ਨਵੀਂ ਦਿੱਲੀ: ਜੇਈਈ ਮੇਨਜ਼ ਦੀਆਂ ਪ੍ਰੀਖਿਆਵਾਂ ਸ਼ੁਰੂ ਹੋਣ ਤੋਂ ਬਾਅਦ ਹੁਣ ਯੂਨੀਵਰਸਿਟੀ ਸਮੇਤ ਬਾਕੀ ਵਿਦਿਅਕ ਅਦਾਰੇ ਦੀਆਂ ਬਕਾਇਆ ਪ੍ਰੀਖਿਆਵਾਂ ਕਰਵਾਉਣ ‘ਤੇ ਵੀ ਸਰਕਾਰ ਜ਼ੋਰ ਦੇ ਰਹੀ ਹੈ। ਜਿਸ ਨੂੰ ਲੈ ਕੇ ਸਿਹਤ ਵਿਭਾਗ ਵੱਲੋਂ ਪ੍ਰੀਖਿਆਵਾਂ ਲੈਣ ਸਬੰਧੀ ਦਿਸ਼ਾ ਨਿਰਦੇਸ਼ ਜਾਰੀ ਕੀਤੇ ਗਏ ਹਨ।
ਜਿਸ ਤਹਿਤ ਕੰਟੇਨਮੈਂਟ ਜ਼ੋਨ ਵਿੱਚ ਕੋਈ ਵੀ ਪ੍ਰੀਖਿਆ ਕੇਂਦਰ ਨਹੀਂ ਹੋਵੇਗਾ। ਪ੍ਰੀਖਿਆ ਨਾਲ ਜੁੜੀਆਂ ਸਾਰੀਆਂ ਸਰਗਰਮੀਆਂ ਕੰਟੇਨਮੈਂਟ ਜ਼ੋਨ ਦੇ ਬਾਹਰ ਹੀ ਹੋਣਗੀਆਂ। ਕੰਟੋਨਮੈਂਟ ਜ਼ੋਨ ‘ਚ ਰਹਿਣ ਵਾਲੇ ਵਿਦਿਆਰਥੀਆਂ ਨੂੰ ਪ੍ਰੀਖਿਆ ‘ਚ ਸ਼ਾਮਲ ਹੋਣ ਦੀ ਇਜਾਜ਼ਤ ਨਹੀਂ ਹੋਵੇਗੀ। ਕੰਟੇਨਮੈਂਟ ਜ਼ੋਨਾਂ ਵਿੱਚ ਰਹਿੰਦੇ ਵਿਦਿਆਰਥੀਆਂ ਨੂੰ ਦੂਸਰਾ ਬਦਲ ਦਿੱਤਾ ਜਾਵੇਗਾ ਜਾਂ ਫਿਰ ਇਨ੍ਹਾਂ ਦੇ ਪੇਪਰ ਬਾਅਦ ਵਿੱਚ ਲਏ ਜਾ ਸਕਦੇ ਹਨ।
ਕੇਂਦਰ ਸਰਕਾਰ ਇਹ ਫੈਸਲਾ ਜੇਈਈ ਦੀਆਂ ਪ੍ਰੀਖਿਆਵਾਂ ਦੇ ਸਫਲਤਾਪੂਰਵਕ ਸ਼ੁਰੂਆਤ ਹੋਣ ਤੋਂ ਬਾਅਦ ਲੈਣ ਜਾ ਰਹੀ ਹੈ। ਕੰਟੇਨਮੈਂਟ ਜ਼ੋਨ ਵਿੱਚ ਰਹਿਣ ਵਾਲੇ ਅਧਿਆਪਕਾਂ ਅਤੇ ਮੁਲਾਜ਼ਮਾਂ ਨੂੰ ਵੀ ਪ੍ਰੀਖਿਆ ਕੇਂਦਰਾਂ ਤੋਂ ਵੱਖ ਰੱਖਿਆ ਜਾਵੇਗਾ।
ਕੋਰੋਨਾ ਵਾਇਰਸ ਮਹਾਂਮਾਰੀ ਦੌਰਾਨ ਕਈ ਸੂਬਾ ਸਰਕਾਰਾਂ ਨੇ ਯੂਨੀਵਰਸਿਟੀ ਅਤੇ ਕਾਲਜਾਂ ‘ਚ ਫਾਈਨਲ ਯੀਅਰ ਦੇ ਇਮਤਿਹਾਨ ਨਾ ਲੈਣ ਦਾ ਫੈਸਲਾ ਕੀਤਾ ਸੀ। ਪਰ ਹੁਣ ਜੇਈਈ ਦੀਆਂ ਪ੍ਰੀਖਿਆਵਾਂ ਤੋਂ ਬਾਅਦ ਕੇਂਦਰ ਸਰਕਾਰ ਨੇ ਨਵੀਆਂ ਹਦਾਇਤਾਂ ਜਾਰੀ ਕਰ ਦਿੱਤੀਆਂ ਹਨ।