ਰੋਪੜ ‘ਚ ਹੋ ਰਹੀ ਨਾਜਾਇਜ਼ ਮਾਈਨਿੰਗ ਦੀ ਜਾਂਚ ਕਰੇਗੀ CBI, ਅਕਾਲੀ ਦਲ ਹੋਇਆ ਖੁਸ਼

TeamGlobalPunjab
2 Min Read

ਚੰਡੀਗੜ੍ਹ: ਰੋਪੜ ਵਿੱਚ ਚੱਲ ਰਹੀ ਨਾਜਾਇਜ਼ ਮਾਈਨਿੰਗ ਦੀ ਜਾਂਚ CBI ਤੋਂ ਕਰਵਾਉਣ ਵਾਲੇ ਹਾਈਕੋਰਟ ਦੇ ਫੈਸਲੇ ਦਾ ਅਕਾਲੀ ਦਲ ਨੇ ਸਵਾਗਤ ਕੀਤਾ ਹੈ। ਸੀਨੀਅਰ ਅਕਾਲੀ ਲੀਡਰ ਦਲਜੀਤ ਸਿੰਘ ਚੀਮਾ ਨੇ ਕਿਹਾ ਕਿ ਹਰ ਤਰ੍ਹਾਂ ਦੇ ਮਾਫੀਆ ਦੀ ਜਾਂਚ ਹੋਣੀ ਚਾਹੀਦੀ ਹੈ ਤਾਂ ਜੋ ਪੰਜਾਬ ਦੇ ਖਜ਼ਾਨੇ ਦੀ ਲੁੱਟ ਬੰਦ ਹੋ ਸਕੇ। ਦਲਜੀਤ ਚੀਮਾ ਨੇ ਕਿਹਾ ਕਿ ਅਸੀਂ ਧੰਨਵਾਦੀ ਹਾਂ ਪੰਜਾਬ ਹਰਿਆਣਾ ਹਾਈਕੋਰਟ ਦੇ ਜਿਨ੍ਹਾਂ ਨੇ CBI ਤੋਂ ਜਾਂਚ ਕਰਵਾਉਣ ਦੇ ਹੁਕਮ ਦਿੱਤੇ ਹਨ। ਪਰ ਇਹ ਜਾਂਚ ਪੰਜਾਬ ਦੇ ਹਰ ਜ਼ਿਲ੍ਹੇ ‘ਚ ਹੋਣੀ ਚਾਹੀਦੀ ਹੈ, ਕਿਉਂਕਿ ਰੇਤ ਮਾਫੀਆ ਪੂਰੇ ਪੰਜਾਬ ਵਿੱਚ ਆਪਣੇ ਪੈਰ ਪਸਾਰ ਚੁੱਕਿਆ ਹੈ। ਇਸ ਨੂੰ ਜੜ੍ਹ ਤੋਂ ਖਤਮ ਕਰਨ ਦੇ ਲਈ ਹਰ ਜ਼ਿਲ੍ਹੇ ਵਿੱਚ ਇਸ ਦੀ ਜਾਂਚ ਹੋਣੀ ਚਾਹੀਦੀ ਹੈ। ਇਸ ਦੇ ਨਾਲ ਹੀ ਦਲਜੀਤ ਚੀਮਾ ਨੇ ਕਿਹਾ ਕਿ ਜਿਹੜੇ ਜਿਹੜੇ ਅਫ਼ਸਰ, ਲੀਡਰ ਨਾਜਾਇਜ਼ ਮਾਇਨਿੰਗ ਨਾਲ ਜੁੜੇ ਹਨ ਉਨ੍ਹਾਂ ਦੇ ਖਿਲਾਫ਼ ਸਖ਼ਤ ਕਾਨੂੰਨੀ ਕਾਰਵਾਈ ਹੋਵੇ।

ਮੁਹਾਲੀ ਦੇ ਬਚਿੱਤਰ ਸਿੰਘ ਨੇ ਰੋਪੜ ‘ਚ ਰੇਤ ਅਤੇ ਬਜਰੀ ਲੈ ਕੇ ਜਾਣ ਵਾਲੀਆਂ ਗੱਡੀਆਂ ਤੋਂ ਗ਼ੈਰ ਕਾਨੂੰਨੀ ਵਸੂਲੀ ਕਰਨ ਦੇ ਇਲਜ਼ਾਮ ਲਗਾਉਂਦੇ ਹੋਏ ਹਾਈਕੋਰਟ ਵਿੱਚ ਪਟੀਸ਼ਨ ਦਾਇਰ ਕੀਤੀ ਸੀ। ਪਟੀਸ਼ਨ ਦੇ ਵਿੱਚ ਬਚਿੱਤਰ ਸਿੰਘ ਨੇ ਨਾਜਾਇਜ਼ ਵਸੂਲੀ ਦੇ ਲਈ ਬਣਾਏ ਗਏ ਬੈਰੀਅਰ ਅਤੇ ਚੈੱਕ ਪੁਆਇੰਟਾਂ ਦੀ ਫੋਟੋ ਵੀ ਅਦਾਲਤ ਵਿੱਚ ਪੇਸ਼ ਕੀਤੀ ਸੀ। ਤੱਥਾਂ ਦੇ ਆਧਾਰ ‘ਤੇ ਪੰਜਾਬ ਹਰਿਆਣਾ ਹਾਈਕੋਰਟ ਨੇ ਸੀਬੀਆਈ ਨੂੰ ਇਸ ਮਾਮਲੇ ਦੀ ਜਾਂਚ ਕਰਨ ਦੇ ਆਦੇਸ਼ ਦੇ ਦਿੱਤੇ ਹਨ।

ਸੁਪਰੀਮ ਹਾਈਕੋਰਟ ਵਿੱਚ ਸੀਜੀਐੱਮ ਰੋਪੜ ਨੇ ਵੀ ਮੰਨਿਆ ਕਿ ਗ਼ੈਰ ਕਾਨੂੰਨੀ ਨਾਕੇ ਸਥਾਪਿਤ ਕੀਤੇ ਗਏ ਹਨ ਅਤੇ ਇੱਥੇ ਵਸੂਲੀ ਹੋ ਰਹੀ ਹੈ। ਇਨ੍ਹਾਂ ਨਾਕਿਆਂ ‘ਚ ਇੱਕ ਨਾਕਾ ਤਾਂ ਪੁਲਿਸ ਚੌਕੀ ਦੇ ਬਿਲਕੁਲ ਨਜ਼ਦੀਕ ਬਣਾਇਆ ਗਿਆ ਹੈ।

Share This Article
Leave a Comment