ਬੰਗਲਾਦੇਸ਼ : ਮਸਜਿਦ ‘ਚ ਵੱਡਾ ਧਮਾਕਾ, 24 ਲੋਕਾਂ ਦੀ ਮੌਤ ਕਈ ਜ਼ਖਮੀ

TeamGlobalPunjab
2 Min Read

ਢਾਕਾ : ਬੰਗਲਾਦੇਸ਼ ਦੀ ਰਾਜਧਾਨੀ ਢਾਕਾ ‘ਚ ਸ਼ੁੱਕਰਵਾਰ ਦੇਰ ਰਾਤ ਇੱਕ ਮਸਜਿਦ ‘ਚ ਹੋਏ ਧਮਾਕੇ ‘ਚ ਮਰਨ ਵਾਲਿਆਂ ਦੀ ਗਿਣਤੀ ਵੱਧ ਕੇ 24 ਹੋ ਗਈ ਹੈ। ਫਾਇਰ ਸਰਵਿਸ ਅਧਿਕਾਰੀਆਂ ਨੇ ਸ਼ਨੀਵਾਰ ਨੂੰ ਇਹ ਜਾਣਕਾਰੀ ਦਿੰਦੇ ਹੋਏ ਕਿਹਾ ਕਿ ਮਸਜਿਦ ‘ਚ ਗੈਸ ਲੀਕ ਹੋਣ ਦੇ ਨਾਲ ਛੇ ਏਅਰ ਕੰਡੀਸ਼ਨਰਾਂ ‘ਚ ਜ਼ਬਰਦਸਤ ਧਮਾਕਾ ਹੋਇਆ ਜਿਸ ‘ਚ ਇੱਕ ਬੱਚੇ ਸਮੇਤ ਘੱਟ ਤੋਂ ਘੱੱਟ 24 ਨਮਾਜ਼ੀਆਂ ਦੀ ਮੌਤ ਹੋ ਗਈ ਅਤੇ 20 ਹੋਰ ਜ਼ਖਮੀ ਹੋ ਗਏ।

ਪੁਲਿਸ ਮੁਤਾਬਕ ਇਹ ਘਟਨਾ ਨਾਰਾਇਣਗੰਜ ਨਦੀ ਦੇ ਕਿਨਾਰੇ ਸਥਿਤ ਬੈਤੂਲ ਸਲਾਤ ਜਾਮੇ ਮਸਜਿਦ ‘ਚ ਸ਼ੁੱਕਰਵਾਰ ਦੀ ਰਾਤ 9 ਵਜੇ ਦੇ ਕਰੀਬ ਵਾਪਰੀ। ਨਾਰਾਇਣਗੰਜ ‘ਚ ਫਤੁੱਲਾਹ ਪੁਲਿਸ ਸਟੇਸ਼ਨ ਦੇ ਇੰਚਾਰਜ ਅਧਿਕਾਰੀ ਸ਼ਫੀਕੁਲ ਇਸਲਾਮ ਨੇ ਦੱਸਿਆ ਕਿ ਧਮਾਕਾ ਇੰਨਾ ਜਬਰਦਸਤ ਸੀ ਕਿ ਮਸਜਿਦ ਦੀਆਂ ਖਿੜਕੀਆਂ ਦੇ ਸ਼ੀਸ਼ੇ ਟੁੱਟ ਗਏ ਅਤੇ ਛੱਤ ਵਾਲੇ ਪੱਖੇ, ਤਾਰ ਤੇ ਬਿਜਲੀ ਦੇ ਸਵਿਚ ਬੋਰਡ ਸੜ ਕੇ ਸੁਆਹ ਹੋ ਗਏ। ਅੱਗ ਬੁਝਾਊ ਵਿਭਾਗ ਨੇ ਲਗਭਗ ਅੱਧੇ ਘੰਟੇ ਦੀ ਕੜੀ ਮੁਸ਼ੱਕਤ ਤੋਂ ਬਾਅਦ ਅੱਗ ‘ਤੇ ਕਾਬੂ ਪਾਇਆ। ਅੱਗ ਨਾਲ ਹੋਏ ਨੁਕਸਾਨ ਦਾ ਜਾਇਜ਼ਾ ਕਰਨ ਲਈ ਇੱਕ ਟੀਮ ਦਾ ਗਠਨ ਕੀਤਾ ਗਿਆ ਹੈ।

ਢਾਕਾ ਦੇ ਮੈਡੀਕਲ ਕਾਲਜ ਹਸਪਤਾਲ ਦੇ ਬਰਨ ਯੂਨਿਟ ਦੇ ਮੁਖੀ ਡਾਕਟਰ ਸਮੰਥਾ ਲਾਲ ਸੇਨ ਨੇ ਦੱਸਿਆ ਕਿ ਸ਼ੁੱਕਰਵਾਰ ਨੂੰ ਇਕ ਨਾਬਾਲਗ ਲੜਕੇ ਦੀ ਮੌਤ ਹੋ ਗਈ, ਜਦੋਂ ਕਿ ਸ਼ਨੀਵਾਰ ਨੂੰ ਇਲਾਜ ਦੌਰਾਨ 11 ਨਮਾਜ਼ੀਆਂ ਨੇ ਦਮ ਤੋੜ ਦਿੱਤਾ। ਉਨ੍ਹਾਂ ਕਿਹਾ ਕਿ ਇਸ ਸਮੇਂ ਯੂਨਿਟ ਵਿੱਚ 25 ਹੋਰ ਵਿਅਕਤੀਆਂ ਦਾ ਇਲਾਜ ਚੱਲ ਰਿਹਾ ਹੈ ਪਰ ਉਨ੍ਹਾਂ ਦੀ ਹਾਲਤ ਬਹੁਤ ਗੰਭੀਰ ਹੈ ਕਿਉਂਕਿ ਉਨ੍ਹਾਂ ਦਾ 90 ਪ੍ਰਤੀਸ਼ਤ ਤੋਂ ਜ਼ਿਆਦਾ ਸਰੀਰ ਸੜ ਚੁੱਕਿਆ ਹੈ।

Share this Article
Leave a comment