-ਪ੍ਰੋ.ਪਰਮਜੀਤ ਸਿੰਘ ਨਿੱਕੇ ਘੁੰਮਣ
ਅਮਜ਼ਦ ਖ਼ਾਨ ਬਾਲੀਵੁੱਡ ਦਾ ਉਹ ਖ਼ਲਨਾਇਕ ਸੀ ਜਿਸਨੇ ਭਾਰਤੀ ਸਿਨੇਮਾ ਦੇ ਇਤਿਹਾਸ ਦੀ ਸ਼ਾਹਕਾਰ ਫ਼ਿਲਮ ‘ਸ਼ੋਅਲੇ’ ਤੋਂ ਇਲਾਵਾ ‘ਰਾਮਗੜ੍ਹ ਕੇ ਸ਼ੋਅਲੇ’ ਨਾਮਕ ਇੱਕ ਹੋਰ ਫ਼ਿਲਮ ਵਿੱਚ ‘ਗੱਬਰ ਸਿੰਘ’ ਨਾਮਕ ਡਾਕੂ ਦਾ ਕਿਰਦਾਰ ਅਦਾ ਕੀਤਾ ਸੀ। ਅਮਜ਼ਦ ਖ਼ਾਨ ਨੇ ਆਪਣੀ ਜ਼ਬਰਦਸਤ ਅਦਾਕਾਰੀ ਸਦਕਾ ਗੱਬਰ ਸਿੰਘ ਦੇ ਕਿਰਦਾਰ ਵਿੱਚ ਜਾਨ ਪਾ ਕੇ ਫ਼ਿਲਮੀ ਪਰਦੇ ‘ਤੇ ਐਨੀ ਦਹਿਸ਼ਤ ਪੈਦਾ ਕੀਤੀ ਸੀ ਕਿ ਉਸਦੇ ਦੇਹਾਂਤ ਤੋਂ ਕਈ ਸਾਲ ਬਾਅਦ ‘ਗੱਬਰ ਇਜ਼ ਬੈਕ’ ਨਾਮਕ ਫ਼ਿਲਮ ਬਣਾ ਕੇ ਨਵੀਂ ਪੀੜ੍ਹੀ ਦੇ ਅਦਾਕਾਰਾਂ ਅਤੇ ਨਿਰਦੇਸ਼ਕਾਂ ਨੇ ਉਸਦੇ ਨਿਭਾਏ ਗਏ ਕਿਰਦਾਰ ਨੂੰ ਸ਼ਰਧਾਂਜਲੀ ਭੇਂਟ ਕੀਤੀ ਸੀ।
ਅਮਜ਼ਦ ਖ਼ਾਨ ਇੱਕ ਅਜਿਹਾ ਬੇਹਤਰੀਨ ਅਤੇ ਮਹਾਨ ਅਦਾਕਾਰ ਸੀ ਜੋ 27 ਜੁਲਾਈ,1992 ਨੂੰ ਕੇਵਲ 52 ਵਰ੍ਹਿਆਂ ਦੀ ਉਮਰ ਵਿੱਚ ਵੀ ਸਦੀਆਂ ਤੱਕ ਕਾਇਮ ਰਹਿਣ ਵਾਲਾ ਨਾਂ ਪੈਦਾ ਕਰਕੇ ਇਸ ਜਹਾਨ ਤੋਂ ਸਦਾ ਲਈ ਰੁਖ਼ਸਤ ਹੋ ਗਿਆ ਸੀ।
ਬਾਲੀਵੁੱਡ ਦੇ ਉੱਘੇ ਅਦਾਕਾਰ ਜਯੰਤ ਦੇ ਘਰ ਅਮਜ਼ਦ ਖ਼ਾਨ ਦਾ ਜਨਮ 12 ਨਵੰਬਰ, ਸੰਨ 1940 ਨੂੰ ਪਾਕਿਸਤਾਨ ਦੇ ਸ਼ਹਿਰ ਪੇਸ਼ਾਵਰ ਵਿਖੇ ਹੋਇਆ ਸੀ। ਉਸਨੇ ਕੇਵਲ 11 ਸਾਲ ਦੀ ਉਮਰ ਵਿੱਚ ਬਤੌਰ ਬਾਲ ਅਦਾਕਾਰ ਫ਼ਿਲਮ ‘ ਨਾਜ਼ਨੀਨ ‘ ਰਾਹੀਂ ਬਾਲੀਵੁੱਡ ਵਿੱਚ ਪ੍ਰਵੇਸ਼ ਕੀਤਾ ਸੀ ਤੇ ਫਿਰ ‘ਅਬ ਦਿੱਲੀ ਦੂਰ ਨਹੀਂ’ ਸਣੇ ਕੁਝ ਹੋਰ ਫ਼ਿਲਮਾਂ ਕੀਤੀਆਂ ਸਨ। ਸੰਨ 1961 ਵਿੱਚ ਆਈ ਫ਼ਿਲਮ ‘ਮਾਇਆ’ ਵਿੱਚ ਉਸਨੇ ਮਹੱਤਵਪੂਰਨ ਭੂਮਿਕਾ ਅਦਾ ਕੀਤੀ ਸੀ ਪਰ ਲੋਕਾਂ ਦਾ ਧਿਆਨ ਖਿੱਚਣ ਵਿੱਚ ਕਾਮਯਾਬ ਨਹੀਂ ਹੋ ਸਕਿਆ। ਸੰਨ 1973 ਵਿੱਚ ਫ਼ਿਲਮ ‘ਹਿੰਦੁਸਤਾਨ ਕੀ ਕਸਮ’ ਰਾਹੀਂ ਉਸਨੇ ਦੂਜੇ ਅਦਾਕਾਰਾਂ ਤੇ ਨਿਰਦੇਸ਼ਕਾਂ ਦਾ ਧਿਆਨ ਆਪਣੇ ਵੱਲ ਖਿੱਚਿਆ ਸੀ ਪਰ ਜਦੋਂ ਲੇਖਕ ਸਲੀਮ ਖ਼ਾਨ ਨੇ ਉਸਨੂੰ ਜੀ.ਪੀ. ਸਿੱਪੀ ਦੀ ਫ਼ਿਲਮ ‘ਸ਼ੋਅਲੇ’ ਦਿਵਾਈ ਤਾਂ ਉਸਦੇ ਦਿਨ ਇੱਕਦਮ ਫਿਰ ਗਏ। ਉਸਨੇ ਪਹਿਲੀ ਵਾਰ ਇਸ ਫ਼ਿਲਮ ਵਿੱਚ ਇੱਕ ਡਾਕੂ ਦਾ ਕਿਰਦਾਰ ਅਦਾ ਕੀਤਾ ਸੀ ਤੇ ਇਸ ਕਿਰਦਾਰ ਦੀ ਅਦਾਇਗੀ ਲਈ ਉਸਨੇ ਬਹੁਤ ਮਿਹਨਤ ਕੀਤੀ ਸੀ। ਸਲੀਮ ਖ਼ਾਨ ਦੱਸਦੇ ਹਨ –”ਗੱਬਰ ਨਾਮਕ ਡਾਕੂ ਦਾ ਕਿਰਦਾਰ ਅਦਾ ਕਰਨ ਲਈ ਮੈਂ ਉਸਨੂੰ ਅਦਾਕਾਰਾ ਜਯਾ ਭਾਦੁੜੀ (ਹੁਣ ਜਯਾ ਬੱਚਨ) ਦੇ ਪਿਤਾ ਸ੍ਰੀ ਤਰੁਣ ਕੁਮਾਰ ਭਾਦੁੜੀ ਦੁਆਰਾ ਲਿਖੀ ਕਿਤਾਬ ‘ਅਭਿਸ਼ਪਤ ਚੰਬਲ’ ਲਿਆ ਕੇ ਦਿੱਤੀ ਸੀ ਜਿਸਨੇ ਡਾਕੂਆਂ ਦੀ ਜੀਵਨ ਸ਼ੈਲੀ ਤੇ ਭਾਸ਼ਾ ਸਮਝਣ ‘ਚ ਉਸਦੀ ਬਹੁਤ ਮਦਦ ਕੀਤੀ ਸੀ।”
ਡਾਕੂ ਗੱਬਰ ਸਿੰਘ ਦਾ ਕਿਰਦਾਰ ਸਫ਼ਲਤਾਪੂਰਵਕ ਅਦਾ ਕਰਨ ਤੋਂ ਬਾਅਦ ਅਮਜ਼ਦ ਖ਼ਾਨ ਨੂੰ ਖ਼ਲਨਾਇਕ ਦੀਆਂ ਭੂਮਿਕਾਵਾਂ ਮਿਲਣੀਆਂ ਸ਼ੁਰੂ ਹੋ ਗਈਆਂ ਜੋ ਉਸਨੇ ਪੂਰੀ ਸ਼ਿੱਦਤ ਨਾਲ ਨਿਭਾਈਆਂ ਤੇ ਬਾਲੀਵੁੱਡ ਦਾ ਸਰਬੋਤਮ ਖ਼ਲਨਾਇਕ ਹੋ ਨਿੱਬੜਿਆ। ਬਤੌਰ ਖ਼ਲਨਾਇਕ ਉਸਨੇ ‘ਮੁਕੱਦਰ ਕਾ ਸਿਕੰਦਰ, ਸੁਹਾਗ, ਪਰਵਰਿਸ਼, ਚਰਸ, ਆਖ਼ਰੀ ਗੋਲੀ, ਹਮ ਕਿਸੀ ਸੇ ਕਮ ਨਹੀਂ, ਗੰਗਾ ਕੀ ਸੌਗੰਧ, ਕੁਰਬਾਨੀ, ਨਸੀਬ, ਹਮ ਸੇ ਬੜਕਰ ਕੌਨ, ਧਰਮਕਾਂਟਾ, ਇਨਸਾਨੀਅਤ ਕੇ ਦੁਸ਼ਮਨ, ਸਮਰਾਟ ਅਤੇ ਤੀਸਰੀ ਆਂਖ’ ਸਣੇ ਸੌ ਦੇ ਕਰੀਬ ਫ਼ਿਲਮਾਂ ਬਾਲੀਵੁੱਡ ਦੀ ਝੋਲ੍ਹੀ ਪਾਈਆਂ ਸਨ। ਇਨ੍ਹਾ ਤੋਂ ਇਲਾਵਾ ਅਮਜਦ ਖ਼ਾਨ ਨੇ ਉੱਘੇ ਨਿਰਦੇਸ਼ਕ ਸੱਤਿਆਜੀਤ ਰੇਅ ਦੀ ਫ਼ਿਲਮ ‘ਸ਼ਤਰੰਜ ਕੇ ਖਿਲਾੜੀ’ ਅਤੇ ਗੁਲਜ਼ਾਰ ਦੀ ਫ਼ਿਲਮ ‘ਮੀਰਾ’ ਤੋਂ ਇਲਾਵਾ’ ਯਾਰਾਨਾ, ਲਾਵਾਰਿਸ, ਉਤਸਵ, ਚਮੇਲੀ ਕੀ ਸ਼ਾਦੀ, ਮੁਹੱਬਤ, ਰੁਦਾਲੀ, ਹਿੰਮਤਵਾਲਾ, ਲੇਕਿਨ, ਲਵ’ ਆਦਿ ਜਿਹੀਆਂ ਤਿੰਨ ਦਰਜਨ ਹੋਰ ਫ਼ਿਲਮਾਂ ਬਤੌਰ ਚਰਿੱਤਰ ਅਦਾਕਾਰ ਵੀ ਕੀਤੀਆਂ ਸਨ। ਉਸਨੇ ਅੰਗਰੇਜ਼ੀ ਫ਼ਿਲਮ ‘ਦਿ ਪਰਫੈਕਟ ਮਰਡਰਰ’ ਤੋਂ ਇਲਾਵਾ ਕੰਨੜ ਤੇਲਗੂ ਫ਼ਿਲਮਾਂ ਵਿੱਚ ਵੀ ਮਹੱਤਵਪੂਰਨ ਕਿਰਦਾਰ ਅਦਾ ਕੀਤੇ ਸਨ। ‘ਦਾਦਾ, ਮਾਂ ਕਸਮ ਅਤੇ ਯਾਰਾਨਾ’ ਆਦਿ ਫ਼ਿਲਮਾਂ ਲਈ ‘ਸਰਬੋਤਮ ਸਹਿਯੋਗੀ ਅਦਾਕਾਰ’ ਦਾ ‘ਫ਼ਿਲਮ ਫ਼ੇਅਰ ਪੁਰਸਕਾਰ ‘ ਹਾਸਿਲ ਕਰਨ ਵਾਲੇ ਇਸ ਮਹਾਨ ਅਦਾਕਾਰ ਨੇ ਸੰਨ 1983 ਵਿੱਚ ‘ ਚੋਰ ਪੁਲੀਸ ‘ ਅਤੇ ਸੰਨ 1985 ਵਿੱਚ ‘ ਅਮੀਰ ਆਦਮੀ ਗ਼ਰੀਬ ਆਦਮੀ ‘ ਨਾਮਕ ਫ਼ਿਲਮਾਂ ਵੀ ਨਿਰਦੇਸ਼ਿਤ ਕੀਤੀਆਂ ਸਨ ਜੋ ਕਿ ਪੂਰੀ ਤਰ੍ਹਾਂ ਸਫ਼ਲ ਰਹੀਆਂ ਸਨ।
27 ਜੁਲਾਈ,1992 ਨੂੰ ਆਪਣੇ ਪਿੱਛੇ ਆਪਣੀ ਪਤਨੀ ਸ਼ੈਲਾ ਖ਼ਾਨ,ਦੋ ਪੁੱਤਰਾਂ ਸ਼ਾਦਾਬ ਖ਼ਾਨ ਤੇ ਸੀਮਾਬ ਖ਼ਾਨ ਅਤੇ ਧੀ ਅਹਿਲਮ ਖ਼ਾਨ ਸਣੇ ਆਪਣੇ ਕਰੋੜਾਂ ਪ੍ਰਸ਼ੰਸ਼ਕਾਂ ਨੂੰ ਛੱਡ ਕੇ ਅਮਜਦ ਖ਼ਾਨ ਸਦੀਵੀ ਵਿਛੋੜਾ ਦੇ ਗਿਆ ਸੀ।
ਸੰਪਰਕ: 97816-46008