ਮੋਗਾ: ਜ਼ਿਲ੍ਹੇ ਦੇ ਪਿੰਡ ਡੇਮਰੂ ‘ਚ ਵੀਰਵਾਰ ਨੂੰ ਜਵਾਨ ਲਖਵੀਰ ਸਿੰਘ ਦਾ ਸਰਕਾਰੀ ਸਨਮਾਨਾਂ ਨਾਲ ਅੰਤਿਮ ਸਸਕਾਰ ਕਰ ਦਿੱਤਾ ਗਿਆ ਹੈ। ਲਖਵੀਰ 8 ਦਿਨ ਪਹਿਲਾਂ ਭਾਰਤ-ਚੀਨ ਸਰਹੱਦ ‘ਤੇ ਡਿਊਟੀ ਦੌਰਾਨ ਸਾਥੀ ਜਵਾਨ ਨੂੰ ਬਚਾਉਣ ਦੀ ਕੋਸ਼ਿਸ਼ ਵਿੱਚ ਸ਼ਹੀਦ ਹੋ ਗਿਆ ਸੀ।
ਮੋਗਾ ਜਿਲ੍ਹੇ ਦੇ ਬਾਘਾਪੁਰਾਣਾ ਤਹਿਸੀਲ ਵਿੱਚ ਪੈਂਦੇ ਪਿੰਡ ਡੇਮਰੂ ਖੁਰਦ ਦਾ ਲਖਵੀਰ ਸਿੰਘ ਪੁੱਤਰ ਸਵਰਣ ਸਿੰਘ 6 ਸਾਲ ਪਹਿਲਾਂ ਫੌਜ ਵਿੱਚ ਭਰਤੀ ਹੋਇਆ ਸੀ। ਪਰਿਵਾਰ ਵਿੱਚ ਮਾਤਾ – ਪਿਤਾ, ਇੱਕ ਭਰਾ ਅਤੇ ਇੱਕ ਵਿਆਹੀ ਭੈਣ ਹੈ, ਉੱਥੇ ਹੀ ਇੱਕ ਸਾਲ ਪਹਿਲਾਂ ਹੀ ਲਖਵੀਰ ਸਿੰਘ ਦਾ ਵਿਆਹ ਹੋਇਆ ਸੀ ।
ਜੀਓਜੀ ਜਸਵਿੰਦਰ ਸਿੰਘ ਬਰਾੜ ਨੇ ਦੱਸਿਆ ਕਿ 22 ਜੁਲਾਈ ਨੂੰ ਲਖਵੀਰ ਸਿੰਘ ਦੇ ਚੀਨ ਸਰਹੱਦ ‘ਤੇ ਸ਼ਹੀਦ ਹੋਣ ਦੀ ਸੂਚਨਾ ਮਿਲੀ ਸੀ। ਉਹ ਗਸ਼ਤ ਕਰਨ ਦੌਰਾਨ ਆਪਣੇ ਸਾਥੀ ਦੇ ਨਾਲ ਲਕੜੀ ਦਾ ਪੁੱਲ ਪਾਰ ਕਰ ਰਿਹਾ ਸੀ। ਅਚਾਨਕ ਉਸ ਦੇ ਸਾਥੀ ਦਾ ਪੈਰ ਤਿਲਕਣ ਕਾਰਨ ਉਹ ਨਦੀ ਵਿੱਚ ਜਾ ਡਿੱਗਿਆ ਤਾਂ ਉਸਨੂੰ ਬਚਾਉਣ ਲਈ ਲਖਵੀਰ ਸਿੰਘ ਨੇ ਵੀ ਛਾਲ ਮਾਰ ਦਿੱਤੀ। ਨਦੀ ਦੇ ਤੇਜ ਵਹਾਅ ਕਾਰਨ ਲਖਵੀਰ ਸਿੰਘ ਪਾਣੀ ‘ਚ ਰੁੜ ਗਿਆ। ਪੰਜ ਦਿਨ ਬਾਅਦ 27 ਜੁਲਾਈ ਨੂੰ ਉਸ ਦਾ ਮ੍ਰਿਤਕ ਸਰੀਰ ਬਰਾਮਦ ਕੀਤਾ ਗਿਆ, ਉੱਥੇ ਹੀ ਬਰਨਾਲਾ ਜਿਲ੍ਹੇ ਨਾਲ ਸਬੰਧ ਰੱਖਣ ਵਾਲੇ ਦੂੱਜੇ ਸਾਥੀ ਦੀ ਭਾਲ ਹਾਲੇ ਜਾਰੀ ਹੈ।