂਜੇ ਪਾਸੇ ਖ਼ੁਦ ਇਨ੍ਹਾਂ 50 ਹਜ਼ਾਰ ਆਕਸੀਮੀਟਰਾਂ ਦਾ ਆਰਡਰ ਦਿੱਤਾ ਹੈ, ਉੱਪਰੋਂ ਇਸ ‘ਚ ਵੀ ਵੱਡਾ ਘੁਟਾਲਾ ਸਾਹਮਣੇ ਆ ਗਿਆ ਹੈ।
ਅਮਨ ਅਰੋੜਾ ਨੇ ਪੰਜਾਬ ਕਾਂਗਰਸ ਦੇ ਪ੍ਰਧਾਨ ਸੁਨੀਲ ਜਾਖੜ ਨੂੰ ਘੇਰਦਿਆਂ ਪੁੱਛਿਆ ਕਿ ਆਮ ਆਦਮੀ ਪਾਰਟੀ ਦੇ ਆਕਸੀਮੀਟਰਾਂ ਦੀ 5 ਰੁਪਏ ਕੀਮਤ ਦੱਸਣ ਵਾਲੇ ਸੁਨੀਲ ਜਾਖੜ ਦੱਸਣ ਕਿ ਉਸ ਦੀ ਸਰਕਾਰ ਨੇ ਆਕਸੀਮੀਟਰਾਂ ਦੀ ਐਨੀ ਕੀਮਤ ਕਿਉਂ ਦਿੱਤੀ ਹੈ?