ਨਵੀਂ ਦਿੱਲੀ : ਟਿਕ-ਟਾਕ ਨੇ ਇਸ ਸਾਲ ਅਮਰੀਕਾ ‘ਚ ਹੁਣ ਤੱਕ ਆਪਣੇ ਨਫ਼ਰਤ ਭਰੇ ਭਾਸ਼ਣ ਦੀਆਂ ਨੀਤੀਆਂ ਦੀ ਉਲੰਘਣਾ ਕਰਨ ਵਾਲੇ 3.80 ਲੱਖ ਵੀਡੀਓ ਹਟਾ ਦਿੱਤੇ ਹਨ। ਇਹ ਜਾਣਕਾਰੀ ਛੋਟੇ ਵੀਡੀਓ ਫਾਰਮੈਟ ਵਾਲੇ ਸੋਸ਼ਲ ਮੀਡੀਆ ਪਲੇਟਫ਼ਾਰਮ ਟਿਕਟਾਕ ਵੱਲੋਂ ਦਿੱਤੀ ਗਈ ਹੈ। ਇਸ ਤੋਂ ਇਲਾਵਾ ਕੰਪਨੀ ਨੇ 1300 ਤੋਂ ਵੱਧ ਖਾਤਿਆਂ ਜੋ ਨਫਰਤ ਭਰੀਆਂ ਪੋਸਟਾਂ ਕਰਦੇ ਹਨ ‘ਤੇ ਵੀ ਪਾਬੰਦੀ ਲਗਾਈ ਹੈ।
ਟਿਕਟਾਕ ਦੀ ਮਲਕੀਅਤ ਚੀਨ ਦੀ ਕੰਪਨੀ ਬਾਈਟਡੈਂਸ ਕੋਲ ਹੈ। ਪਿਛਲੇ ਹਫਤੇ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਬਾਈਟਡੈਂਸ ਨੂੰ ਆਦੇਸ਼ ਦਿੱਤੇ ਸਨ ਕਿ ਉਹ 90 ਦਿਨਾਂ ਦੇ ਅੰਦਰ-ਅੰਦਰ ਅਮਰੀਕਾ ‘ਚੋਂ ਆਪਣਾ ਕਾਰੋਬਾਰ ਸਮੇਟ ਲੈਣ। ਅਮਰੀਕੀ ਅਧਿਕਾਰੀਆਂ ਨੇ ਚਿੰਤਾ ਜ਼ਾਹਰ ਕੀਤੀ ਸੀ ਕਿ ਟਿਕਟਾਕ ਰਾਹੀਂ ਉਪਭੋਗਤਾਵਾਂ ਦਾ ਸੁਰੱਖਿਅਤ ਡੇਟਾ ਚੀਨੀ ਸਰਕਾਰ ਤੱਕ ਪਹੁੰਚਾਇਆ ਜਾ ਰਿਹਾ ਹੈ।
ਹਾਲਾਂਕਿ ਇਸ ‘ਤੇ ਟਿਕਟਾਕ ਦਾ ਕਹਿਣਾ ਹੈ ਕਿ ਕੰਪਨੀ ਨੇ ਕਦੇ ਵੀ ਚੀਨ ਨੂੰ ਕਿਸੇ ਵੀ ਉਪਭੋਗਤਾ ਦਾ ਡੇਟਾ ਨਹੀਂ ਦਿੱਤਾ ਹੈ ਅਤੇ ਜੇਕਰ ਚੀਨ ਵੱਲੋਂ ਉਸ ਨੂੰ ਅਜਿਹਾ ਕਰਨ ਲਈ ਕਿਹਾ ਜਾਂਦਾ ਹੈ ਤਾਂ ਕੰਪਨੀ ਵੱਲੋਂ ਅਜਿਹਾ ਕਦੀ ਨਹੀਂ ਕੀਤਾ ਜਾਵੇਗਾ।