ਕੋਰੋਨਾ ਮਹਾਮਾਰੀ ਦੌਰਾਨ ਪਹਿਲੀ ਵਾਰ ਮਾਸਕ ਪਹਿਨੇ ਨਜ਼ਰ ਆਏ ਰਾਸ਼ਟਰਪਤੀ ਟਰੰਪ, ਕਿਹਾ- ਮਾਸਕ ਪਹਿਨਣਾ ਚੰਗਾ ਹੈ

TeamGlobalPunjab
2 Min Read

ਵਾਸ਼ਿੰਗਟਨ : ਅਮਰੀਕਾ ਕੋਰੋਨਾ ਮਹਾਮਾਰੀ ਨਾਲ ਹੁਣ ਤੱਕ ਸਭ ਤੋਂ ਵੱਧ ਪ੍ਰਭਾਵਿਤ ਹੋਇਆ ਹੈ। ਇਸ ਦੌਰਾਨ ਅਮਰੀਕੀ ਰਾਸ਼ਟਰਪਤੀ ਟਰੰਪ ਸ਼ਨੀਵਾਰ ਨੂੰ ਜਨਤਕ ਤੌਰ ‘ਤੇ ਪਹਿਲੀ ਵਾਰ ਮਾਸਕ ਪਹਿਨੇ ਹੋਏ ਨਜ਼ਰ ਆਏ। ਇਸ ਤੋਂ ਪਹਿਲਾਂ ਡੋਨਾਲਡ ਟਰੰਪ ਜਨਤਕ ਥਾਵਾਂ ‘ਤੇ ਮਾਸਕ ਪਹਿਨਣ ਤੋਂ ਇਨਕਾਰ ਕਰਦੇ ਰਹੇ ਹਨ। ਅਜਿਹਾ ਪਹਿਲੀ ਵਾਰ ਹੈ ਜਦੋਂ ਰਾਸ਼ਟਰਪਤੀ ਟਰੰਪ ਜਨਤਕ ਤੌਰ ‘ਤੇ ਮਾਸਕ ਪਹਿਨੇ ਨਜ਼ਰ ਆਏ ਹਨ।

ਬੀਤੇ ਸ਼ਨੀਵਾਰ ਰਾਸ਼ਟਰਪਤੀ ਟਰੰਪ ਜ਼ਖਮੀ ਸਿਪਾਹੀਆਂ ਦਾ ਹਾਲਚਾਲ ਪੁੱਛਣ ਲਈ ‘ਵਾਲਟਰ ਰੀਡ ਨੈਸ਼ਨਲ ਮਿਲਟਰੀ ਮੈਡੀਕਲ  ਸੈਂਟਰ’ ਪਹੁੰਚੇ, ਜਿੱਥੇ ਉਹ ਇੱਕ ਗੂੜ੍ਹੇ ਰੰਗ ਦਾ ਮਾਸਕ ਪਹਿਨੇ ਹੋਏ ਨਜ਼ਰ ਆਏ। ਵਾਲਟਰ ਰੀਡ ਪਹੁੰਚਣ ਤੋਂ ਪਹਿਲਾਂ ਡੋਨਾਲਡ ਟਰੰਪ ਨੇ ਵ੍ਹਾਈਟ ਹਾਊਸ ‘ਚ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਜਦੋਂ ਤੁਹਾਨੂੰ ਪਤਾ ਹੁੰਦਾ ਹੈ ਕਿ ਤੁਸੀਂ ਹਸਪਤਾਲ ਜਾ ਰਹੇ ਹੋ ਅਤੇ ਉਥੇ ਜਾ ਕੇ ਬਹੁਤ ਸਾਰੇ ਸੈਨਿਕਾਂ ਨਾਲ ਮੁਲਾਕਾਤ ਕਰੋਗੇ ਤਾਂ ਅਜਿਹੇ ‘ਚ ਸਾਵਧਾਨੀ ਵਰਤਣਾ ਜਾਇਜ਼ ਹੋ ਜਾਂਦਾ ਹੈ। ਉਨ੍ਹਾਂ ਨੇ ਕਿਹਾ ਕਿ ਮੇਰੇ ਅਨੁਸਾਰ ਮਾਸਕ ਪਹਿਨਣਾ ਚੰਗੀ ਗੱਲ ਹੈ।

ਦੱਸ ਦਈਏ ਕਿ ਸਿਹਤ ਮਾਹਿਰਾਂ ਵੱਲੋਂ ਅਮਰੀਕਾ ‘ਚ ਕੋਰੋਨਾ ਨਾਲ 1,34,000 ਲੋਕਾਂ ਦੀ ਮੌਤ ਤੋਂ ਬਾਅਦ ਰਾਸ਼ਟਰਪਤੀ ਟਰੰਪ ਨੂੰ ਮਾਸਕ ਪਹਿਨਣ ਦੀ ਸਲਾਹ ਦਿੱਤੀ ਗਈ ਸੀ। ਡੋਨਾਲਡ ਟਰੰਪ ਨੇ ਇਹ ਫੈਸਲਾ ਉਦੋਂ ਲਿਆ ਜਦੋਂ ਵ੍ਹਾਈਟ ਹਾਊਸ ਦੇ ਕੁਝ ਸਹਿਯੋਗੀ ਅਤੇ ਰਾਜਨੀਤਿਕ ਸਲਾਹਕਾਰਾਂ ਨੇ ਮਾਸਕ ਨੂੰ ਲੈ ਕੇ ਇਕ ਮੁਹਿੰਮ ਚਲਾਈ ਸੀ। ਰਾਸ਼ਟਰਪਤੀ ਦੇ ਇਕ ਸਲਾਹਕਾਰ ਨੇ ਵਿਸਥਾਰ ਨਾਲ ਦੱਸਿਆ ਕਿ ਰਾਸ਼ਟਰਪਤੀ ਟਰੰਪ ਨੂੰ ਇਹ ਸਮਝਾਉਣ ‘ਚ ਇਕ ਹਫਤੇ ਦਾ ਸਮਾਂ ਲੱਗਿਆ ਸੀ ਕਿ ਉਹ ਮਾਸਕ ਪਾ ਕੇ ਆਪਣੇ ਸਮਰਥਕਾਂ ਲਈ ਇਕ ਮਿਸਾਲ ਬਣ ਕੇ ਉਭਰਨ।

ਜੌਨਸ ਹਾਪਕਿਨਜ਼ ਯੂਨੀਵਰਸਿਟੀ ਦੁਆਰਾ ਦਿੱਤੇ ਗਏ ਅੰਕੜਿਆਂ ਅਨੁਸਾਰ ਅਮਰੀਕਾ ‘ਚ ਹੁਣ ਤੱਕ ਕੋੋਰੋਨਾ ਦੇ 32 ਲੱਖ ਤੋਂ ਵੱਧ ਮਾਮਲੇ ਸਾਹਮਣੇ ਆ ਚੁੱਕੇ ਹਨ ਜਦ ਕਿ  1,34,000 ਲੋਕਾਂ ਦੀ ਵਾਇਰਸ ਨਾਲ ਮੌਤ ਹੋ ਚੁੱਕੀ ਹੈ। ਸ਼ੁੱਕਰਵਾਰ ਨੂੰ ਦੇਸ਼ ‘ਚ ਕੋਰੋਨਾ ਦੇ ਰਿਕਾਰਡ 69,000 ਮਾਮਲੇ ਸਾਹਮਣੇ ਆਏ ਹਨ।

- Advertisement -

Share this Article
Leave a comment