ਜੇਨੇਵਾ- ਮੌਜੂਦਾ ਸਮੇਂ ਪੂਰੀ ਦੁਨੀਆ ਕੋਰੋਨਾ ਮਹਾਮਾਰੀ ਦੀ ਮਾਰ ਝੱਲ ਰਹੀ ਹੈ। ਇਸ ਮਹਾਮਾਰੀ ਕਾਰਨ ਦੁਨੀਆ ਭਰ ਦੇ ਦੇਸ਼ਾਂ ਦੀ ਅਰਥ-ਵਿਵਸਥਾ ਬੁਰੀ ਤਰ੍ਹਾਂ ਲੜਖੜਾ ਗਈ ਹੈ। ਅਜਿਹੀ ਸਥਿਤੀ ‘ਚ ਡਬਲਯੂਐਚਓ ਦੇ ਮੁਖੀ ਟੇਡਰੋਸ ਅਡਾਨੋਮ ਗਰਬੇਸੀਅਸ ਨੇ ਸੋਮਵਾਰ ਨੂੰ ਕਿਹਾ ਕਿ ਵਿਸ਼ਵ ਨੂੰ ਭਵਿੱਖ ‘ਚ ਵੀ ਅਗਲੀ ਮਹਾਮਾਰੀ ਲਈ ਬਿਹਤਰ ਢੰਗ ਨਾਲ ਤਿਆਰ ਰਹਿਣਾ ਚਾਹੀਦਾ ਹੈ। ਉਨ੍ਹਾਂ ਨੇ ਨਾਲ ਹੀ ਦੇਸ਼ਾਂ ਨੂੰ ਜਨਤਕ ਸਿਹਤ ‘ਚ ਨਿਵੇਸ਼ ਕਰਨ ਦੀ ਅਪੀਲ ਵੀ ਕੀਤੀ।
ਟੇਡਰੋਸ ਨੇ ਆਪਣੇ ਇੱਕ ਬਿਆਨ ‘ਚ ਕਿਹਾ, ਇਹ ਆਖਰੀ ਮਹਾਮਾਰੀ ਨਹੀਂ ਹੋਵੇਗੀ। ਇਤਿਹਾਸ ਨੇ ਸਾਨੂੰ ਸਿਖਾਇਆ ਹੈ ਕਿ ਮਹਾਮਾਰੀ ਜੀਵਨ ਦਾ ਇੱਕ ਹਿੱਸਾ ਹੈ। ਪਰ ਅਗਲੀ ਵਾਰ ਮਹਾਮਾਰੀ ਆਉਣ ‘ਤੇ ਸਾਨੂੰ ਸਭ ਨੂੰ ਇਸ ਦੇ ਲਈ ਤਿਆਰ ਰਹਿਣਾ ਪਵੇਗਾ। ਉਨ੍ਹਾਂ ਕਿਹਾ ਕਿ ਵਿਸ਼ਵ ਨੂੰ ਇਸ ਵਾਰ ਨਾਲੋਂ ਵੀ ਵਧੇਰੇ ਤਿਆਰ ਰਹਿਣਾ ਹੋਵੇਗਾ।
ਉਨ੍ਹਾਂ ਕਿਹਾ ਕਿ ਚੀਨ ਦੇ ਵੁਹਾਨ ਸ਼ਹਿਰ ‘ਚ ਦਸੰਬਰ 2019 ‘ਚ ਸਾਹਮਣੇ ਆਏ ਪਹਿਲੇ ਕੋਰੋਨਾ ਸੰਕਰਮਣ ਦੇ ਮਾਮਲੇ ਤੋਂ ਲੈ ਕੇ ਹੁਣ ਤੱਕ ਦੁਨੀਆ ਦੇ 2 ਕਰੋੜ 74 ਲੱਖ ਲੋਕ ਇਸ ਵਾਇਰਸ ਦੀ ਲਪੇਟ ‘ਚ ਆ ਚੁੱਕੇ ਹਨ ਅਤੇ 8,88,326 ਲੋਕਾਂ ਦੀ ਇਸ ਵਾਇਰਸ ਨਾਲ ਮੌਤ ਹੋ ਚੁੱਕੀ ਹੈ।
ਦੱਸ ਦਈਏ ਕਿ ਇਸ ਤੋਂ ਪਹਿਲਾਂ ਅਗਸਤ ਦੇ ਸ਼ੁਰੂ ‘ਚ ਵਿਸ਼ਵ ਸਿਹਤ ਸੰਗਠਨ ਨੇ ਕੋਰੋਨਾ ਸੰਕਰਮਣ ਬਾਰੇ ਚੇਤਾਵਨੀ ਜਾਰੀ ਕੀਤੀ ਸੀ, ਜਿਸ ‘ਚ ਕਿਹਾ ਗਿਆ ਸੀ ਕਿ ਕੋਰੋਨਾ ਵਾਇਰਸ ਸ਼ਾਇਦ ਲੰਬੇ ਸਮੇਂ ਲਈ ਰਹਿ ਸਕਦਾ ਹੈ। ਡਬਲਯੂਐਚਓ ਨੇ ਕੋਵਿਡ-19 ਦੇ 6 ਮਹੀਨਿਆਂ ਦੇ ਮੁਲਾਂਕਣ ‘ਤੇ ਐਮਰਜੈਂਸੀ ਕਮੇਟੀ ਨਾਲ ਮੀਟਿੰਗ ਕਰਨ ਤੋਂ ਬਾਅਦ ਇਹ ਗੱਲ ਕਹੀ ਸੀ।