ਪੀ.ਏ.ਯੂ. ਨੇ ਸਾਗ ਦੀ ਡੱਬਾਬੰਦੀ ਦੀ ਤਕਨੀਕ ਦੇ ਪਸਾਰ ਲਈ ਕੀਤੀ ਸੰਧੀ

TeamGlobalPunjab
2 Min Read

ਲੁਧਿਆਣਾ : ਪੀ.ਏ.ਯੂ. ਵੱਲੋਂ ਬੀਤੇ ਦਿਨੀਂ ਦੋਰਾਹਾ ਸਥਿਤ ਇੱਕ ਫਰਮ ਟਿਵਾਣਾ ਬੀ ਫਾਰਮ ਜੀ ਟੀ ਰੋਡ ਦੋਰਾਹਾ 141421 ਨਾਲ ਸਾਗ ਬਨਾਉਣ ਅਤੇ ਉਸਦੀ ਡੱਬਾਬੰਦੀ ਦੀ ਤਕਨੀਕ ਦੇ ਪਸਾਰ ਲਈ ਇੱਕ ਸਮਝੌਤਾ ਕੀਤਾ। ਪੀ.ਏ.ਯੂ. ਦੇ ਨਿਰਦੇਸ਼ਕ ਖੋਜ ਡਾ. ਨਵਤੇਜ ਬੈਂਸ ਅਤੇ ਟਿਵਾਣਾ ਬੀ ਫਾਰਮ ਦੇ ਪ੍ਰਤੀਨਿਧ ਸ. ਜਸਵੰਤ ਸਿੰਘ ਵਿਚਕਾਰ ਇਸ ਸਮਝੌਤੇ ਦੇ ਕਾਗਜ਼ਾਂ ਉਪਰ ਸਹੀ ਪਾਈ ਗਈ। ਇਸ ਕਰਾਰ ਮੁਤਾਬਕ ਪੀ.ਏ.ਯੂ. ਵੱਲੋਂ ਵਿਕਸਿਤ ਕੀਤੀ ਸਾਗ ਦੀ ਡੱਬਾਬੰਦੀ ਦੀ ਤਕਨਾਲੋਜੀ ਦੇ ਭਾਰਤ ਵਿੱਚ ਵਪਾਰੀਕਰਨ ਲਈ ਸੰਬੰਧਿਤ ਫਰਮ ਨੂੰ ਅਧਿਕਾਰ ਹਾਸਿਲ ਹੋਏ। ਇਸ ਮੌਕੇ ਤਕਨਾਲੋਜੀ ਮਾਰਕੀਟਿੰਗ ਅਤੇ ਆਈ ਪੀ ਆਰ ਸੈਲ ਦੇ ਇੰਚਾਰਜ਼ ਡਾ. ਐਸ ਐਸ ਚਾਹਲ ਨੇ ਦੱਸਿਆ ਕਿ ਪੀ.ਏ.ਯੂ. ਨੇ ਹੁਣ ਤੱਕ 55 ਤਕਨਾਲੋਜੀਆਂ ਦੇ ਪਸਾਰ ਲਈ 227 ਸੰਧੀਆਂ ਵੱਖ-ਵੱਖ ਫਰਮਾਂ ਨਾਲ ਕੀਤੀਆਂ ਹਨ। ਇਸ ਮੌਕੇ ਭੋਜਨ ਵਿਗਿਆਨ ਅਤੇ ਤਕਨਾਲੋਜੀ ਵਿਭਾਗ ਦੇ ਮੁਖੀ ਡਾ. ਪੂਨਮ ਸਚਦੇਵ ਵਿਸ਼ੇਸ਼ ਤੌਰ ਤੇ ਹਾਜ਼ਰ ਸਨ। ਡਾ. ਪੂਨਮ ਸਚਦੇਵ ਨੇ ਦੱਸਿਆ ਕਿ ਸਾਗ ਦੀ ਡੱਬਾਬੰਦੀ ਦੀ ਇਹ ਤਕਨੀਕ ਬਿਨਾਂ ਕਿਸੇ ਰਸਾਇਣਕ ਕਿਰਿਆ ਤੋਂ ਵਿਕਸਿਤ ਕੀਤੀ ਗਈ ਹੈ। ਇਸ ਤਰੀਕੇ ਨਾਲ ਡੱਬਾਬੰਦ ਕੀਤਾ ਸਾਗ ਗਰਮ ਕਰਨ ਤੋਂ ਬਾਅਦ ਫੌਰਨ ਖਾਣਯੋਗ ਹੁੰਦਾ ਹੈ। ਇਸ ਉਤਪਾਦ ਨੂੰ ਕਮਰੇ ਦੇ ਤਾਪਮਾਨ ਤੇ ਇੱਕ ਸਾਲ ਤੱਕ ਰੱਖਿਆ ਜਾ ਸਕਦਾ ਹੈ ਅਤੇ ਇਸ ਦੌਰਾਨ ਇਸ ਦੇ ਪੋਸ਼ਕ ਗੁਣ ਵੀ ਬਰਕਰਾਰ ਰਹਿੰਦੇ ਹਨ। ਸਾਗ ਦੀ ਡੱਬਾਬੰਦੀ ਇਸ ਦੀ ਉਪਲੱਬਧਤਾ ਦੇ ਮੌਸਮ ਦੌਰਾਨ ਕੀਤੀ ਜਾ ਸਕਦੀ ਹੈ ਅਤੇ ਇਸ ਦੀ ਵਰਤੋਂ ਬੇਮੌਸਮੀ ਵੀ ਹੋ ਸਕਦੀ ਹੈ ।

Share this Article
Leave a comment