ਕਾਬੁਲ : ਅਫਗਾਨਿਸਤਾਨ ਵਿਚ ਮੰਗਲਵਾਰ ਨੂੰ ਚਾਰ ਵੱਖ-ਵੱਖ ਹਮਲਿਆਂ ਵਿਚ ਘੱਟ ਤੋਂ ਘੱਟ 17 ਲੋਕਾਂ ਦੀ ਮੌਤ ਹੋ ਗਈ ਤੇ ਫੌਜ ਦੇ 6 ਕਮਾਂਡਰ ਅਤੇ 35 ਹੋਰ ਨਾਗਰਿਕ ਜ਼ਖਮੀ ਹੋ ਗਏ। ਜ਼ਖਮੀਆਂ ‘ਚ ਜ਼ਿਆਦਾਤਰ ਬੱਚੇ ਅਤੇ ਮਹਿਲਾਵਾਂ ਸ਼ਾਮਲ ਹਨ। ਮਿਲੀ ਜਾਣਕਾਰੀ ਅਨੁਸਾਰ ਅਫਗਾਨਿਸਤਾਨ ਦੇ ਉੱਤਰੀ ਇਲਾਕੇ ‘ਚ ਤਾਲਿਬਾਨ ਨੇ ਇੱਕ ਹਮਲੇ ‘ਚ ਅਫਗਾਨ ਸੁਰੱਖਿਆ ਬਲਾਂ ਦੇ ਕਮਾਂਡੋ ਟਰੱਕ ਨੂੰ ਨਿਸ਼ਾਨਾ ਬਣਾ ਕੇ ਟਰੱਕ ਵਿਚ ਬੰਬ ਧਮਾਕਾ ਕੀਤਾ। ਹਮਲੇ ਤੋਂ ਬਾਅਦ ਹਮਲਾਵਰ ਨੇ ਖੁਦ ਨੂੰ ਵੀ ਉਡਾ ਦਿੱਤਾ।
ਦੇਸ਼ ਦੇ ਉੱਤਰੀ ਬਲਖ ਸੂਬੇ ‘ਚ ਇੱਕ ਹੋਰ ਘਟਨਾ ‘ਚ 5 ਲੋਕਾਂ ਦੀ ਮੌਤ ਹੋ ਗਈ। ਜਦ ਕਿ ਇੱਕ ਹੋਰ ਘਟਨਾ ‘ਚ ਕਾਬੁਲ ‘ਚ ਸੜਕ ਕਿਨਾਰੇ ਹੋਏ ਬੰੰਬ ਧਮਾਕੇ ‘ਚ ਇਕ ਪੁਲਿਸ ਅਧਿਕਾਰੀ ਦੀ ਮੌਤ ਹੋ ਗਈ ਜਦਕਿ ਅਣਪਛਾਤੇ ਹਮਲਾਵਰਾਂ ਨੇ ਗੋਲੀਆਂ ਨਾਲ ਇਕ ਮਹਿਲਾ ਪੁਲਸ ਕਰਮਚਾਰੀ ਤੇ ਉਸ ਦੇ ਚਾਲਕ ਨੂੰ ਜ਼ਖਮੀ ਕਰ ਦਿੱਤਾ। ਇਸ ਤੋਂ ਇਲਾਵਾ ਮੰਗਲਵਾਰ ਨੂੰ ਪੱਛਮੀ ਘੋਰ ਸੂਬੇ ਵਿਚ ਸੁਰੱਖਿਆ ਬਲਾਂ ਦੀ ਇਕ ਚੌਕੀ ‘ਤੇ ਹੋਏ ਹਮਲੇ ਵਿਚ 8 ਫੌਜੀ ਮਾਰੇ ਗਏ ਤੇ ਪੰਜ ਜ਼ਖਮੀ ਹੋ ਗਏ। ਸੂਬਾਈ ਗਵਰਨਰ ਦੇ ਬੁਲਾਰੇ ਆਰਿਫ ਅਬਰ ਨੇ ਇਹ ਜਾਣਕਾਰੀ ਦਿੱਤੀ।
ਸੰਯੁਕਤ ਰਾਸ਼ਟਰ ਦੀ ਜੁਲਾਈ ਵਿਚ ਜਾਰੀ ਇਕ ਰਿਪੋਰਟ ਦੇ ਮੁਤਾਬਕ 2020 ਦੇ ਪਹਿਲੇ 6 ਮਹੀਨਿਆਂ ਵਿਚ ਅਫਗਾਨਿਸਤਾਨ ਵਿਚ ਹਿੰਸਾ ਵਿਚ 1282 ਲੋਕ ਮਾਰੇ ਜਾ ਚੁੱਕੇ ਹਨ।